ਅੰਮ੍ਰਿਤਸਰ (ਸੰਜੀਵ) - ਜ਼ਿਲਾ ਪੁਲਸ ਅਤੇ ਏ. ਟੀ. ਐੱਸ. ਵਿਚਾਲੇ ਤਾਲਮੇਲ ਦੇ ਕਾਰਨ ਵਿਪਨ ਹੱਤਿਆਕਾਂਡ ਲੱਗਭਗ ਸੁਲਝਾਅ ਲਿਆ ਗਿਆ ਹੈ। ਪੁਲਸ ਨੇ ਦੋਸ਼ੀਆਂ ਦੀ ਸ਼ਨਾਖਤ ਕਰ ਲਈ ਅਤੇ ਇਸ ਮਾਮਲੇ ਨਾਲ ਜੁੜੇ ਦੋ ਮੁਲਜ਼ਮਾਂ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ ਪਰ ਫਿਲਹਾਲ ਨਾ ਜ਼ਿਲਾ ਪੁਲਸ ਇਸਦੀ ਪੁਸ਼ਟੀ ਕਰ ਰਹੀ ਹੈ ਅਤੇ ਨਾ ਹੀ ਐਂਟੀ-ਟੈਰੋਰਿਸਟ ਸਕੁਐਡ (ਏ. ਟੀ. ਐੱਸ.)। ਜ਼ਿਲਾ ਪੁਲਸ ਅਤੇ ਏ. ਟੀ. ਐੈੱਸ. ਵੱਲੋਂ ਕੀਤੇ ਜਾ ਰਹੇ ਜੁਆਇੰਟ ਆਪ੍ਰੇਸ਼ਨ ਵਿਚ ਇਹ ਸਾਫ ਹੋ ਚੁੱਕਾ ਹੈ ਕਿ ਹੱਤਿਆਕਾਂਡ ਦਾ ਕੋਈ ਵੀ ਪਹਿਲੂ ਅੱਤਵਾਦੀ ਸਰਗਰਮੀ ਨਾਲ ਨਹੀਂ ਜੁੜਿਆ, ਸਗੋਂ ਇਹ ਆਪਸੀ ਰੰਜਿਸ਼ ਵਿਚ ਗੋਲੀਆਂ ਮਾਰੀਆਂ ਗਈਆਂ ਸਨ। ਜ਼ਿਲਾ ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਅੱਜ ਸਾਰਜ ਨਾਲ ਜੁੜੇ ਕੁਝ ਅਜਿਹੇ ਅਪਰਾਧਿਕ ਤੱਤਾਂ ਨੂੰ ਜਾਂਚ ਲਈ ਹਿਰਾਸਤ ਵਿਚ ਲਿਆ ਹੈ, ਜਿਨ੍ਹਾਂ ਨੂੰ ਪੁਲਸ ਸੂਤਰਧਾਰ ਬਣਾ ਕੇ ਸਾਰਜ ਦੇ ਗਿਰੇਬਾਨ ਤਕ ਪਹੁੰਚ ਰਹੀ ਹੈ। ਜ਼ਿਲਾ ਪੁਲਸ ਅਤੇ ਖੁਫੀਆ ਵਿਭਾਗ ਵੱਲੋਂ ਸੋਸ਼ਲ ਮੀਡੀਆ 'ਤੇ ਪਾਈਆਂ ਜਾ ਰਹੀਆਂ ਅੱਤਵਾਦੀ ਸਰਗਰਮੀਆਂ ਨਾਲ ਜੁੜੀਆਂ ਤਸਵੀਰਾਂ ਦਾ ਜਿਥੇ ਖੰਡਨ ਕੀਤਾ ਗਿਆ, ਉਥੇ ਵਿਭਾਗ ਨੇ ਪਬਲਿਕ ਨੂੰ ਵੀ ਅਪੀਲ ਕੀਤੀ ਹੈ ਕਿ ਵਿਪਨ ਹੱਤਿਆਕਾਂਡ ਨੂੰ ਕਿਸੇ ਵੀ ਤਰ੍ਹਾਂ ਅੱਤਵਾਦੀ ਸਰਗਰਮੀ ਨਾਲ ਜੋੜ ਕੇ ਨਾ ਦੇਖਿਆ ਜਾਵੇ।
ਭਗਵਾਨਪੁਰੀਆ ਤੋਂ ਵੀ ਪੁਲਸ ਨੇ ਕੀਤੀ ਪੁੱਛਗਿੱਛ
ਚੰਡੀਗੜ੍ਹ, (ਰਮਨਜੀਤ)-ਅੰਮ੍ਰਿਤਸਰ ਦੇ ਬਟਾਲਾ ਰੋਡ ਇਲਾਕੇ ਵਿਚ ਹੋਈ ਹਿੰਦੂ ਸੰਘਰਸ਼ ਸੈਨਾ ਦੇ ਨੇਤਾ ਵਿਪਨ ਸ਼ਰਮਾ ਦੀ ਹੱਤਿਆ ਨੂੰ ਲੈ ਕੇ ਪੰਜਾਬ ਪੁਲਸ ਦੇ ਅਧਿਕਾਰੀਆਂ ਨੂੰ ਹੁਣ ਤੱਕ ਦੀ ਜਾਂਚ ਦੌਰਾਨ ਇਹ ਮਾਮਲਾ ਗੈਂਗਸਟਰਾਂ ਵਲੋਂ ਅੰਜਾਮ ਦਿੱਤਾ ਗਿਆ ਹੋਣ ਦੀ ਗੱਲ ਪਤਾ ਲੱਗੀ ਹੈ।
ਹੱਤਿਆ ਦੇ ਪਿਛੇ ਦਾ ਕਾਰਨ ਜਾਣਨ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਕਿ ਮਾਮਲੇ ਦੀਆਂ ਕੜੀਆਂ ਨੂੰ ਜੋੜਿਆ ਜਾ ਸਕੇ। ਵਿਪਨ ਸ਼ਰਮਾ 'ਤੇ ਗੋਲੀਆਂ ਦਾਗ ਰਹੇ ਹਮਲਾਵਰ ਨੂੰ ਅੰਮ੍ਰਿਤਸਰ ਤੇ ਰਾਜ ਦੇ ਕਈ ਇਲਾਕਿਆਂ ਵਿਚ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਸਾਰਜ ਸਿੰਘ ਮਿੰਟੂ ਨਾਲ ਜੋੜ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਤਸਵੀਰ 'ਤੇ ਪੁਲਸ ਵੀ ਭਰੋਸਾ ਕਰ ਰਹੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਪੰਜਾਬ ਪੁਲਸ ਦੀ ਇਕ ਟੀਮ ਵਲੋਂ ਵੀਰਵਾਰ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਆ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਪੁਲਸ ਨੂੰ ਸ਼ੱਕ ਹੈ ਕਿ ਹੁਸ਼ਿਆਰਪੁਰ ਜ਼ਿਲੇ ਵਿਚ ਆਪਣੀ ਪਿਛਲੀ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰਜ ਸਿੰਘ ਮਿੰਟੂ ਕਾਫ਼ੀ ਸਮੇਂ ਤੋਂ ਇਨਐਕਟਿਵ ਸੀ ਤੇ ਹੋ ਸਕਦਾ ਹੈ ਕਿ ਭਗਵਾਨਪੁਰੀਆ ਨਾਲ ਨਜ਼ਦੀਕੀ ਹੋਣ ਕਾਰਨ ਹੀ ਮਿੰਟੂ ਨੂੰ ਇਹ 'ਕੰਟ੍ਰੈਕਟ' ਦਿੱਤਾ ਗਿਆ ਹੋਵੇ।
ਸਾਰਜ ਅਜੇ ਪੁਲਸ ਦੀ ਗ੍ਰਿਫਤ ਤੋਂ ਦੂਰ
ਹੱਤਿਆਕਾਂਡ ਵਿਚ ਪੁਲਸ ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਜੁੜੇ ਸਾਰਜ ਉਰਫ ਮਿੰਟੂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਓਧਰ ਖੁਫੀਆ ਵਿਭਾਗ ਨੇ ਵੀਰਵਾਰ ਨੂੰ ਕੇਂਦਰੀ ਜੇਲ ਵਿਚ ਬੰਦ ਖਤਰਨਾਕ ਗੈਂਗਸਟਰ ਬੌਬੀ ਮਲਹੋਤਰਾ ਅਤੇ ਲਾਡਾ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਹੈ, ਜਿਨ੍ਹਾਂ ਤੋਂ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਵਰਣਨਯੋਗ ਹੈ ਕਿ ਇਕ ਮਹੀਨਾ ਪਹਿਲਾਂ ਬਾਜ਼ਾਰ ਦੇ ਵਿਚਕਾਰ ਗੈਂਗਸਟਰਾਂ ਨੇ ਕਾਲੂ ਪੁਲਸੀਆ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਜਦਕਿ ਉਸਦੇ ਬੇਟੇ ਗੈਂਗਸਟਰ ਸ਼ੁਭਮ ਨੂੰ ਵੀ ਇਸ ਮਾਮਲੇ ਦੇ ਨਾਲ ਜੋੜ ਕੇ ਜਾਂਚ ਚੱਲ ਰਹੀ ਹੈ।
ਇੰਟਰਨੈੱਟ ਦੇ ਜ਼ਰੀਏ ਸੰਪਰਕ 'ਚ ਅਪਰਾਧੀ
ਜ਼ਿਲਾ ਪੁਲਸ ਵੱਲੋਂ ਘਟਨਾ ਵਾਲੀ ਥਾਂ 'ਤੇ ਲਏ ਗਏ ਟਾਵਰ ਡੰਪ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਵਾਰਦਾਤ ਵਾਲੇ ਦਿਨ ਗੈਂਗਸਟਰ ਸਾਰਜ ਉਰਫ ਮਿੰਟੂ ਦੀ ਫੋਨ ਲੋਕੇਸ਼ਨ ਬਟਾਲਾ ਰੋਡ ਖੇਤਰ ਵਿਚ ਸੀ ਜਦਕਿ ਇਹ ਸ਼ਾਤਿਰ ਅਪਰਾਧੀ ਹੁਣ ਕਿਸੇ ਤਰ੍ਹਾਂ ਦਾ ਵੀ ਮੋਬਾਈਲ ਨਾ ਵਰਤ ਕੇ ਇੰਟਰਨੈੱਟ ਦੇ ਜ਼ਰੀਏ ਇਕ-ਦੂਸਰੇ ਦੇ ਨਾਲ ਸੰਪਰਕ ਵਿਚ ਹਨ। ਦੱਸਣਯੋਗ ਹੈ ਕਿ ਸਾਰਜ ਬੌਬੀ ਮਲਹੋਤਰਾ ਦੇ ਨਾਲ ਮਿਲ ਕੇ ਹੱਤਿਆਵਾਂ ਅਤੇ ਹੋਰ ਕਈ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਬੌਬੀ ਮਲਹੋਤਰਾ ਅਤੇ ਲਾਡਾ ਤੋਂ ਇਸ ਹੱਤਿਆਕਾਂਡ ਬਾਰੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਆਂਗਣਵਾੜੀ ਮੁਲਾਜ਼ਮਾਂ ਵੱਲੋਂ ਧਰਨਾ
NEXT STORY