ਸ਼੍ਰੀਨਗਰ — ਜੰਮੂ-ਕਸ਼ਮੀਰ ਦੇ ਤੰਗਧਾਰ ਸੈਕਟਰ 'ਚ ਸੁਰੱਖਿਆ ਫੋਰਸਾਂ ਨੇ ਸ਼ਨੀਵਾਰ ਸਵੇਰੇ ਘੁਸਪੈਠ ਦੀ ਇਕ ਕੋਸ਼ਿਸ਼ ਨੂੰ ਨਾਕਾਮ ਕਰਦਿਆਂ 5 ਅੱਤਵਾਦੀ ਢੇਰ ਕਰ ਦਿੱਤੇ।
ਕੇਂਦਰ ਸਰਕਾਰ ਨੇ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਸੁਰੱਖਿਆ ਫੋਰਸਾਂ ਨੂੰ ਜੰਮੂ-ਕਸ਼ਮੀਰ 'ਚ ਸਰਚ ਆਪ੍ਰੇਸ਼ਨ ਨਾ ਚਲਾਉਣ ਲਈ ਕਿਹਾ ਹੋਇਆ ਹੈ ਪਰ ਅੱਤਵਾਦੀਆਂ ਵਲੋਂ ਘੁਸਪੈਠ ਦੀ ਕੋਸ਼ਿਸ਼ ਲਗਾਤਾਰ ਹੋ ਰਹੀ ਹੈ।
ਮਿਲੀਆਂ ਖਬਰਾਂ ਮੁਤਾਬਕ ਕੁੱਪਵਾੜਾ ਦੇ ਤੰਗਧਾਰ ਸੈਕਟਰ 'ਚ ਤੜਕੇ ਕੰਟਰੋਲ ਰੇਖਾ ਨੇੜੇ ਤਾਇਨਾਤ ਸੁਰੱਖਿਆ ਫੋਰਸਾਂ ਦੇ ਜਵਾਨਾਂ ਨੇ ਕੁਝ ਅੱਤਵਾਦੀਆਂ ਨੂੰ ਮਕਬੂਜ਼ਾ ਕਸ਼ਮੀਰ ਵਲੋਂ ਭਾਰਤੀ ਇਲਾਕੇ ਅੰਦਰ ਦਾਖਲ ਹੁੰਦਿਆਂ ਵੇਖਿਆ। ਲਲਕਾਰਨ 'ਤੇ ਉਨ੍ਹਾਂ ਫਾਇਰਿੰਗ ਸ਼ੁਰੂ ਕਰ ਦਿੱਤੀ। ਸੁਰੱਖਿਆ ਫੋਰਸਾਂ ਵਲੋਂ ਕੀਤੀ ਗਈ ਕਾਰਵਾਈ ਦੌਰਾਨ 5 ਅੱਤਵਾਦੀ ਮਾਰੇ ਗਏ। ਰੱਖਿਆ ਮੰਤਰਾਲਾ ਦੇ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਦੱਸਿਆ ਕਿ ਸ਼ਨੀਵਾਰ ਰਾਤ ਤਕ ਖੇਤਰ 'ਚ ਸੁਰੱਖਿਆ ਫੋਰਸਾਂ ਦੀ ਮੁਹਿੰਮ ਜਾਰੀ ਸੀ।
ਕੁੱਪਵਾੜਾ 'ਚ ਅੱਤਵਾਦੀਆਂ ਵਲੋਂ ਘੁਸਪੈਠ ਦੀ ਦੂਜੀ ਕੋਸ਼ਿਸ਼ ਨੂੰ ਨਾਕਾਮ ਕੀਤਾ ਗਿਆ ਹੈ। ਵੀਰਵਾਰ ਸਵੇਰੇ ਵੀ ਕੁੱਪਵਾੜਾ ਜ਼ਿਲੇ ਦੇ ਕੇਰਨ ਸੈਕਟਰ 'ਚ ਸੁਰੱਖਿਆ ਫੋਰਸਾਂ ਦੇ ਜਵਾਨਾਂ ਨੇ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਸੀ।
