ਘਰ ਦੀਆਂ ਖੁਸ਼ੀਆਂ ਹੂੰਝ ਕੇ ਲੈ ਗਿਆ ਫਿਰੋਜ਼ਪੁਰ ਦਾ ਦਿਲ ਕੰਬਾਊ ਹਾਦਸਾ, ਇਕੱਠੇ ਹੋਇਆ 11 ਜੀਆਂ ਦਾ ਸਸਕਾਰ (ਵੀਡੀਓ)

You Are HerePunjab
Friday, February 17, 2017-11:35 AM
ਤਰਨਤਾਰਨ (ਰਾਜੂ) : ਫਿਰੋਜ਼ਪੁਰ ਦੇ ਜ਼ੀਰਾ-ਮੱਖੂ ਰੋਡ 'ਤੇ ਬੀਤੇ ਦਿਨ ਵਾਪਰੇ ਦਿਲ ਕੰਬਾਊ ਹਾਦਸੇ ਦੌਰਾਨ ਮਾਰੇ ਜਾਣ ਵਾਲੇ ਇੱਕੋ ਪਰਿਵਾਰ ਦੇ 11 ਜੀਆਂ ਦਾ ਸ਼ੁੱਕਰਵਾਰ ਨੂੰ ਅਤਿ ਗਮਗੀਨ ਮਾਹੌਲ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਪਰਿਵਾਰ ਤਰਨਤਾਰਨ ਦੇ ਪਿੰਡ ਪਲਾਸੌਰ ਨਾਲ ਸੰਬੰਧਿਤ ਸੀ, ਜੋ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 'ਚ ਚਰਚਾ ਦਾ ਵਿਸ਼ਾ ਰਿਹਾ ਸੀ। ਪੂਰਾ ਪਰਿਵਾਰ ਫਿਰੋਜ਼ਪੁਰ ਜ਼ਿਲੇ ਦੇ ਇਲਾਕਾ ਜੀਰਾ ਵਿਖੇ ਪੀਰ ਦੀ ਜਗ੍ਹਾ 'ਤੇ ਮੱਥਾ ਟੇਕਣ ਲਈ ਗਿਆ ਸੀ ਪਰ ਰਸਤੇ 'ਚ ਰੂਹ ਕੰਬਾਉਣ ਵਾਲੇ ਹਾਦਸੇ 'ਚ ਪਰਿਵਾਰ ਦੇ 11 ਮੈਂਬਰਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ 8 ਨੌਜਵਾਨ, 2 ਔਰਤਾਂ ਅਤੇ ਇਕ ਬੱਚਾ ਸ਼ਾਮਲ ਸੀ।
ਮਾਤਾ-ਪਿਤਾ ਵਿਛੜ ਗਏ, ਵਾਪਰੇ ਹਾਦਸੇ ਤੋਂ ਅਣਜਾਣ ਬੱਚੇ
ਬਠਿੰਡਾ-ਅੰਮ੍ਰਿਤਸਰ ਰੋਡ 'ਤੇ ਜ਼ੀਰਾ ਅਤੇ ਮੱਖੂ ਵਿਚਕਾਰ ਪਿੰਡ ਬਹਿਕ ਗੁਜਰਾਂ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ ਨੇ ਪੂਰੇ ਪਰਿਵਾਰ ਦੀ ਫੁਲਵਾੜੀ 'ਚੋਂ ਇਕ ਲੜਕਾ ਅਤੇ ਦੋ ਲੜਕੀਆਂ ਨੂੰ ਕੁਦਰਤ ਨੇ ਬਚਾ ਲਿਆ ਹੈ। ਜ਼ੀਰਾ ਦੇ ਸਿਵਲ ਹਸਪਤਾਲ 'ਚ ਪੁੱਜੇ ਇਹ ਬੱਚੇ ਆਪਣੇ ਪਰਿਵਾਰ ਨਾਲ ਵਰਤੇ ਇਸ ਭਾਣੇ ਤੋਂ ਅਣਜਾਣ ਸਨ। ਪੰਜਵੀਂ ਜਮਾਤ ਦੇ ਲਵਦੀਪ ਸਿੰਘ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਉਹ ਬਹੁਤ ਹੀ ਉਦਾਸ ਪਲਾਂ 'ਚ ਬੈਠਾ ਇਸ ਭਾਣੇ ਤੋਂ ਅਣਜਾਣ ਸੀ। ਉਕਤ ਹਾਦਸਾ ਇੰਨਾ ਭਿਆਨਕ ਸੀ ਕਿ ਟਰਾਲੇ ਦੇ ਟਵੇਰਾ 'ਤੇ ਪਲਟਣ ਕਾਰਨ ਗੱਡੀ ਬਿਲਕੁਲ ਜ਼ਮੀਨ ਦੇ ਨਾਲ ਪ੍ਰੈੱਸ ਹੋ ਗਈ, ਜਿਸ ਨਾਲ ਮ੍ਰਿਤਕਾਂ ਨੂੰ ਗੱਡੀ 'ਚੋਂ ਕੱਢਣ 'ਚ ਵੀ ਬਹੁਤ ਮੁਸ਼ਕਿਲ ਆਈ। ਉਕਤ ਜਗਾ 'ਤੇ ਡਰੇਨ ਦੇ ਬਣ ਰਹੇ ਪੁਲ ਦੇ ਅਸਥਾਈ ਰਸਤੇ 'ਤੇ ਪੈਂਦੀ ਚੜਾਈ ਕਰਕੇ ਉਕਤ ਹਾਦਸਾ ਵਾਪਰਿਆ ਹੈ।
ਇਸ ਦਰਦਨਾਕ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵੱਲੋਂ ਸੁਰਜੀਤ ਸਿੰਘ ਦੇ ਕਤਲ ਕਾਂਡ ਦੇ ਦੋਸ਼ੀਆਂ ਨੂੰ ਸ਼ੱਕ ਦੀ ਨਿਗ੍ਹਾ ਨਾਲ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ 4 ਫਰਵਰੀ ਨੂੰ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਪਿੰਡ ਪਲਾਸੌਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦੀ ਰੈਲੀ ਸੀ ਅਤੇ ਰੈਲੀ ਦੌਰਾਨ ਪਿੰਡ ਦੇ ਹੀ ਦੋ ਧੜਿਆਂ ਵਿਚ ਮਾਮੂਲੀ ਤਕਰਾਰ ਪੈਦਾ ਹੋ ਗਈ, ਜਿਸ ਤੋਂ ਗੁੱਸੇ ਵਿਚ ਆ ਕੇ ਵਿਧਾਨ ਸਭਾ ਚੋਣਾਂ ਤੋਂ ਤੁਰੰਤ ਬਾਅਦ ਦੂਜੇ ਧੜੇ, ਜਿਸ ਵਿਚ ਪਿੰਡ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਬੱਬੂ ਵੱਲੋਂ ਸਮੇਤ ਦਰਜਨਾਂ ਸਾਥੀਆਂ ਦੂਜੇ ਦਲਿਤ ਧੜੇ ਨੇ ਸੁਰਜੀਤ ਸਿੰਘ ਦੇ ਘਰ 'ਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ ਗਈ ਸੀ ਅਤੇ ਇਸ ਫਾਇਰਿੰਗ ਦੌਰਾਨ ਸੁਰਜੀਤ ਸਿੰਘ ਦੇ ਸਿਰ 'ਤੇ ਗੋਲੀ ਲੱਗਣ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪੁਲਸ ਵੱਲੋਂ ਕਾਰਵਾਈ ਕਰਦੇ ਹੋਏ ਦੋਸ਼ੀਆਂ 'ਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਬੀਤੇ ਦਿਨ ਸੁਰਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਦੀ ਸੜਕ ਹਾਦਸੇ ਦੌਰਾਨ ਹੋਈ ਮੌਤ ਨਾਲ ਪੂਰੇ ਜ਼ਿਲੇ ਵਿਚ ਹੀ ਮਾਤਮ ਦਾ ਮਾਹੌਲ ਹੈ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!
.