ਮੱਧ ਪ੍ਰਦੇਸ਼— ਇੱਥੋਂ ਦੇ ਦੇਵਾਸ ਸਥਿਤ ਬੈਂਕ ਨੋਟ ਪ੍ਰੈੱਸ ਦੇ ਇਕ ਅਧਿਕਾਰੀ ਦੇ ਦਫ਼ਤਰ ਅਤੇ ਘਰ ਤੋਂ 90 ਲੱਖ ਰੁਪਏ ਤੋਂ ਵਧ ਦੀ ਨਕਦੀ ਬਰਾਮਦ ਹੋਈ ਹੈ, ਜੋ 200 ਰੁਪਏ ਅਤੇ 500 ਰੁਪਏ ਦੇ ਨੋਟਾਂ ਦੇ ਰੂਪ 'ਚ ਇਕੱਠੀ ਕੀਤੀ ਗਈ ਸੀ। ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀ.ਆਈ.ਐੱਸ.ਐੱਫ.) ਨੇ ਦੱਸਿਆ ਕਿ ਦੇਵਾਸ ਦੇ ਬੈਂਕ ਨੋਟ ਪ੍ਰੈੱਸ ਦੇ ਨੋਟ ਵੈਰੀਫਿਕੇਸ਼ਨ ਸੈਕਸ਼ਨ 'ਚ ਤਾਇਨਾਤ ਉਪ ਕੰਟਰੋਲ ਅਧਿਕਾਰੀ ਮਨੋਹਰ ਵਰਮਾ ਨੂੰ ਡਿਊਟੀ 'ਤੇ ਤਾਇਨਾਤ ਫੋਰਸ ਦੇ ਕਰਮਚਾਰੀਆਂ ਨੇ ਕਾਰੀਡੋਰ 'ਚ ਇਕ ਲੱਕੜੀ ਦੇ ਬਕਸੇ 'ਚ ਕੁਝ ਲੁਕਾਉਂਦੇ ਦੇਖਿਆ। ਉਨ੍ਹਾਂ 'ਤੇ ਨਜ਼ਰ ਰੱਖੀ ਗਈ ਅਤੇ ਸੀ.ਆਈ.ਐੱਸ.ਐੱਫ. ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ।
ਸੀ.ਆਈ.ਐੱਸ.ਐੱਫ. ਅਧਿਕਾਰੀਆਂ ਨੇ ਮੌਕੇ 'ਤੇ ਪੁੱਜ ਕੇ ਸ਼੍ਰੀ ਵਰਮਾ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਬੂਟਾਂ 'ਚੋਂ 200 ਰੁਪਏ ਦੇ 2 ਬੰਡਲ ਬਰਾਮਦ ਹੋਏ। ਇਸ ਤੋਂ ਬਾਅਦ ਉਨ੍ਹਾਂ ਦੇ ਦਫ਼ਤਰ ਦੀ ਪੂਰੀ ਤਲਾਸ਼ੀ ਲਈ ਗਈ। ਉਨ੍ਹਾਂ ਦੇ ਡਰਾਅ 'ਚੋਂ 200 ਰੁਪਏ ਅਤੇ 500 ਰੁਪਏ ਦੇ ਨੋਟਾਂ 'ਚ ਕੁੱਲ 26 ਲੱਖ 9 ਹਜ਼ਾਰ ਅਤੇ 300 ਰੁਪਏ ਦੀ ਨਕਦੀ ਬਰਾਮਦ ਹੋਈ। ਬੈਂਕ ਨੋਟ ਪ੍ਰੈੱਸ ਦੇ ਉੱਚ ਸੁਰੱਖਿਆ ਖੇਤਰ ਤੋਂ ਬਾਹਰ ਜਾਂਦੇ ਸਮੇਂ ਜਾਂਚ ਦੌਰਾਨ ਅਧਿਕਾਰੀਆਂ ਦੇ ਕੱਪੜੇ ਅਤੇ ਬੂਟ ਨਹੀਂ ਉਤਰਵਾਏ ਜਾਂਦੇ। ਦੋਸ਼ੀ ਨੇ ਇਸੇ ਦਾ ਲਾਭ ਚੁੱਕਦੇ ਹੋਏ ਬੂਟ 'ਚ ਨੋਟਾਂ ਦੇ ਬੰਡਲ ਰੱਖ ਕੇ ਬਾਹਰ ਲਿਜਾਉਣੇ ਸ਼ੁਰੂ ਕੀਤੇ ਸਨ। ਸੀ.ਆਈ.ਐੱਸ.ਐੱਫ. ਨੇ ਸ਼੍ਰੀ ਵਰਮਾ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰ ਕੇ ਜਦੋਂ ਪੁਲਸ ਨੇ ਜਾਂਚ ਸ਼ੁਰੂ ਕੀਤੀ ਅਤੇ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਤਾਂ ਉੱਥੋਂ ਵੀ 64 ਲੱਖ 50 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ।
ਰਾਜਪਥ 'ਚ ਗਰਜਣਗੇ 38 ਜਹਾਜ਼, ਲਹਿਰਾਏਗਾ ਆਸਿਆਨ ਦਾ ਵੀ ਝੰਡਾ
NEXT STORY