ਪਾਕਿ ਬੰਦ ਕਰੇ ਘੁਸਪੈਠ : ਜਨਰਲ ਰਾਵਤ-ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਅੱਤਵਾਦੀਆਂ ਵਿਰੁੱਧ ਮੁਹਿੰਮ ਰੋਕੇ ਜਾਣ ਪਿੱਛੋਂ ਜ਼ਮੀਨੀ ਫੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਪਾਕਿਸਤਾਨ ਨੂੰ ਸ਼ਨੀਵਾਰ ਕਿਹਾ ਕਿ ਜੇ ਉਹ ਸ਼ਾਂਤੀ ਚਾਹੁੰਦਾ ਹੈ ਤਾਂ ਅੱਤਵਾਦੀਆਂ ਦੀ ਘੁਸਪੈਠ ਬੰਦ ਕਰੇ। ਉਨ੍ਹਾਂ ਕਿਹਾ ਕਿ ਪਾਕਿ ਦੀਆਂ ਨਾਪਾਕ ਹਰਕਤਾਂ ਦਾ ਸਾਨੂੰ ਜਵਾਬ ਦੇਣਾ ਪੈਂਦਾ ਹੈ ਅਤੇ ਅਸੀਂ ਜਵਾਬ ਦੇਵਾਂਗੇ।
14 ਮਈ ਨੂੰ ਨਜ਼ਰ ਆਏ ਸਨ 5 ਸ਼ੱਕੀ
ਕਠੂਆ ਨਾਲ ਲੱਗਦੀ ਸਰਹੱਦ 'ਤੇ 14 ਮਈ ਨੂੰ 5 ਸ਼ੱਕੀ ਵਿਅਕਤੀ ਵੇਖੇ ਗਏ ਸਨ। ਪੁਲਸ ਨੇ ਇਨ੍ਹਾਂ ਨੂੰ ਪਾਕਿਸਤਾਨੀ ਘੁਸਪੈਠੀਏ ਦੱਸਿਆ ਸੀ। ਇਸ ਪਿੱਛੋਂ ਜੰਮੂ, ਕਠੂਆ ਅਤੇ ਸਾਂਬਾ 'ਚ ਹਾਈ ਅਲਰਟ ਜਾਰੀ ਕੀਤਾ ਗਿਆ ਅਤੇ ਨਵੇਂ ਚੈੱਕ ਪੁਆਇੰਟ ਬਣਾਏ ਗਏ। ਹਾਈਵੇ 'ਤੇ ਨਿਗਰਾਨੀ ਵੀ ਵਧਾਈ ਗਈ।
ਵੀਰਵਾਰ ਨੂੰ ਵੀ ਅੱਤਵਾਦੀਆਂ ਨੇ ਜੰਮੂ ਦੇ ਇਕ ਬੱਸ ਸਟਾਪ ਅਤੇ ਸ਼੍ਰੀਨਗਰ ਦੇ ਇਕ ਇਲਾਕੇ 'ਚ ਫੌਜ ਦੇ ਕੈਂਪ 'ਤੇ ਹੱਥ ਗੋਲਾ ਸੁੱਟਿਆ ਸੀ। ਜੰਮੂ 'ਚ ਹੋਏ ਹਮਲੇ ਦੌਰਾਨ 2 ਪੁਲਸ ਮੁਲਾਜ਼ਮ ਜ਼ਖਮੀ ਹੋ ਗਏ ਸਨ।
ਇਟਲੀ ਪੁਲਸ ਨੇ ਵੱਖ-ਵੱਖ ਮਾਮਲਿਆਂ 'ਚ 3 ਭਾਰਤੀਆਂ ਨੂੰ ਕੀਤਾ ਗ੍ਰਿਫਤਾਰ
NEXT STORY