ਨਵੀਂ ਦਿੱਲੀ— ਕੇਂਦਰੀ ਮੰਤਰੀ ਮੰਡਲ ਨੇ ਮਨੁੱਖੀ ਵਰਤੋਂ ਲਈ ਮੈਡੀਕਲ ਵਸਤਾਂ ਦੇ ਰੈਗੂਲੇਸ਼ਨ ਦੇ ਖੇਤਰ 'ਚ ਸਹਿਯੋਗ ਲਈ ਬ੍ਰਿਕਸ ਦੇਸ਼ਾਂ ਦੀਆਂ ਮੈਡੀਕਲ ਰੈਗੂਲੇਟਰੀ ਏਜੰਸੀਆਂ ਦਰਮਿਆਨ ਇਕ ਐੱਮ. ਓ. ਯੂ. ਨੂੰ ਬੁੱਧਵਾਰ ਆਪਣੀ ਪ੍ਰਵਾਨਗੀ ਪ੍ਰਦਾਨ ਕਰ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਦੀ ਹੋਈ ਬੈਠਕ ਦੌਰਾਨ ਇਸ ਸਬੰਧੀ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਐੱਮ. ਓ. ਯੂ. ਰਾਹੀਂ ਸਬੰਧਤ ਧਿਰਾਂ ਦਰਮਿਆਨ ਰੈਗੂਲੇਟਰੀ ਪੱਖਾਂ ਸਬੰਧੀ ਵਧੀਆ ਸਮਝ ਨੂੰ ਵਿਕਸਿਤ ਕਰਨ 'ਚ ਸੌਖ ਹੋਵੇਗੀ। ਇਸ ਦੇ ਨਾਲ ਹੀ ਭਾਰਤ ਨੂੰ ਬ੍ਰਿਕਸ ਦੇਸ਼ਾਂ ਕੋਲੋਂ ਮੈਡੀਕਲ ਉਤਪਾਦਨ ਬਰਾਮਦ ਕਰਨ 'ਚ ਵੀ ਮਦਦ ਮਿਲ ਸਕੇਗੀ।
ਮੰਤਰੀ ਮੰਡਲ ਨੇ ਦਵਾਈਆਂ ਬਣਾਉਣ ਦੇ ਖੇਤਰ 'ਚ ਕੰਮ ਆਉਣ ਵਾਲੇ ਔਸ਼ਧੀ ਬੂਟਿਆਂ ਬਾਰੇ ਸਹਿਯੋਗ ਲਈ ਸਾਓ ਤੋਮੇ ਅਤੇ ਪ੍ਰਿੰਸਿੱਪੀ ਨਾਲ ਐੱਮ. ਓ. ਯੂ. ਨੂੰ ਆਪਣੀ ਪ੍ਰਵਾਨਗੀ ਪ੍ਰਦਾਨ ਕੀਤੀ ਹੈ। ਭਾਰਤ ਜੈਵ ਵਣ-ਸੁਵੰਨਤਾ ਪੱਖੋਂ ਦੁਨੀਆ ਦੇ ਸਭ ਤੋਂ ਖੁਸ਼ਹਾਲ ਦੇਸ਼ਾਂ ਵਿਚੋਂ ਇਕ ਹੈ। ਸਾਓ ਤੋਮੇ ਅਤੇ ਪ੍ਰਿੰਸਿੱਪੀ ਵਿਖੇ ਇਲਾਜ ਅਤੇ ਔਸ਼ਧੀ ਬੂਟਿਆਂ ਦੇ ਖੇਤਰ ਦੇ ਪ੍ਰਚਾਰ ਤੇ ਪਸਾਰ ਦੀ ਲੋੜ ਨੂੰ ਧਿਆਨ 'ਚ ਰੱਖਦਿਆਂ ਇਹ ਐੱਮ. ਓ. ਯੂ. ਕੀਤਾ ਗਿਆ ਹੈ।
ਮੰਤਰੀ ਮੰਡਲ ਨੇ ਸੰਵਿਧਾਨ ਦੀ 5ਵੀਂ ਧਾਰਾ ਅਧੀਨ ਰਾਜਸਥਾਨ ਸਬੰਧੀ ਅਨੁਸੂਚਿਤ ਖੇਤਰਾਂ ਦੇ ਐਲਾਨ ਨੂੰ ਆਪਣੀ ਪ੍ਰਵਾਨਗੀ ਪ੍ਰਦਾਨ ਕਰ ਦਿੱਤੀ। ਬਾਂਸਵਾੜਾ, ਡੁੰਗਰਪੁਰ, ਪ੍ਰਤਾਪਗੜ੍ਹ, ਉਦੇਪੁਰ ਦੇ ਕੁਝ ਹਿੱਸੇ, ਰਾਜਸਮੰਦ, ਚਿਤੌੜਗੜ੍ਹ, ਪਾਲੀ ਅਤੇ ਸਿਰੋਹੀ ਜ਼ਿਲਿਆਂ 'ਚ ਰਹਿਣ ਵਾਲੇ ਅਨੁਸੂਚਿਤ ਜਨ-ਜਾਤੀ ਦੇ ਲੋਕ ਭਾਰਤੀ ਸੰਵਿਧਾਨ ਦੀ 5ਵੀਂ ਧਾਰਾ ਅਧੀਨ ਮਿਲਣ ਯੋਗ ਸੁਰੱਖਿਆਤਮ ਉਪਾਵਾਂ ਦਾ ਲਾਭ ਹਾਸਲ ਕਰ ਸਕਣਗੇ।
ਜੰਮੂ 'ਚ ਅਮਰਨਾਥ ਦੇ ਯਾਤਰੀਆਂ ਲਈ ਮੌਕੇ 'ਤੇ ਹੀ ਹੋਵੇਗੀ ਰਜਿਸਟ੍ਰੇਸ਼ਨ
NEXT STORY