ਦੁਨੀਆ ਦੇ 2 ਸਭ ਤੋਂ ਖ਼ਤਰਨਾਕ ਅੱਤਵਾਦੀ ਸੰਗਠਨਾਂ ਨੇ ਆਪਸ 'ਚ ਮਿਲਾਇਆ ਹੱਥ

Friday, April 21, 2017-3:29 PM

ਮੋਸੂਲ—ਜਦੋਂ ਇਹ ਲੱਗਣ ਲੱਗਦਾ ਹੈ ਕਿ ਅੱਤਵਾਦ ਤੋਂ ਛੁਟਕਾਰਾ ਮਿਲਣ ਵਾਲਾ ਹੈ ਤਾਂ ਦੂਜੇ ਪਾਸੇ ਤੋਂ ਕੋਈ ਨਾ ਕੋਈ ਅਜਿਹੀ ਖ਼ਬਰ ਆ ਜਾਂਦੀ ਹੈ ਜੋ ਕਿ ਰਾਹਤ ਦੀ ਬਜਾਇ ਦਹਿਸ਼ਤ ਪੈਦਾ ਕਰ ਦਿੰਦੀ ਹੈ। ਦੁਨੀਆ ਨੂੰ ਅਜੇ ਇਹ ਲੱਗਣ ਹੀ ਲੱਗਾ ਸੀ ਕਿ ਇਸਲਾਮਿਕ ਸਟੇਟ (ਆਈ.ਐੱਸ) ਦਾ ਖਾਤਮਾ ਹੋਣ ਵਾਲਾ ਹੈ ਪਰ ਆਈ.ਐੱਸ ਨੇ ਆਪਣੀ ਆਖਰੀ ਚਾਲ ਚੱਲ ਕੇ ਆਪਣੀ ਤਾਕਤ ਦੋ-ਗੁਣੀ ਕਰ ਲਈ ਹੈ। ਦਰਅਸਲ ਖ਼ਬਰ ਹੈ ਕਿ ਬਗਦਾਦੀ ਨੇ ਆਪਣੇ ਵਰਗੇ ਖ਼ਤਰਨਾਕ ਅੱਤਵਾਦੀ ਸੰਗਠਨ ਅਲਕਾਇਦਾ ਨਾਲ ਗਠਬੰਧਨ ਕਰ ਲਿਆ ਹੈ ਅਤੇ ਇਸ ਮਹਾਗਠਬੰਧਨ ਦਾ ਨਤੀਜਾ ਕਿੰਨਾ ਭਿਆਨਕ ਹੋਵੇਗਾ, ਇਸ ਦਾ ਅੰਦਾਜਾ ਲਾਉਣਾ ਵੀ ਮੁਸ਼ਕਲ ਹੈ। ਭਾਵੇਂ ਇਨ੍ਹਾਂ ਦੋਵਾਂ ਸੰਗਠਨਾਂ 'ਚ ਮੱਤਭੇਦ ਅਤੇ ਦੁਸ਼ਮਣੀ ਸੀ ਪਰ ਹੁਣ ਦੋਵਾਂ ਨੇ ਹੱਥ ਮਿਲਾ ਕੇ ਦੁਨੀਆ ਲਈ ਇਕ ਵੱਡੀ ਤਬਾਹੀ ਦਾ ਸੰਕੇਤ ਦਿੱਤਾ ਹੈ। ਅਸਲ 'ਚ ਅਜਿਹਾ ਇਰਾਕ ਅਤੇ ਸੀਰੀਆ ਦੇ ਮੌਜੂਦਾ ਹਾਲਾਤਾਂ ਕਰਕੇ ਹੋਇਆ ਹੈ। ਅੱਤਵਾਦੀਆਂ ਦੀ ਟੁੱਟਦੀ ਹੋਈ ਉਮੀਦ ਨੂੰ ਮੁੜ ਸੁਰਜੀਤ ਕਰਨ ਦੀ ਆਖਰੀ ਕੋਸ਼ਿਸ਼ ਦੇ ਰੂਪ 'ਚ ਦੋਵਾਂ ਗੁੱਟਾਂ ਨੇ ਆਪਸ 'ਚ ਹੱਥ ਮਿਲਾਉਣਾ ਹੀ ਠੀਕ ਸਮਝਿਆ। ਆਪਣੀ ਉੱਜੜਦੀ ਹੋਈ ਸਲਤਨਤ ਦੇਖ ਕੇ ਬਗਦਾਦੀ ਨੇ ਜਵਾਹਿਰੀ ਵੱਲ ਅਤੇ ਜਵਾਹਿਰੀ ਨੇ ਬਗਦਾਦੀ ਵੱਲ ਆਪਣਾ ਹੱਥ ਵਧਾਇਆ ਹੈ ਤਾਂਕਿ ਆਪਣੀ ਡੁੱਬਦੀ ਹੋਈ ਬੇੜੀ ਨੂੰ ਬਚਾਉਣ ਦਾ ਇਕ ਆਖਰੀ ਦਾਅ ਖੇਡਿਆ ਜਾ ਸਕੇ। ਜੋ ਹਾਲਾਤ ਇਰਾਕ ਅਤੇ ਸੀਰੀਆ 'ਚ ਪੈਦਾ ਹੋ ਚੁੱਕੇ ਹਨ, ਉਨ੍ਹਾਂ 'ਚ ਕੱਲਾ ਰਹਿ ਕੇ ਨਾ ਤਾਂ ਬਗਦਾਦੀ ਲੜ ਸਕਦਾ ਹੈ ਅਤੇ ਨਾ ਹੀ ਅਲਕਾਇਦਾ ਦਾ ਨੁਸਰਾ ਫਰੰਟ। ਨੁਸਰਾ ਫਰੰਟ ਦੇ ਨਾਮ ਨਾਲ ਹੀ ਅਲਕਾਇਦਾ ਸੀਰੀਆ 'ਚ ਵਿਦਰੋਹੀ ਬਣ ਕੇ ਅਸਦ ਸਰਕਾਰ ਵਿਰੁੱਧ ਲੜ ਰਿਹਾ ਹੈ।

ਇਸ ਮਹਾਗਠਬੰਧਨ ਦਾ ਖੁਲਾਸਾ ਕਿਸੇ ਏਜੰਸੀ ਨੇ ਨਹੀਂ ਸਗੋਂ ਇਰਾਕ ਦੇ ਉਪ-ਰਾਸ਼ਟਰਪਤੀ ਅਯਾਦ ਅਲਵੀ ਨੇ ਕੀਤਾ ਹੈ ਤਾਂ ਸਪੱਸ਼ਟ ਹੈ ਕਿ ਇਨ੍ਹਾਂ ਦਾਅਵਿਆਂ 'ਚ ਕੁਝ ਤਾਂ ਸੰਜੀਦਗੀ ਹੋਵੇਗੀ। ਆਉਣ ਵਾਲੇ ਸਮੇਂ 'ਚ ਇਹ ਦੇਖਣਾ ਹੋਵੇਗਾ ਕਿ ਇਨ੍ਹਾਂ ਦੋਵਾਂ ਦੇ ਗਠਬੰਧਨ ਦੇ ਕੀ ਨਤੀਜੇ ਸਾਹਮਣੇ ਆਉਦੇ ਹਨ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.