ਪੰਜਾਬ ਦੇ ਮੇਲਿਆ ਦੇ ਪ੍ਰਸੰਗ 'ਚ ਵਿਸਾਖੀ ਦਾ ਖਾਸ ਰੁੱਤਬਾ ਹੈ।ਇਸਦਾ ਕਣਕ ਅਤੇ ਕਿਸਾਨ ਨਾਲ ਗੂੜ੍ਹਾ ਸੰਬੰਧ ਹੈ।ਪੰਜਾਬੀ ਸੱਭਿਆਚਾਰ 'ਚ ਵਿਸਾਖੀ ਕਣਕ ਅਤੇ ਕਿਸਾਨ ਤੋਂ ਬਿਨ੍ਹਾ ਫਿੱਕੀ ਜਿਹੀ ਲੱਗਦੀ ਹੈ।ਹਰੀ ਤੋਂ ਸੁਨਹਿਰੀ ਹੋਈ ਕਣਕ ਦੀ ਫਸਲ ਵਿਸਾਖੀ ਦੀ ਦਸਤਕ ਤੇ ਦਹਿਲੀਜ਼ ਦੀ ਪ੍ਰਤੀਕ ਹੈ।ਇਹ ਦਿਹਾੜਾ ਧਾਰਮਿਕ ਤੌਰ ਤੇ ਅਤੀਤ ਅਤੇ ਭਵਿੱਖ ਦਾ ਮੇਲ ਕਰਵਾਉਂਦਾ ਰਹੇਗਾ ਕਿਉਂਕਿ ਇਸ ਦਿਨ ਖਾਲਸਾ ਪੰਥ ਦੀ ਸਾਜਨਾ ਵਿਸਾਖੀ ਨੂੰ ਧਾਰਮਿਕ ਮਹੱਤਤਾ ਪ੍ਰਦਾਨ ਕਰਦੀ ਹੈ।
ਲਾਲਾ ਧਨੀ ਰਾਮ ਚਾਤ੍ਰਿਕ ਦੀ ਉਨੀਵੀਂ ਸਦੀ 'ਚ ਹਰੀ ਕ੍ਰਾਤੀ ਨਹੀਂ ਆਈ ਸੀ।ਇਸ ਸਮੇਂ ਦੌਰਾਨ ਕਣਕ ਦੀ ਫਸਲ ਬਿਨਾਂ ਖਾਦ ਪਾਣੀ ਤੋਂ ਹੁੰਦੀ ਸੀ।ਜਿਸ ਨੂੰ ਮਾਰੂ ਕਣਕ ਵੀ ਕਹਿੰਦੇ ਸਨ।ਖੇਤੀ ਦਾ ਸਾਧਨ ਬਲਦ ਹੁੰਦੇ ਸਨ। ੬ ਮਹੀਨੇ ਕਣਕ ਦੀ ਫਸਲ ਨੂੰ ਲੰਮੇਂ ਪੈ-ਪੈ ਤੱਕਣਾ ਕਿਸਾਨ ਦੀ ਆਦਤ ਹੁੰਦੀ ਸੀ।ਜ਼ਿੰਮੀਦਾਰ ਦਾ ਦਾਰੋਮਦਾਰ ਕਣਕ ਤੇ ਟਿਕਿਆ ਸੀ।ਪਿੰਡਾਂ ਦੇ ਵਿਰਸੇ ਦੀ ਸੌਗਾਤ ਵਿਸਾਖੀ ਪੱਕੀ ਕਣਕ ਦੀ ਫਸਲ ਕਰਕੇ ਖੁਸ਼ਹਾਲੀ ਦੀ ਪ੍ਰਤੀਕ ਸੀ।ਇਸੇ 'ਚੋਂ ਮੇਲੇ ਦਾ ਸ਼ੌਕ ਉਪਜਦਾ ਸੀ।ਤਾਹੀਂਓ ਲਾਲਾ ਧਨੀ ਰਾਮ ਚਾਤਰਿਕ ਨੇ ਹਾਲਾਤਾਂ ਅਨੁਸਾਰ ਇਸ ਸਮੇਂ ਦਾ ਚਿਤਰਨ ਇਉਂ ਪੇਸ਼ ਕੀਤਾ ਸੀ-
“ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ,
ਪੱਗ ਝੱਗਾ ਚਾਦਰ ਨਵਾਂ ਸਿਵਾਇਕੇ,
