ਦੇਹਰਾਦੂਨ (ਭਾਰਦਵਾਜ)— ਗੁਰਦੁਆਰਾ ਸ੍ਰ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤੋਂ ਪਰਤ ਰਹੇ ਅੰਮ੍ਰਿਤਸਰ ਜ਼ਿਲੇ ਦੇ ਲਾਪਤਾ ਯਾਤਰੀਆਂ 'ਚੋਂ ਇਕ ਡਰਾਈਵਰ ਮਹਿੰਗਾ ਸਿੰਘ ਦਾ ਆਧਾਰ ਕਾਰਡ ਰਿਸ਼ੀਕੇਸ਼ ਦੇ ਸ਼ਿਵਪੁਰੀ 'ਚ ਪੁਲਸ ਨੂੰ ਤਲਾਸ਼ੀ ਮੁਹਿੰਮ ਦੌਰਾਨ ਮਿਲ ਗਿਆ ਹੈ।
ਇਸ ਤੋਂ ਸ਼ਰਧਾਲੂਆਂ ਨਾਲ ਕਿਸੇ ਅਣਹੋਣੀ ਦੇ ਵਾਪਰਨ ਦਾ ਖਦਸ਼ਾ ਵਧਦਾ ਜਾ ਰਿਹਾ ਹੈ। ਸ਼ਨੀਵਾਰ ਨੂੰ ਵੀ ਰੈਸਕਿਊ ਆਪ੍ਰੇਸ਼ਨ ਵਿਚ ਲੱਗੀਆਂ ਫੌਜ, ਆਈ. ਟੀ. ਬੀ. ਪੀ. , ਪੁਲਸ ਅਤੇ ਐੱਸ. ਡੀ. ਆਰ. ਐੱਫ. ਦੀਆਂ ਟੀਮਾਂ ਨੇ ਗੋਬਿੰਦਘਾਟ ਤੋਂ ਲੈ ਕੇ ਅਲਕਨੰਦਾ ਅਤੇ ਸਹਿਯੋਗੀ ਨਦੀਆਂ 'ਚ ਤਲਾਸ਼ੀ ਮੁਹਿੰਮ ਚਲਾਈ। ਬਰਸਾਤ ਦੇ ਮੌਸਮ ਅਤੇ ਪਾਣੀ ਦੇ ਤੇਜ਼ ਵਹਾਅ ਕਾਰਨ ਅਲਕਨੰਦਾ ਨਦੀ 'ਚ ਟੀਮਾਂ ਦਾ ਉਤਰਨਾ ਬੜਾ ਔਖਾ ਹੋ ਰਿਹਾ ਹੈ।
ਐੱਸ. ਐੱਸ. ਪੀ. ਚਮੋਲੀ ਤ੍ਰਿਪਤੀ ਭੱਟ ਨੇ ਕਿਹਾ ਕਿ ਯਾਤਰੀਆਂ ਦੀ ਭਾਲ ਲਈ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਤਲਾਸ਼ੀ ਮੁਹਿੰਮ ਦੌਰਾਨ ਗੁਰਦੁਆਰਾ ਗੋਬਿੰਦਘਾਟ ਲਾਗੇ ਟੈਯਾ ਪੁਲ ਦੇ ਨੇੜੇ ਇਕ ਵਾਹਨ ਦੇ ਟਾਇਰ ਦੇ ਨਿਸ਼ਾਨ ਮਿਲੇ ਸਨ।
ਅੱਗੇ ਭਾਲ ਕਰਨ 'ਤੇ ਨਦੀ ਦੇ ਨੇੜੇ 2 ਪੱਗਾਂ, ਇਨੋਵਾ ਗੱਡੀ ਪੀ. ਬੀ. 06 ਏ. ਬੀ 5472 ਦਾ ਨੰਬਰ ਦਾ ਲੋਗੋ ਅਤੇ ਕੱਚ ਦੇ ਟੁਕੜੇ ਮਿਲੇ ਸਨ। ਇਸ ਦੇ ਇਲਾਵਾ ਕਾਰ ਦਾ ਕੁੱਝ ਸਾਮਾਨ ਵੀ ਮਿਲਿਆ ਹੈ, ਇਸ ਤੋਂ ਇਹ ਖਦਸ਼ਾ ਪੈਦਾ ਹੈ ਗਿਆ ਕਿ ਕਾਰ ਕਿਤੇ ਨਦੀ 'ਚ ਸਮਾਅ ਗਈ ਹੋਵੇ ਅਤੇ ਪੁਲਸ ਨੇ ਗੰਗਾ 'ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।
