ਨਵੀਂ ਦਿੱਲੀ— ਭਾਰਤੀ ਜ਼ਮੀਨੀ ਫੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਉਹ ਬਚਪਨ ਵਿਚ ਆਪਣੇ ਸਕੂਲ ਦੀ ਵਰਦੀ ਭਾਵੇਂ ਪਹਿਨਦੇ ਸਨ ਪਰ ਉਨ੍ਹਾਂ ਦੇ ਦਿਲ ਵਿਚ ਹਮੇਸ਼ਾ ਫੌਜ ਦੀ ਵਰਦੀ ਪਹਿਨਣ ਦੀ ਲਾਲਸਾ ਰਹਿੰਦੀ ਸੀ। ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ਦੇ ਵਿਦਿਆਰਥੀਆਂ ਦੇ ਇਕ ਗਰੁੱਪ ਨਾਲ ਗੱਲਬਾਤ ਕਰਦਿਆਂ ਰਾਵਤ ਨੇ ਕਿਹਾ ਕਿ ਮੁੱਢਲੀ ਸਿੱਖਿਆ ਦੌਰਾਨ ਉਨ੍ਹਾਂ ਜੋ ਮਨੁੱਖੀ ਕਦਰਾਂ ਕੀਮਤਾਂ ਸਿੱਖੀਆਂ, ਨੂੰ ਉਹ ਅਜੇ ਤਕ ਨਹੀਂ ਭੁੱਲੇ। ਮੈਂ ਇਕੱਲੀ ਫੌਜ ਦੀ ਵਰਦੀ ਹੀ ਨਹੀਂ ਪਾਈ ਸਗੋਂ ਫੌਜ ਮੁਖੀ ਦੇ ਅਹੁਦੇ ਤਕ ਵੀ ਪਹੁੰਚ ਗਿਆ।
ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਜ਼ਿੰਦਗੀ 'ਚ ਔਖੀ ਮਿਹਨਤ ਕਰਨ ਤੋਂ ਭੱਜਣਾ ਨਹੀਂ ਚਾਹੀਦਾ। ਜੇ ਕਿਸੇ ਸਮੇਂ ਨਾਕਾਮੀ ਵੀ ਮਿਲਦੀ ਹੈ ਤਾਂ ਹੌਸਲਾ ਨਹੀਂ ਹਾਰਨਾ ਚਾਹੀਦਾ। ਕਿਸੇ ਦੇ ਨਾਕਾਮ ਹੋਣ 'ਤੇ ਉਸ ਦੀ ਸਮਰੱਥਾ ਨੂੰ ਘੱਟ ਕਰ ਕੇ ਨਾ ਵੇਖੋ ਕਿਉਂਕਿ ਅਜਿਹੇ ਲੋਕ ਜੇ ਤੈਅ ਕਰ ਲੈਣ, ਸਖਤ ਮਿਹਨਤ ਕਰਨ ਤਾਂ ਉਹ ਉਨ੍ਹਾਂ ਵਿਅਕਤੀਆਂ ਤੋਂ ਵੀ ਅੱਗੇ ਲੰਘ ਸਕਦੇ ਹਨ, ਜਿਨ੍ਹਾਂ ਸਫਲਤਾ ਹਾਸਲ ਕੀਤੀ ਹੈ।
ਰਾਵਤ ਨੇ ਬਚਪਨ ਦੀ ਗੱਲ ਦੱਸਦਿਆਂ ਕਿਹਾ ਕਿ ਮੇਰੇ ਸਕੂਲ ਵਿਚ ਇਕ ਵਿਦਿਆਰਥੀ ਮੇਰੇ ਨਾਲੋਂ 1 ਸਾਲ ਸੀਨੀਅਰ ਸੀ। ਉਹ ਆਪਣੀ ਜਮਾਤ ਵਿਚ ਫੇਲ ਹੋ ਗਿਆ ਅਤੇ ਮੇਰੇ ਨਾਲ 9ਵੀਂ ਜਮਾਤ ਵਿਚ ਆ ਗਿਆ। ਦਸਵੀਂ ਵਿਚ ਉਸ ਦਾ ਪ੍ਰਦਰਸ਼ਨ ਸਾਧਾਰਨ ਸੀ ਪਰ 11ਵੀਂ ਵਿਚ ਉਹ ਟਾਪ 'ਤੇ ਰਿਹਾ। ਮੈਂ ਵੀ ਟਾਪ 'ਤੇ ਰਹਿਣ ਵਾਲੇ 5 ਵਿਦਿਆਰਥੀਆਂ 'ਚੋਂ ਸੀ ਪਰ ਉਸ ਨੂੰ ਸਭ ਤੋਂ ਉਪਰ ਵੇਖ ਕੇ ਮਨ 'ਚ ਧਾਰ ਲਿਆ ਕਿ ਮੈਂ ਵੀ ਟਾਪ 'ਤੇ ਜਾਵਾਂਗਾ ਅਤੇ ਨਾਲ ਹੀ ਇਹ ਗੱਲ ਵੀ ਸਮਝ ਵਿਚ ਆ ਗਈ ਕਿ ਜੋ ਵਿਅਕਤੀ ਕਿਸੇ ਸਮੇਂ ਫੇਲ ਹੁੰਦੇ ਹਨ, ਉਹ ਦੁਨੀਆ ਲਈ ਮਿਸਾਲ ਬਣ ਸਕਦੇ ਹਨ।
ਇਰਾਨ ਕਰੇਗਾ 'ਆਖਰੀ ਸਾਹ' ਤਕ ਪ੍ਰਮਾਣੂ ਸਮਝੌਤੇ ਦਾ ਪਾਲਣ : ਰੂਹਾਨੀ
NEXT STORY