ਨਵੀਂ ਦਿੱਲੀ — ਆਮ ਆਦਮੀ ਪਾਰਟੀ ਵਿਚ ਰਾਜ ਸਭਾ ਦੀਆਂ ਤਿੰਨ ਸੀਟਾਂ ਨੂੰ ਲੈ ਕੇ ਰੌਲਾ ਵਧਦਾ ਹੀ ਜਾ ਰਿਹਾ ਹੈ। ਹੁਣ ਪਾਰਟੀ ਵੱਲੋਂ ਰਘੁਰਾਮ ਰਾਜਨ ਦੇ ਇਲਾਵਾ 6 ਹੋਰ ਪਾਰਟੀ ਆਗੂਆਂ ਨੇ ਵੀ ਰਾਜ ਸਭਾ ਦੀ ਕੁਰਸੀ ਠੁਕਰਾ ਦਿੱਤੀ ਹੈ। 'ਆਪ' ਦੇ ਸੂਤਰਾਂ ਦਾ ਦਾਅਵਾ ਹੈ ਕਿ ਰਿਟਾਇਰਡ ਜੱਜ ਟੀ. ਐੱਸ. ਠਾਕੁਰ, ਯਸ਼ਵੰਤ ਸਿਨ੍ਹਾ, ਅਰੁਣ ਸ਼ੋਰੀ, ਕੈਲਾਸ਼ ਸਤਿਆਰਥੀ, ਬ੍ਰਿਜ ਮੋਹਨ ਮੁਝਾਲ ਅਤੇ ਐੱਨ. ਐੱਲ. ਨਾਰਾਇਣ ਮੂਰਤੀ ਨਾਲ ਵੀ ਰਾਜ ਸਭਾ ਲਈ ਸੰਪਰਕ ਕੀਤਾ ਗਿਆ ਪਰ ਸਾਰਿਆਂ ਨੇ ਆਪਣੀਆਂ ਨਿੱਜੀ ਸਮੱਸਿਆਵਾਂ ਦੱਸਦੇ ਹੋਏ ਪ੍ਰਸਤਾਵ ਨੂੰ ਅਸਵੀਕਾਰ ਕਰ ਦਿੱਤਾ। 'ਆਪ' ਦੀ ਸੀਨੀਅਰ ਲੀਡਰਸ਼ਿਪ ਦੀ ਕੋਸ਼ਿਸ਼ ਰਹੀ ਹੈ ਕਿ ਦੇਸ਼ ਦੀਆਂ ਮੰਨੀਆਂ-ਪ੍ਰਮੰਨੀਆਂ ਅਤੇ ਆਪਣੇ ਖੇਤਰ ਵਿਚ ਸਿਖਰ 'ਤੇ ਪਹੁੰਚੀਆਂ ਸ਼ਖਸੀਅਤਾਂ ਨੂੰ ਰਾਜ ਸਭਾ ਵਿਚ ਭੇਜਿਆ ਜਾਵੇ। ਤਿੰਨ ਸੀਟਾਂ ਵਿਚੋਂ ਘੱਟ ਤੋਂ ਘੱਟ ਇਕ ਸੀਟ 'ਤੇ ਗੈਰ-ਆਪ ਮੈਂਬਰ ਨੂੰ ਮੌਕਾ ਦੇਣ 'ਤੇ ਵੀ ਵਿਚਾਰ ਹੋ ਚੁੱਕਾ ਹੈ। 'ਆਪ' ਨੇਤਾਵਾਂ ਦਾ ਕਹਿਣਾ ਹੈ ਕਿ ਅਜੇ ਰਾਜ ਸਭਾ ਸੀਟ ਨੂੰ ਲੈ ਕੇ ਪੋਲੀਟੀਕਲ ਅਫੇਅਰਜ਼ ਕਮੇਟੀ (ਪੀ. ਏ. ਸੀ.) ਦੀ ਬੈਠਕ ਨਹੀਂ ਹੋਈ ਹੈ। ਇਸ ਵਿਚ ਵਿਸਥਾਰ ਸਹਿਤ ਚਰਚਾ ਹੋਵੇਗੀ। ਪਾਰਟੀ ਦੇ ਅੰਦਰ ਜੋ ਲੋਕ ਹਨ, ਉਨ੍ਹਾਂ ਨੂੰ ਮੌਕਾ ਮਿਲ ਸਕਦਾ ਹੈ। ਇਹ ਵੀ ਹੋ ਸਕਦਾ ਹੈ ਕਿ ਪਾਰਟੀ ਦਾ ਵਿਸਤਾਰ ਕਰਦੇ ਹੋਏ ਨਵੀਂ ਵਿਚਾਰਧਾਰਾ ਰੱਖਣ ਵਾਲਿਆਂ ਨੂੰ ਰਾਜ ਸਭਾ ਦਾ ਉਮੀਦਵਾਰ ਬਣਾਇਆ ਜਾਵੇ। 'ਆਪ' ਨੇ ਪਹਿਲੀ ਵਾਰ ਰਾਜ ਸਭਾ ਦੇ ਉਮੀਦਵਾਰਾਂ ਦਾ ਫੈਸਲਾ ਕਰਨਾ ਹੈ, ਲਿਹਾਜ਼ਾ ਪਾਰਟੀ ਨਵਾਂ ਪ੍ਰਯੋਗ ਵੀ ਕਰ ਸਕਦੀ ਹੈ। ਸੂਝਬੂਝ ਨਾਲ ਆਮ ਰਾਏ ਬਣਾ ਕੇ ਫੈਸਲਾ ਹੋਵੇਗਾ।
ਡਾ. ਕੁਮਾਰ ਵਿਸ਼ਵਾਸ ਦੇ ਨਾਂ 'ਤੇ ਕੋਈ ਵੀ 'ਆਪ' ਨੇਤਾ ਖੁੱਲ੍ਹ ਕੇ ਨਹੀਂ ਬੋਲ ਰਿਹਾ। ਉਹ ਇਸ ਅਹੁਦੇ ਲਈ ਖੁਦ ਨੂੰ ਦਾਅਵੇਦਾਰ ਦੱਸ ਚੁੱਕੇ ਹਨ। ਸੰਜੇ ਸਿੰਘ ਅਤੇ ਆਸ਼ੂਤੋਸ਼ ਦੇ ਨਾਂ ਵੀ ਸੀਨੀਅਰ ਸਦਨ ਦੀ ਦੌੜ ਵਿਚ ਚੱਲ ਰਹੇ ਹਨ। ਸੋਸ਼ਲ ਮੀਡੀਆ ਤੋਂ ਲੈ ਕੇ ਸੜਕ 'ਤੇ ਵੀ ਕੁਮਾਰ ਸਮਰਥਕ ਆਪਣੇ ਨੇਤਾ ਨੂੰ ਰਾਜ ਸਭਾ ਵਿਚ ਭੇਜਣ ਦੀ ਮੰਗ ਕਰਨ ਲੱਗੇ ਹਨ। ਸੂਤਰਾਂ ਮੁਤਾਬਿਕ 3-4 ਜਨਵਰੀ ਨੂੰ ਪੀ. ਏ. ਸੀ. ਦੀ ਬੈਠਕ ਹੋਵੇਗੀ। ਚੋਣ ਕਮਿਸ਼ਨ ਅਧਿਸੂਚਨਾ ਜਾਰੀ ਕਰ ਚੁੱਕਾ ਹੈ। ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਤਰੀਕ 5 ਜਨਵਰੀ ਹੈ। 16 ਜਨਵਰੀ ਨੂੰ ਵੋਟਾਂ ਪੈਣਗੀਆਂ। ਸ਼ਾਮ ਨੂੰ ਹੀ ਨਤੀਜੇ ਵੀ ਸਾਹਮਣੇ ਆ ਜਾਣਗੇ।
ਭਾਜਪਾ ਦੇ ਮੰਤਰੀ ਨਾ ਪਹਿਨਣ ਪੈਂਟ-ਕੋਟ, ਨਾ ਪੀਣ ਸ਼ਰਾਬ
NEXT STORY