ਆਬੂ ਧਾਬੀ 'ਚ ਪੀ. ਐੱਮ. ਮੋਦੀ ਨੇ ਰੱਖੀ ਪਹਿਲੇ ਹਿੰਦੂ ਮੰਦਰ ਦੀ ਨੀਂਹ, ਜਾਣੋ ਖਾਸ ਗੱਲਾਂ

You Are HereInternational
Sunday, February 11, 2018-3:47 PM

ਆਬੂ ਧਾਬੀ/ ਨਵੀਂ ਦਿੱਲੀ— ਯੂ. ਏ. ਈ. 'ਚ ਰਹਿੰਦੇ 26 ਲੱਖ ਭਾਰਤੀਆਂ ਦੇ ਨਾਲ-ਨਾਲ ਪੂਰੇ ਵਿਸ਼ਵ 'ਚ ਰਹਿੰਦੇ ਭਾਰਤੀ ਲੋਕਾਂ ਲਈ ਮਾਣ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯਤਨਾਂ ਸਦਕਾ ਆਬੂਧਾਬੀ 'ਚ ਪਹਿਲੀ ਵਾਰ ਵਿਸ਼ਾਲ ਹਿੰਦੂ ਮੰਦਰ ਦੀ ਸਥਾਪਨਾ ਹੋਵੇਗੀ। ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਆਪਣੀ ਦੋ ਦਿਨਾਂ ਦੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਇੱਥੇ ਦੀ ਰਾਜਧਾਨੀ ਆਬੂਧਾਬੀ 'ਚ ਪਹਿਲੇ ਹਿੰਦੂ ਮੰਦਰ ਦਾ ਨੀਂਹ ਪੱਥਰ ਰੱਖ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਦੁਬਈ ਓਪੇਰਾ ਹਾਊਸ ਤੋਂ ਇਸ ਮੰਦਰ ਲਈ ਰਸਮੀ ਤੌਰ 'ਤੇ ਨੀਂਹ ਪੱਥਰ ਰੱਖਿਆ। ਅਗਸਤ 2015 ਦੇ ਬਾਅਦ ਸੰਯੁਕਤ ਅਰਬ ਅਮੀਰਾਤ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਦੂਜੀ ਯਾਤਰਾ ਹੈ। ਯੂ. ਏ. ਈ. ਦੀ ਰਾਜਧਾਨੀ ਆਬੂਧਾਬੀ 'ਚ ਇਸ ਪਹਿਲੇ ਹਿੰਦੂ ਮੰਦਰ ਲਈ ਉੱਥੇ ਦੇ ਸ਼ਹਿਜਾਦੇ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹੀਆਨ ਨੇ ਜਗ੍ਹਾ ਅਲਾਟ ਕੀਤੀ ਹੈ। ਇਹ ਮੰਦਰ 55,000 ਵਰਗ ਮੀਟਰ 'ਚ ਬਣਾਇਆ ਜਾਵੇਗਾ। ਮੰਦਰ ਦੀ ਉਸਾਰੀ 2020 ਤਕ ਮੁਕੰਮਲ ਕੀਤੀ ਜਾਵੇਗੀ ਅਤੇ ਸਾਰੇ ਧਾਰਮਿਕ ਲੋਕਾਂ ਲਈ ਇਸ ਦੇ ਦਰਵਾਜ਼ੇ ਖੁੱਲ੍ਹੇ ਰਹਿਣਗੇ।


ਯੂ. ਏ. ਈ. 'ਚ ਪਹਿਲਾਂ ਦੋ ਹਿੰਦੂ ਮੰਦਰ ਹਨ, ਜੋ ਦੁਬਈ 'ਚ ਸਥਿਤ ਹਨ। 2015 'ਚ ਪ੍ਰਧਾਨ ਮੰਤਰੀ ਦੀ ਪਿਛਲੀ ਯਾਤਰਾ ਦੌਰਾਨ ਯੂ. ਏ. ਈ. ਸਰਕਾਰ ਨੇ ਆਬੂਧਾਬੀ 'ਚ ਮੰਦਰ ਬਣਾਉਣ ਲਈ ਜ਼ਮੀਨ ਅਲਾਟ ਕਰਨ ਦਾ ਵਾਅਦਾ ਕੀਤਾ ਸੀ। ਮੰਦਰ ਦੇ ਪ੍ਰਾਜੈਕਟ ਦਾ ਉਦਘਾਟਨ ਕਰਨ ਤੋਂ ਬਾਅਦ ਦੁਬਈ 'ਚ ਭਾਰਤੀ ਪ੍ਰਵਾਸੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਬੂਧਾਬੀ ਦੇ ਕ੍ਰਾਊਨ ਪ੍ਰਿੰਸ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ, “ਮੈਂ ਇਸ ਸ਼ਾਨਦਾਰ ਮੰਦਰ ਦੇ ਨਿਰਮਾਣ ਲਈ 125 ਕਰੋੜ ਭਾਰਤੀਆਂ ਵੱਲੋਂ ਕ੍ਰਾਊਨ ਪ੍ਰਿੰਸ ਦਾ ਧੰਨਵਾਦ ਕਰਦਾ ਹਾਂ'' ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਮੈਂ ਮੰਨਦਾ ਹਾਂ ਕਿ ਇਹ ਮੰਦਰ ਸਿਰਫ ਦਿਖ ਅਤੇ ਸ਼ਾਨ ਦੇ ਰੂਪ 'ਚ ਹੀ ਵਿਲੱਖਣ ਨਹੀਂ ਹੋਵੇਗਾ ਸਗੋਂ ਇਹ ਦੁਨੀਆ ਭਰ ਦੇ ਲੋਕਾਂ ਲਈ ਵਾਸੂਦੇਵ ਕੁਟਮਬਕਮ ਦਾ ਸੰਦੇਸ਼ ਵੀ ਦੇਵੇਗਾ।''
 