ਸੰਮਾਂ ਵਾਲੀ ਡਾਂਗ 'ਤੇ ਤੇਲ ਲਾਇਕੇ,
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰ ਦਾ ਦਮਾਮੇ ਜੱਟ ਮੇਲੇ ਆ ਗਿਆ,
ਰੁੱਤਾਂ ਅਤੇ ਮੌਸਮ ਦੀ ਲਿਹਾਜ਼ ਨਾਲ ਵਿਸਾਖੀ ਦਾ ਮੇਲਾ ਪਿੱਛਲੇ ਸਮੇਂ ਵਾਂਗ ਚੱਲਦਾ ਹੈ ਪਰ ਦੇਖਣ ਦਾ ਅਨੰਦ ਮਨੁੱਖੀ ਦੌੜ ਭੱਜ ਕਰਕੇ ਫਿੱਕਾ ਜਿਹਾ ਲੱਗਦਾ ਹੈ।ਦਾਦੇ ਦੇ ਮੋਢੇ ਤੇ ਪੋਤਾ, ਝੱਗਾ-ਚਾਦਰਾ ਅਤੇ ਸੰਮਾਂ ਵਾਲੀ ਡਾਂਗ ਅੱਜ ਮੇਲੇ ਦਾ ਦ੍ਰਿਸ਼ ਨਹੀਂ ਬਣਦੀ।ਕਬੱਡੀ ਅਤੇ ਸ਼ਰਤਾਂ ਲਾ ਕੇ ਜਲੇਬੀਆਂ ਖਾਣ ਦਾ ਰਿਵਾਜ਼ ਵੀ ਮੱਧਮ ਪੈ ਗਿਆ ਹੈ।
ਪੱਕੀ ਅਤੇ ਸੁਨਹਿਰੀ ਹੋਈ ਕਣਕ ਕਿਸਾਨ ਦੀਆਂ ਗਰਜ਼ਾਂ ਸਾਰਨ ਦਾ ਸੁਨੇਹਾ ਦਿੰਦੀ ਰਹੇਗੀ।ਹੁਣ ਪੱਕੀ ਫਸਲ ਨੂੰ ਕਿਸਾਨ ਹੱਥੀ ਦਾਤੀ ਪਾਉਣ ਦੀ ਬਜਾਏ ਮਸ਼ੀਨਾਂ ਨਾਲ ਕਟਵਾਉਂਦਾ ਹੈ।ਦਾਤੀਆਂ ਨੂੰ ਘੁੰਗਰੂ ਲਾਉਣ ਦਾ ਰਿਵਾਜ਼ ਵੀ ਅਤੀਤ ਦੀ ਬੁੱਕਲ 'ਚ ਅਲੋਪ ਹੋ ਗਿਆ ਹੈ।ਵਿਸਾਖੀ ਮੇਲੇ ਨੂੰ ਦੇਖਣ ਜਾਣ ਦੇ ਚਾਅ 'ਚ ਬੱਚੇ ਬੁੱਢੇ ਕਣਕ ਦਾ ਨਿਬੇੜਾ ਕਰਦੇ ਸਨ।ਪੰਜਾਬੀਆਂ ਦੀ ਮਾਣਮੱਤੀ ਵਿਰਾਸਤ 'ਚ ਕਣਕ ਕਿਸਾਨ ਅਤੇ ਵਿਸਾਖੀ ਦਾ ਰਿਸ਼ਤਾ ਇੱਕ ਵਿਰਾਸਤ ਵੱਜੋਂ ਕਾਇਮ ਰਹੇਗਾ।ਵਿਸਾਖੀ ਪੰਜਾਬੀਆਂ ਦੀ ਰੂਹ, ਲੋਕ ਸਾਹਿਤ ਅਤੇ ਹਕੀਕਤ 'ਚ ਗੂੰਜਦੀ ਰਹੇਗੀ।
ਸੁਖਪਾਲ ਸਿੰਘ ਗਿੱਲ
ਪਿੰਡ ਅਬਿਆਣਾ ਕਲਾਂ
ਮੋਬਾਇਲ ਨੰ. 98781-11445
ਕੱਪੜੇ ਧੋਣ ਦੀ ਮਸ਼ੀਨ
NEXT STORY