ਨਵੀਂ ਦਿੱਲੀ— ਨੋਇਡਾ ਦੇ ਬਹੁਚਰਚਿਤ ਆਰੂਸ਼ੀ ਅਤੇ ਹੇਮਰਾਜ ਕਤਲਕਾਂਡ ਮਾਮਲੇ 'ਚ ਇਲਾਹਾਬਾਦ ਹਾਈ ਕੋਰਟ ਰਾਜੇਸ਼ ਤਲਵਾੜ ਅਤੇ ਨੁਪੁਰ ਤਲਵਾੜ ਦੀ ਅਪੀਲ 'ਤੇ ਵੀਰਵਾਰ ਨੂੰ ਫੈਸਲਾ ਸੁਣਾਉਂਦੇ ਹੋਏ ਵੱਡੀ ਰਾਹਤ ਦਿੱਤੀ ਹੈ। ਕੋਰਟ ਨੇ ਜਾਂਚ 'ਚ ਕਮੀਆਂ ਦੱਸਦੇ ਹੋਏ ਤਲਵਾੜ ਜੋੜੇ ਨੂੰ ਬਰੀ ਕਰ ਦਿੱਤਾ। ਜਸਟਿਸ ਏ.ਕੇ. ਮਿਸ਼ਰਾ ਨੇ ਫੈਸਲਾ ਪੜ੍ਹ ਕੇ ਸੁਣਾਇਆ। ਹਾਈ ਕੋਰਟ ਨੇ ਕਿਹਾ ਕਿ ਆਰੂਸ਼ੀ ਨੂੰ ਮੰਮੀ-ਪਾਪਾ ਨੇ ਨਹੀਂ ਮਾਰਿਆ। ਦੱਸਿਆ ਜਾ ਰਿਹਾ ਹੈ ਕਿ ਹਾਈ ਕੋਰਟ ਨੇ ਤਲਵਾੜ ਜੋੜੇ ਨੂੰ ਤੁਰੰਤ ਜੇਲ ਤੋਂ ਰਿਹਾਅ ਕਰਨ ਦਾ ਆਦੇਸ਼ ਦਿੱਤਾ ਹੈ। ਤਲਵਾੜ ਜੋੜੇ ਨੇ ਸੀ.ਬੀ.ਆਈ. ਅਦਾਲਤ ਦੇ ਫੈਸਲੇ ਦੇ ਖਿਲਾਫ ਹਾਈ ਕੋਰਟ 'ਚ ਅਪੀਲ ਕੀਤੀ ਸੀ। ਆਰੂਸ਼ੀ ਕਤਲਕਾਂਡ 'ਚ 26 ਨਵੰਬਰ 2013 ਨੂੰ ਗਾਜ਼ੀਆਬਾਦ ਸਥਿਤ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਰਾਜੇਸ਼ ਅਤੇ ਨੁਪੁਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਆਰੂਸ਼ੀ ਤਲਵਾੜ ਜੋੜੇ ਦੀ ਬੇਟੀ ਸੀ। ਫਿਲਹਾਲ ਦੋਵੇਂ ਗਾਜ਼ੀਆਬਾਦ ਦੀ ਡਾਸਨਾ ਜੇਲ 'ਚ ਸਜ਼ਾ ਕੱਟ ਰਹੇ ਹਨ। ਜਸਟਿਸ ਬੀ.ਕੇ. ਨਾਰਾਇਣ ਅਤੇ ਜਸਟਿਸ ਏ.ਕੇ. ਮਿਸ਼ਰਾ ਦੀ ਬੈਂਚ ਨੇ ਤਲਵਾੜ ਜੋੜੇ ਦੀ ਅਪੀਲ 'ਤੇ 7 ਸਤੰਬਰ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਅਤੇ ਫੈਸਲਾ ਸੁਣਾਉਣ ਦੀ ਤਾਰੀਕ 12 ਅਕਤੂਬਰ ਤੈਅ ਕੀਤੀ ਸੀ।ਜ਼ਿਕਰਯੋਗ ਹੈ ਕਿ ਮਈ 2008 'ਚ ਨੋਇਡਾ ਦੇ ਜਲਵਾਯੂ ਵਿਹਾਰ ਇਲਾਕੇ 'ਚ 14 ਸਾਲ ਦੀ ਆਰੂਸ਼ੀ ਦੀ ਲਾਸ਼ ਉਸ ਦੇ ਘਰੋਂ ਬਰਾਮਦ ਹੋਈ ਸੀ। ਪਹਿਲਾਂ ਕਤਲ ਦੇ ਸ਼ੱਕ ਦੇ ਘੇਰੇ 'ਚ ਘਰ ਦਾ ਨੌਕਰ ਹੇਮਰਾਜ ਸੀ ਪਰ ਜਦੋਂ ਪੁਲਸ ਨੇ ਜਾਂਚ ਕੀਤੀ ਤਾਂ 2 ਦਿਨਾਂ ਬਾਅਦ ਤਲਵਾੜ ਜੋੜੇ ਦੇ ਘਰ ਦੀ ਛੱਤ 'ਤੇ ਉਸ ਦੀ ਲਾਸ਼ ਬਰਾਮਦ ਹੋਈ। 29 ਮਈ 2008 ਨੂੰ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪੀ। ਸੀ.ਬੀ.ਆਈ. ਦੀ ਜਾਂਚ ਦੌਰਾਨ ਤਲਵਾੜ ਜੋੜੇ 'ਤੇ ਕਤਲ ਦਾ ਕੇਸ ਦਰਜ ਹੋਇਆ ਸੀ।
ਪੋਸਟਰ 'ਚ ਆਸੀਆ ਅੰਦਰਾਬੀ ਨੂੰ ਦੱਸਿਆ ਬੇਟੀਆਂ ਦੀ 'ਰੋਲ ਮਾਡਲ', ਅਫਸਰ ਸਸਪੈਂਡ
NEXT STORY