ਨਵੀਂ ਦਿੱਲੀ— ਸੋਸ਼ਲ ਮੀਡੀਆ ਦੀ ਮਦਦ ਨਾਲ ਇਕ ਅਜਿਹੇ 76 ਸਾਲਾਂ ਵਿਅਕਤੀ ਨੂੰ ਛੱਤ ਮਿਲੀ ਹੈ, ਜੋ ਦਿੱਲੀ ਦੀਆਂ ਸੜਕਾਂ 'ਤੇ ਜ਼ਿੰਦਗੀ ਬਿਤਾਉਣ ਲਈ ਮਜਬੂਰ ਸੀ। ਕਰੀਬ ਚਾਰ ਦਹਾਕੇ ਸੜਕ 'ਤੇ ਬਿਤਾਉਣ ਵਾਲੇ ਵਿਅਕਤੀ ਨੇ ਦਾਅਵਾ ਕੀਤਾ ਕਿ ਕਿਸੇ ਵੇਲੇ ਉਹ ਦੁਨੀਆ ਦੀ ਮੰਨੀ ਹੋਈ ਯੂਨੀਵਰਸਿਟੀ ਆਕਸਫੋਰਡ 'ਚ ਪ੍ਰੋਫੈਸਰ ਰਿਹਾ ਹੈ।
ਦਿੱਲੀ ਵਾਸੀ ਅਵਿਨਾਸ਼ ਸਿੰਘ ਨੇ ਆਪਣੀ ਫੇਸਬੁੱਕ ਪੋਸਟ 'ਤੇ ਰਾਜਾ ਸਿੰਘ ਫੁੱਲ ਦੀ ਕਹਾਣੀ ਸ਼ੇਅਰ ਕੀਤੀ। ਪੋਸਟ ਮੁਤਾਬਕ ਇਹ ਬਜ਼ੁਰਗ ਵਿਅਕਤੀ ਦਿੱਲੀ ਰੇਲਵੇ ਸਟੇਸ਼ਨ ਨੇੜੇ ਤਰਸਯੋਗ ਹਾਲਤ 'ਚ ਜ਼ਿੰਦਗੀ ਬਿਤਾ ਰਿਹਾ ਹੈ। ਪੋਸਟ 'ਚ ਦੱਸਿਆ ਗਿਆ ਕਿ ਬਜ਼ੁਰਗ ਵਿਅਕਤੀ 1960 'ਚ ਆਪਣੇ ਭਰਾ ਕੋਲ ਭਾਰਤ ਵਾਪਸ ਪਰਤਿਆ ਸੀ। ਉਸ ਨੇ ਮੁੰਬਈ 'ਚ ਆਪਣੇ ਭਰਾ ਦੇ ਨਾਲ ਮੋਟਰ ਪਾਰਟਸ ਦਾ ਕੰਮ ਵੀ ਸ਼ੁਰੂ ਕੀਤਾ ਪਰ ਬਜ਼ੁਰਗ ਦੇ ਭਰਾ ਦੀ ਮੌਤ ਤੋਂ ਬਾਅਦ ਉਸ ਦਾ ਕੰਮ ਠੱਪ ਹੋ ਗਿਆ। ਬਜ਼ੁਰਗ ਦੇ ਦੋ ਪੁੱਤਰ ਸਨ ਪਰ ਦੋਵਾਂ ਨੇ ਹੀ ਅਪਣੇ ਪਿਤਾ ਨੂੰ ਛੱਡ ਦਿੱਤਾ ਸੀ।
ਰਾਜਾ ਸਿੰਘ ਫੁੱਲ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਮਿਹਨਤ ਕੀਤੀ ਤੇ ਆਪਣੇ ਪੁੱਤਰਾਂ ਨੂੰ ਵਿਦੇਸ਼ ਪੜਨ ਲਈ ਭੇਜਿਆ। ਮੈਂ ਆਪਣੇ ਬੱਚਿਆਂ ਲਈ ਕਰਜ਼ੇ ਚੁੱਕੇ। ਉਸ ਨੇ ਦੱਸਿਆ ਕਿ ਦੋਵੇਂ ਅਮਰੀਕਾ ਤੇ ਯੂਕੇ 'ਚ ਗੋਰੀਆਂ ਪੱਤਨੀਆਂ ਨਾਲ ਪੱਕੇ ਹਨ ਤੇ ਉਨ੍ਹਾਂ ਕੋਲ ਇੰਨਾਂ ਵੀ ਸਮਾਂ ਨਹੀਂ ਕਿ ਉਹ ਸੜਕਾਂ 'ਤੇ ਭਟਕ ਰਹੇ ਆਪਣੇ ਪਿਤਾ ਦਾ ਸਾਰ ਲੈ ਸਕਣ। ਬਜ਼ੁਰਗ ਨੇ ਦੱਸਿਆ ਕਿ ਉਹ ਵੀਜ਼ਾ ਸੈਂਟਰ ਦੇ ਬਾਹਰ ਲੋਕਾਂ ਦੇ ਫਾਰਮ ਭਰ ਕੇ ਆਪਣਾ ਗੁਜ਼ਾਰਾ ਕਰਦਾ ਹੈ। ਪਰ ਜਦੋਂ ਕੋਈ ਕੰਮ ਨਹੀਂ ਮਿਲਦਾ ਤਾਂ ਉਹ ਗੁਰਦੁਆਰੇ ਦਾ ਲੰਗਰ ਖਾ ਕੇ ਗੁਜ਼ਾਰਾ ਕਰ ਲੈਂਦਾ। 21 ਅਪ੍ਰੈਲ ਨੂੰ ਬਜ਼ੁਰਗ ਦੀ ਮਦਦ ਲਈ ਇਹ ਪੋਸਟ ਸ਼ੇਅਰ ਕੀਤੀ ਗਈ ਸੀ।
5000 ਤੋਂ ਵੀ ਜ਼ਿਆਦਾ ਸ਼ੇਅਰ ਦੇ ਨਾਲ ਇਹ ਪੋਸਟ ਵਾਇਰਲ ਹੋ ਗਈ ਤੇ ਕਈ ਲੋਕਾਂ ਨੇ ਬਜ਼ੁਰਗ ਦੀ ਮਦਦ ਲਈ ਪੇਸ਼ਕਸ਼ ਕੀਤੀ। ਇਸ ਤੋਂ ਬਾਅਦ ਬਜ਼ੁਰਗ ਨੂੰ ਦਿੱਲੀ ਦੇ ਬੁਡਾਪਾ ਘਰ ਭੇਜ ਦਿੱਤਾ ਗਿਆ ਹੈ। ਬਜ਼ੁਰਗ ਨੂੰ ਵੀ ਪਤਾ ਲੱਗ ਗਿਆ ਹੈ ਕਿ ਉਸ ਦੀ ਕਹਾਣੀ ਹਜ਼ਾਰਾਂ ਲੋਕਾਂ ਤੱਕ ਪਹੁੰਚ ਗਈ ਹੈ। ਅਜਿਹੀਆਂ ਹੀ ਘਟਨਾਵਾਂ ਮਨੁੱਖਤਾ 'ਚ ਵਿਸ਼ਵਾਸ ਨੂੰ ਦੁਬਾਰਾ ਉਜਾਗਰ ਕਰ ਦਿੰਦੀਆਂ ਹਨ।
ਜੇਕਰ ਬਿਨਾ ਵਸੀਅਤ ਬਣਾਏ ਹੋ ਜਾਵੇ ਮੌਤ ਤਾਂ ਇੰਝ ਵੰਡੀ ਜਾਵੇਗੀ ਜਾਇਦਾਦ
NEXT STORY