ਜਲੰਧਰ : ਪੰਜਾਬ 'ਚ ਆਉਣ ਵਾਲੀ ਨਵੀਂ ਸਰਕਾਰ 'ਚ ਲਾਏ ਜਾਣ ਵਾਲੇ ਨਵੇਂ ਮੁੱਖ ਸਕੱਤਰ ਤੇ ਰਾਜ ਦੇ ਡੀ. ਜੀ. ਪੀ. ਦੇ ਇਲਾਵਾ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਦੇ ਅਹੁਦੇ ਲਈ ਕਈ ਨਾਂ ਚਰਚਾ 'ਚ ਹਨ। ਇਨ੍ਹਾਂ 'ਚ 2 ਨਾਂ ਪ੍ਰਮੁੱਖ ਤੌਰ 'ਤੇ ਸਾਹਮਣੇ ਆ ਰਹੇ ਹਨ। ਇਕ ਨਾਂ 1980 ਬੈਚ ਦੇ ਸੀਨੀਅਰ ਆਈ. ਏ. ਐੱਸ. ਅਧਿਕਾਰੀ ਹਿੰਮਤ ਸਿੰਘ ਦਾ ਹੈ, ਜਿਨ੍ਹਾਂ ਦਾ ਰਿਟਾਇਰਮੈਂਟ ਸਮਾਂ 31 ਅਗਸਤ, 2017 ਦਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਪਹਿਲਾਂ ਵੀ ਇਹ ਅਹਿਮ ਅਹੁਦਿਆਂ 'ਤੇ ਕੰਮ ਕਰ ਚੁੱਕੇ ਹਨ। ਚਰਚਾ ਹੈ ਕਿ ਕਾਂਗਰਸ ਸਰਕਾਰ ਆਉਂਦੀ ਹੈ ਤਾਂ ਇਹ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਬਣ ਸਕਦੇ ਹਨ। ਇਸੇ ਤਰ੍ਹਾਂ ਦੂਜਾ ਨਾਂ ਪੰਜਾਬ 'ਚ ਚਰਚਿਤ ਰਹੇ ਅਧਿਕਾਰੀ ਕ੍ਰਿਸ਼ਨ ਕੁਮਾਰ ਦਾ ਹੈ, ਜੋ ਕਿ ਬਿਨਾਂ ਕਿਸੇ ਦਬਾਅ ਦੇ ਕੰਮ ਕਰਨ ਵਾਲੇ ਅਧਿਕਾਰੀ ਹੋਣ ਕਾਰਨ ਪਿਛਲੀਆਂ ਸਰਕਾਰਾਂ 'ਚ ਆਪਣੇ ਸਖਤ ਸੁਭਾਅ ਕਾਰਨ ਚਰਚਾ 'ਚ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ਇਸ ਸਮੇਂ 'ਆਪ' ਪ੍ਰਮੁੱਖ ਕੇਜਰੀਵਾਲ ਜਿਨ੍ਹਾਂ ਅਧਿਕਾਰੀਆਂ ਨੂੰ ਆਪਣੀ ਪੰਜਾਬ 'ਚ ਆਉਣ ਵਾਲੀ ਸੰਭਾਵੀ ਸਰਕਾਰ ਲਈ ਤਿਆਰ ਕਰ ਰਹੇ ਹਨ, ਉਸ 'ਚ ਸਭ ਤੋਂ ਉਪਰ ਕ੍ਰਿਸ਼ਨ ਕੁਮਾਰ ਦਾ ਨਾਂ ਹੀ ਹੈ। ਇਸਦੇ ਇਲਾਵਾ ਸੀਨੀਅਰ ਆਈ. ਏ. ਐੱਸ. ਅਧਿਕਾਰੀ ਸੰਜੇ ਕੁਮਾਰ, ਅੰਜਲੀ ਭਾਵੜਾ, ਰੌਸ਼ਨ ਸੰਕਾਰੀਆ, ਕਾਹਨ ਸਿੰਘ ਪੰਨੂ ਆਦਿ 'ਚੋਂ ਵੀ ਨਵੀਂ ਸਰਕਾਰ ਮੁੱਖ ਮੰਤਰੀ ਲਈ ਪ੍ਰਮੁੱਖ ਸਕੱਤਰ ਦੀ ਚੋਣ ਕਰ ਸਕਦੀ ਹੈ।
ਪੰਜਾਬ ਚੋਣ ਨਤੀਜਿਆਂ ਦੀ ਉਲਟੀ ਗਿਣਤੀ ਸ਼ੁਰੂ, ਉਮੀਦਵਾਰਾਂ ਦੀਆਂ ਧੜਕਣਾਂ ਵਧੀਆਂ
NEXT STORY