ਨਵੀਂ ਦਿੱਲੀ— ਦੇਸ਼ ਦੇ ਮਸ਼ਹੂਰ ਵਕੀਲ ਰਾਮ ਜੇਠਮਲਾਨੀ ਦੇ ਨਿਸ਼ਾਨੇ 'ਤੇ ਹੁਣ ਉਨ੍ਹਾਂ ਦੇ ਹੀ ਸਾਬਕਾ ਮੁਵਕਿਲ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆ ਗਏ ਹਨ। ਵਿੱਤ ਮੰਤਰੀ ਅਰੁਣ ਜੇਤਲੀ ਦੇ ਮਾਣਹਾਨੀ ਮਾਮਲੇ 'ਚ ਪੈਰਵੀ ਕਰ ਰਹੇ ਜੇਠਮਲਾਨੀ ਨੇ ਕੇਸ ਛੱਡਣ ਤੋਂ ਬਾਅਦ ਕੇਜਰੀਵਾਲ 'ਤੇ ਇਕ ਵੱਡਾ ਬਿਆਨ ਦਿੱਤਾ ਹੈ। ਜੇਠਮਲਾਨੀ ਦਾ ਦਾਅਵਾ ਹੈ ਕਿ ਜੇਤਲੀ ਦੇ ਖਿਲਾਫ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਦੀ ਨਸੀਹਤ ਖੁਦ ਕੇਜਰੀਵਾਲ ਨੇ ਹੀ ਉਨ੍ਹਾਂ ਨੂੰ ਦਿੱਤੀ ਸੀ। ਜੇਠਮਲਾਨੀ ਨੇ ਦੋਸ਼ ਲਾਇਆ ਕਿ ਕੇਜਰੀਵਾਲ ਨੇ ਕਈ ਵਾਰ ਵਿੱਤ ਮੰਤਰੀ ਦੇ ਖਿਲਾਫ ਗਲਤ ਸ਼ਬਦ ਬੋਲੇ ਹਨ।
ਜੇਠਮਲਾਨੀ ਨੇ 20 ਜੁਲਾਈ ਨੂੰ ਖੱਤ ਲਿਖ ਕੇ ਸੂਚਨਾ ਦਿੱਤੀ ਸੀ ਕਿ ਉਹ ਹੁਣ ਮਾਣਹਾਨੀ ਮਾਮਲੇ 'ਚ ਕੇਜਰੀਵਾਲ ਦੀ ਪੈਰਵੀ ਨਹੀਂ ਕਰਨਗੇ। ਦਰਅਸਲ ਜੇਠਮਲਾਨੀ ਨੂੰ ਇਸ ਗੱਲ ਦਾ ਗੁੱਸਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਕੋਰਟ 'ਚ ਕਿਹਾ ਕਿ ਜੇਤਲੀ ਦੇ ਖਿਲਾਫ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਉਨ੍ਹਾਂ ਦੇ ਵਕੀਲ (ਰਾਮ ਜੇਠਮਲਾਨੀ) ਨੇ ਆਪਣੇ ਵੱਲੋਂ ਕੀਤੀ। ਕੇਜਰੀਵਾਲ ਨੂੰ ਲਿਖੇ ਖੱਤ 'ਚ ਜੇਠਮਲਾਨੀ ਨੇ ਕਿਹਾ,''ਹੁਣ ਅਰੁਣ ਜੇਤਲੀ ਨੇ ਪਹਿਲਾਂ ਮੁਕੱਦਮਾ ਦਾਇਰ ਕੀਤਾ ਸੀ, ਤੁਸੀਂ ਮੇਰੇ ਕੋਲ ਪੈਰਵੀ ਕਰਵਾਉਣ ਲਈ ਆਏ। ਤੁਸੀਂ ਖੁਦ ਤੋਂ ਪੁੱਛੋ ਕਿ ਤੁਸੀਂ ਕਿੰਨੀ ਵਾਰ ਜੇਤਲੀ ਲਈ ਗਲਤ ਸ਼ਬਦਾਂ ਦੀ ਵਰਤੋਂ ਕੀਤੀ।''
ਕੇਜਰੀਵਾਲ ਨੇ ਡੀ.ਡੀ.ਸੀ.ਏ. (ਦਿੱਲੀ ਅਤੇ ਜ਼ਿਲਾ ਕ੍ਰਿਕੇਟ ਸੰਘ) ਘੁਟਾਲੇ 'ਚ ਜੇਤਲੀ 'ਤੇ ਦੋਸ਼ ਲਾਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦੇ ਖਿਲਾਫ 10 ਕਰੋੜ ਦੀ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਗਿਆ। ਜ਼ਿਕਰਯੋਗ ਹੈ ਕਿ 17 ਮਈ 2017 ਨੂੰ ਦਿੱਲੀ ਹਾਈ ਕੋਰਟ 'ਚ ਜੇਠਮਲਾਨੀ ਨੇ ਅਰੁਣ ਜੇਤਲੀ ਨੂੰ ਇਕ ਅਪਮਾਨਜਨਕ ਸ਼ਬਦ ਕਿਹਾ, ਜਿਸ 'ਤੇ ਜੇਤਲੀ ਨੇ ਇਕ ਹੋਰ ਮਾਣਹਾਨੀ ਦੇ ਕੇਸ ਦੀ ਚਿਤਾਵਨੀ ਦਿੱਤੀ। ਜੇਠਮਲਾਨੀ ਨੇ ਕਿਹਾ ਕਿ ਇਹ ਸ਼ਬਦ ਉਨ੍ਹਾਂ ਨੇ ਕੇਜਰੀਵਾਲ ਤੋਂ ਪੁੱਛ ਕੇ ਕਿਹਾ ਹੈ, ਇਸ 'ਤੇ ਜੇਤਲੀ ਨੇ ਕੇਜਰੀਵਾਲ ਦੇ ਖਿਲਾਫ ਦੂਜਾ ਮਾਣਹਾਨੀ ਦਾ ਮੁਕੱਦਮਾ ਕਰ ਲਿਆ।
ਘਰ ਬੈਠੇ ਲਵੋ ਬੇਟੀ ਦੇ ਵਿਆਹ ਲਈ ਪੈਸੇ, ਜਾਣੋ ਹੋਰ ਕਿੰਨਾ ਲਈ ਲਾਭਦਾਇਕ ਹਨ ਇਹ ਸਕੀਮਾਂ
NEXT STORY