ਵਰਣਨਯੋਗ ਹੈ ਕਿ 4 ਜੁਲਾਈ ਨੂੰ ਅੰਮ੍ਰਿਤਸਰ ਦੇ ਮਹਿਤਾ ਚੌਕ ਨਿਵਾਸੀ ਕੁਲਵੀਰ ਸਿੰਘ, ਕੇਵਲ ਸਿੰਘ, ਪਾਲਾ ਸਿੰਘ, ਗੋਰਾ ਸਿੰਘ, ਜਸਵੀਰ ਸਿੰਘ, ਇਕਬਾਲ ਸਿੰਘ, ਪਰਮਜੀਤ ਸਿੰਘ ਅਤੇ ਕਾਰ ਦਾ ਡਰਾਈਵਰ ਮਹਿੰਗਾ ਸਿੰਘ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਕੇ 6 ਜੁਲਾਈ ਨੂੰ ਗੁਰਦੁਆਰਾ ਗੋਬਿੰਦਘਾਟ ਪਰਤ ਆਏ ਸਨ। ਇਸਦੇ ਮਗਰੋਂ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗਾ।
11 ਜੁਲਾਈ ਨੂੰ ਇਨ੍ਹਾਂ ਸ਼ਰਧਾਲੂਆਂ ਦੇ ਪਿੰਡ ਦੇ ਨਿਵਾਸੀ ਲਵਪ੍ਰੀਤ ਸਿੰਘ ਨੇ ਉਨ੍ਹਾਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਗੋਬਿੰਦਘਾਟ ਥਾਣੇ 'ਚ ਦਰਜ ਕਰਵਾਈ ਸੀ। ਲਾਪਤਾ ਵਿਅਕਤੀਆਂ 'ਚ ਇਕਬਾਲ ਸਿੰਘ ਅਤੇ ਪਾਲਾ ਸਿੰਘ ਐੱਨ.ਆਰ.ਆਈ. ਦੱਸੇ ਜਾ ਰਹੇ ਹਨ।
ਐੱਸ. ਐੱਸ. ਪੀ. ਅਨੁਸਾਰ ਯਾਤਰੀਆਂ ਦੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਲੱਗੇ ਵੱਖ-ਵੱਖ ਸੀ. ਸੀ. ਟੀ. ਕੈਮਰਿਆਂ ਦੀ ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਤਾਂ ਕਿ ਪਤਾ ਲੱਗ ਸਕੇ ਕਿ ਇਹ ਯਾਤਰੀ ਕਿੱਥੋਂ ਤਕ ਪਹੁੰਚੇ ਸਨ।
ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ : ਰਾਵਤ
ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਇਸ ਮਾਮਲੇ 'ਚ ਸਖਤ ਨਿਰਦੇਸ਼ ਦੇ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਸ ਅਸੀਂ ਲਾਪਤਾ ਸ਼ਰਧਾਲੂਆਂ ਨੂੰ ਲੱਭਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਇਹ 8 ਸ਼ਰਧਾਲੂ ਠੀਕ-ਠਾਕ ਹੋਣ।
ਆਈ.ਓ.ਸੀ.ਐੱਲ. ਦੇ 5 ਤੇਲ ਟੈਂਕਰਾਂ ਨੂੰ ਲੱਗੀ ਅੱਗ
NEXT STORY