ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ਦੇ ਕਈ ਰਾਜਾਂ 'ਚ ਚੱਲ ਰਹੇ ਨਕਦੀ ਸੰਕਟ ਨੂੰ ਲੈ ਕੇ ਪੀ.ਐੱਮ. ਮੋਦੀ 'ਤੇ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਬੈਂਕਿੰਗ ਸਿਸਟਮ ਨੂੰ ਤਬਾਹ ਕਰ ਕੇ ਰੱਖ ਦਿੱਤਾ। ਰਾਹੁਲ ਨੇ ਕਿਹਾ ਹੈ ਕਿ ਪੀ.ਐੱਮ. ਨੇ ਸਾਡੀ ਜੇਬ 'ਚੋਂ 500, 1000 ਰੁਪਏ ਦੇ ਨੋਟ ਕੱਢ ਨੀਰਵ ਮੋਦੀ ਦੀ ਜੇਬ 'ਚ ਪਾ ਦਿੱਤੇ। ਰਾਹੁਲ ਨੇ ਬੈਂਕਿੰਗ ਘੁਟਾਲੇ ਤੋਂ ਇਲਾਵਾ ਰਾਫੇਲ ਮਾਮਲੇ ਨੂੰ ਵੀ ਲੈ ਕੇ ਕੇਂਦਰ 'ਤੇ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਇਨ੍ਹਾਂ ਦੋਹਾਂ ਮਾਮਲਿਆਂ 'ਤੇ ਉਨ੍ਹਾਂ ਨੂੰ ਸੰਸਦ 'ਚ 15 ਮਿੰਟ ਬੋਲਣ ਦਾ ਮੌਕਾ ਦਿੱਤਾ ਜਾਵੇ, ਪੀ.ਐੱਮ. ਮੋਦੀ ਸਦਨ 'ਚ ਖੜ੍ਹੇ ਵੀ ਨਹੀਂ ਹੋ ਸਕਣਗੇ। ਜ਼ਿਕਰਯੋਗ ਹੈ ਕਿ ਯੂ.ਪੀ., ਬਿਹਾਰ, ਮੱਧ ਪ੍ਰਦੇਸ਼ ਅਤੇ ਤੇਲੰਗਾਨਾ ਸਮੇਤ ਕਈ ਰਾਜਾਂ 'ਚ ਕੈਸ਼ ਕਰੰਸੀ ਦੀ ਕਿੱਲਤ ਦੇਖਣ ਨੂੰ ਮਿਲ ਰਹੀ ਹੈ। ਏ.ਟੀ.ਐੱਮ. ਖਾਲੀ ਜਾਂ ਬੰਦ ਪਏ ਹਨ ਅਤੇ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧ 'ਚ ਵਿੱਤ ਮੰਤਰੀ ਅਰੁਣ ਜੇਤਲੀ ਦਾ ਬਿਆਨ ਵੀ ਸਾਹਮਣੇ ਆ ਗਿਆ ਹੈ। ਜੇਤਲੀ ਨੇ ਕਿਹਾ ਹੈ ਕਿ ਦੇਸ਼ 'ਚ ਲੋੜ ਤੋਂ ਵਧ ਨੋਟ ਸਰਕੂਲੇਸ਼ਨ 'ਚ ਪਰ ਕੁਝ ਇਲਾਕਿਆਂ 'ਚ ਨੋਟਾਂ ਦੀ ਮੰਗ ਅਸਿੱਧੇ ਰੂਪ ਨਾਲ ਵਧ ਗਈ ਹੈ। ਹੁਣ ਕਾਂਗਰਸ ਪ੍ਰਧਾਨ ਨੇ ਇਸੇ ਮੁੱਦੇ ਨੂੰ ਲੈ ਕੇ ਕੇਂਦਰ 'ਤੇ ਨਿਸ਼ਾਨਾ ਸਾਧਿਆ ਹੈ।
ਰਾਏਬਰੇਲੀ-ਅਮੇਠੀ ਦੇ ਦੌਰੇ 'ਤੇ ਯੂ.ਪੀ. ਆਏ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਬੈਂਕਿੰਗ ਸਿਸਟਮ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਨੇ ਪੀ.ਐੱਨ.ਬੀ. ਸਕੈਮ ਦੇ ਸੰਦਰਭ 'ਚ ਨੀਰਵ ਮੋਦੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਨੀਰਵ ਮੋਦੀ 30 ਹਜ਼ਾਰ ਕਰੋੜ ਰੁਪਏ ਲੈ ਕੇ ਦੌੜ ਗਏ ਪਰ ਪੀ.