PunjabKesariਬੀ. ਏ. ਪੀ. ਐੱਸ. ਦੇਖੇਗੀ ਮੰਦਰ ਦਾ ਪ੍ਰਬੰਧ— 
ਯੂ. ਏ. ਈ. ਦੀ ਸਰਕਾਰ ਨੇ ਆਬੂਧਾਬੀ 'ਚ ਮੰਦਰ ਬਣਾਉਣ ਲਈ 55 ਹਜ਼ਾਰ ਵਰਗ ਮੀਟਰ ਦੀ ਜ਼ਮੀਨ ਦਿੱਤੀ ਹੈ, ਇਸ ਮੰਦਰ ਦੀ ਦੇਖ-ਰੇਖ ਬੀ. ਏ. ਪੀ. ਐੱਸ. ਸਵਾਮੀ ਨਾਰਾਇਣ ਸੰਸਥਾ ਕਰੇਗੀ। ਇਹ ਸੰਸਥਾਂ ਦਿੱਲੀ ਸਮੇਤ ਕੈਨੇਡਾ, ਅਮਰੀਕਾ, ਆਸਟਰੇਲੀਆ ਅਤੇ ਯੂਰਪ 'ਚ ਵੀ ਮੰਦਰਾਂ ਦੀ ਦੇਖ-ਰੇਖ ਕਰਦੀ ਹੈ। ਆਬੂਧਾਬੀ 'ਚ ਬਣਨ ਵਾਲਾ ਮੰਦਰ ਦੁਬਈ-ਆਬੂ ਧਾਬੀ ਹਾਈਵੇਅ 'ਤੇ ਅਬੂ-ਮੁਰੇਖਾਹ 'ਚ ਬਣਾਇਆ ਜਾਵੇਗਾ। ਮੰਦਰ 'ਚ ਸ਼੍ਰੀ ਕ੍ਰਿਸ਼ਣ, ਭਗਵਾਨ ਸ਼ਿਵ, ਸ਼੍ਰੀ ਅਯੱਪਾ, ਭਗਵਾਨ ਵਿਸ਼ਣੂੰ ਜੀ ਦਾ ਸਰੂਪ ਸਥਾਪਤ ਕੀਤਾ ਜਾਵੇਗਾ। ਸ਼੍ਰੀ ਅਯੱਪਾ ਜੀ ਨੂੰ ਵਿਸ਼ਣੂੰ ਜੀ ਦਾ ਇਕ ਅਵਤਾਰ ਦੱਸਿਆ ਜਾਂਦਾ ਹੈ ਅਤੇ ਦੱਖਣੀ ਭਾਰਤ ਖਾਸ ਕਰਕੇ ਕੇਰਲ 'ਚ ਇਨ੍ਹਾਂ ਦੀ ਪੂਜਾ ਹੁੰਦੀ ਹੈ।

ਇਹ ਹੋਵੇਗੀ ਖਾਸੀਅਤ—
ਇਸ ਮੰਦਰ 'ਚ ਲੱਗਣ ਵਾਲੇ ਪੱਥਰਾਂ ਦੀ ਨਕਾਸ਼ੀ ਦਾ ਕੰਮ ਭਾਰਤ 'ਚ ਕਾਰੀਗਰਾਂ ਵੱਲੋਂ ਕੀਤਾ ਜਾਵੇਗਾ ਅਤੇ ਫਿਰ ਇਨ੍ਹਾਂ ਨੂੰ ਆਬੂਧਾਬੀ ਲਿਜਾਇਆ ਜਾਵੇਗਾ। ਮੰਦਰ 'ਚ ਵਿਜੀਟਰ ਸੈਂਟਰ, ਪ੍ਰਾਰਥਨਾ ਹਾਲ, ਪ੍ਰਦਰਸ਼ਨੀ ਲਈ ਸੈਂਟਰ, ਅਧਿਐਨ ਲਈ ਸਥਾਨ, ਬੱਚਿਆਂ ਅਤੇ ਜਵਾਨਾਂ ਦੇ ਖੇਡਣ ਦੀ ਥਾਂ, ਪਾਣੀ ਦੀ ਸੁਵਿਧਾ ਅਤੇ ਭੋਜਨ ਲਈ ਫੂਡ ਕੋਰਟ ਬਣਾਇਆ ਜਾਵੇਗਾ। ਸਾਰੇ ਧਰਮਾਂ ਦੇ ਲੋਕ ਮੰਦਰ ਦੇ ਦਰਸ਼ਨਾਂ ਲਈ ਜਦ ਚਾਹੁਣ ਆ ਸਕਣਗੇ।

Edited By

Lalita

Lalita is News Editor at Jagbani.

!-- -->