ਐੱਮ. ਨੇ ਇਕ ਸ਼ਬਦ ਵੀ ਨਹੀਂ ਕਿਹਾ। ਸਾਨੂੰ ਲਾਈਨਾਂ 'ਚ ਖੜ੍ਹਾ ਰਹਿਣ ਲਈ ਮਜ਼ਬੂਰ ਕੀਤਾ। ਸਾਡੀ ਜੇਲ ਤੋਂ 500, 1000 ਰੁਪਏ ਦੇ ਨੋਟ ਖੋਹ ਕੇ ਨੀਰਵ ਮੋਦੀ ਦੀ ਜੇਬ 'ਚ ਪਾ ਦਿੱਤੇ।'' ਰਾਹੁਲ ਨੇ ਇਸੇ ਕ੍ਰਮ 'ਚ ਰਾਫੇਲ ਸੌਦਿਆਂ 'ਚ ਹੋਈ ਬੇਨਿਯਮੀ ਦਾ ਦੋਸ਼ ਇਕ ਵਾਰ ਫਿਰ ਲਗਾਇਆ। ਰਾਹੁਲ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨ੍ਹਾਂ ਮੁੱਦਿਆਂ 'ਤੇ 15 ਮਿੰਟ ਬੋਲਣ ਦਿੱਤਾ ਜਾਵੇ ਤਾਂ ਪੀ.ਐੱਮ. ਮੋਦੀ ਸਦਨ 'ਚ ਖੜ੍ਹੇ ਨਹੀਂ ਹੋ ਸਕਣਗੇ। ਜ਼ਿਕਰਯੋਗ ਹੈ ਕਿ ਕੇਂਦਰੀ ਵਿੱਤ ਰਾਜ ਮੰਤਰੀ ਸ਼ਿਵ ਪ੍ਰਸਾਦ ਸ਼ੁਕਲ ਨੇ ਕਿਹਾ ਹੈ ਕਿ ਕੁਝ ਰਾਜਾਂ 'ਚ ਨੋਟਾਂ ਦੀ ਪੈਦਾ ਹੋਈ ਕਿੱਲਤ ਤਿੰਨ ਦਿਨਾਂ 'ਚ ਖਤਮ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਰਾਜਾਂ 'ਚ ਕੈਸ਼ ਦੀ ਕਿੱਲਤ ਹੈ, ਉੱਥੇ ਦੂਜੇ ਰਾਜਾਂ ਦੇ ਮੁਕਾਬਲੇ ਘੱਟ ਨੋਟ ਪੁੱਜੇ ਹਨ।
ਉੱਥੇ ਹੀ ਰਾਹੁਲ ਦੇ ਇਸ ਤੰਜ਼ ਦਾ ਭਾਜਪਾ ਵੱਲੋਂ ਜਵਾਬ ਵੀ ਆਇਆ ਹੈ। ਪਾਰਟੀ ਦੇ ਸੂਬਾਈ ਮਹਾਮੰਤਰੀ ਵਿਜੇ ਬਹਾਦਰ ਪਾਠਕ ਨੇ ਕਿਹਾ ਕਿ ਰਾਹੁਲ ਆਪਣੇ ਸੰਸਦ ਖੇਤਰ 'ਚ ਹਨ, ਉੱਥੇ ਹੀ ਜਨਤਾ ਉਨ੍ਹਾਂ ਤੋਂ ਸਵਾਲ ਪੁੱਛ ਰਹੀ ਹੈ ਕਿ ਉਨ੍ਹਾਂ ਦੇ ਖੇਤਰ 'ਚ ਸੰਸਦ ਮੈਂਬਰ ਆਦਰਸ਼ ਪਿੰਡ ਦੀ ਕੀ ਸਥਿਤੀ ਹੈ। ਖੇਤਰੀ ਸੰਸਦ ਮੈਂਬਰ ਹੋਣ ਦੇ ਨਾਤੇ ਜਿਨ੍ਹਾਂ ਵਿਕਾਸ ਪ੍ਰਾਜੈਕਟਾਂ ਨੂੰ ਉਨ੍ਹਾਂ ਨੇ ਅੱਗੇ ਵਧਾਉਣਾ ਸੀ, ਉਸ 'ਤੇ ਉਨ੍ਹਾਂ ਨੇ ਕੀ ਕੀਤਾ। ਉਨ੍ਹਾਂ ਨੇ ਕਿਹਾ,''ਰਹੀ ਗੱਲ ਮੋਦੀ 'ਤੇ ਸਵਾਲ ਚੁੱਕਣ ਅਤੇ ਸੰਸਦ 'ਚ ਖੜ੍ਹੇ ਹੋਣ ਦੀ, ਤਾਂ ਦੇਸ਼ ਦੀ ਜਨਤਾ ਜਾਣਦੀ ਹੈ ਕਿ ਮੋਦੀ ਕਿੰਨੀ ਦੇਰ ਸੰਸਦ 'ਚ ਖੜ੍ਹੇ ਹੋ ਕੇ ਬੋਲ ਸਕਦੇ ਹਨ। ਜੋ ਲੋਕ ਇਹ ਸਵਾਲ ਚੁੱਕ ਰਹੇ ਹਨ, ਉਹ ਆਪਣੇ ਬਾਰੇ ਤੈਅ ਕਰਨ ਕਿ ਕਿੰਨੀ ਦੇਰ ਸੰਸਦ 'ਚ ਧਿਆਨ ਮਗਨ ਹੋ ਕੇ ਬੈਠ ਸਕਦੇ ਹਨ।''
ਪਤਨੀ ਫੇਸਬੁੱਕ 'ਤੇ ਰਹਿੰਦੀ ਸੀ ਰੁੱਝੀ, ਇਸ ਲਈ ਮਾਰ ਦਿੱਤਾ
NEXT STORY