ਕਪੂਰਥਲਾ, (ਭੂਸ਼ਣ)- ਕਪੂਰਥਲਾ ਪੁਲਸ ਨੇ ਇਕ ਅਜਿਹੇ ਲੁਟੇਰੇ ਨੂੰ ਕਾਬੂ ਕੀਤਾ ਹੈ, ਜੋ ਬਾਲ ਕੱਟੇ ਹੋਣ ਦੇ ਬਾਵਜੂਦ ਵੀ ਨਕਲੀ ਨਿਹੰਗ ਬਣਕੇ ਮੇਲਿਆਂ 'ਚ ਲੁੱਟਮਾਰ ਕਰਦਾ ਸੀ। ਸੁਲਤਾਨਪੁਰ ਲੋਧੀ 'ਚ ਗੁਰਪੁਰਬ ਦੇ ਦੌਰਾਨ ਗ੍ਰਿਫਤਾਰ ਕੀਤੇ ਗਏ ਇਸ ਲੁਟੇਰੇ ਦਾ ਦੂਜਾ ਸਾਥੀ ਫਰਾਰ ਹੋਣ 'ਚ ਕਾਮਯਾਬ ਹੋ ਗਿਆ। ਉਥੇ ਹੀ ਪੁਲਸ ਨੇ ਪੇਂਡੂ ਖੇਤਰਾਂ 'ਚ ਲੁੱਟਮਾਰ ਕਰਨ ਵਾਲੇ 8 ਹੋਰ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ।
ਜ਼ਿਲਾ ਪੁਲਸ ਲਾਈਨ 'ਚ ਪੱਤਰਕਾਰ ਸੰੰਮੇਲਨ ਨੂੰ ਸੰਬੋਧਨ ਕਰਦੇ ਹੋਏ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਨੇ ਦੱਸਿਆ ਕਿ ਪ੍ਰਕਾਸ਼ ਪੁਰਬ 'ਤੇ ਸੁਲਤਾਨਪੁਰ ਲੋਧੀ 'ਚ ਪੁਲਸ ਨੇ ਅਪਰਾਧੀ ਅਨਸਰਾਂ ਨੂੰ ਨਜ਼ਰ ਰੱਖਣ ਲਈ ਵਿਸ਼ੇਸ਼ ਟੀਮਾਂ ਬਣਾਈਆਂ ਸੀ, ਇਸ ਦੌਰਾਨ ਪੁਲਸ ਨੇ ਜੇਬ ਕੱਟਦੇ ਹੋਏ ਇਕ ਅਜਿਹੇ ਵਿਅਕਤੀ ਨੂੰ ਕਾਬੂ ਕਰ ਲਿਆ, ਜਿਸ ਨੇ ਬਾਲ ਕੱਟੇ ਹੋਣ ਦੇ ਬਾਵਜੂਦ ਵੀ ਨਿਹੰਗ ਦੇ ਕੱਪੜੇ ਪਾ ਹੋਏ ਸਨ।
ਇਸ ਮੁਲਜ਼ਮ ਨੇ ਇਕ ਕਾਂਸਟੇਬਲ ਸੰਦੀਪ ਸਿੰਘ ਦੇ ਸਿਰ 'ਤੇ ਕਿਰਪਾਨ ਨਾਲ ਵਾਰ ਕੀਤਾ ਸੀ ਪਰ ਪੁਲਸ ਪਾਰਟੀ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣਾ ਨਾਮ ਅਮਨਦੀਪ ਸਿੰਘ ਮੰਨਾ ਪੁੱਤਰ ਸਵਰਣ ਸਿੰਘ ਵਾਸੀ ਤਰਨਤਾਰਨ ਰੋਡ ਅੰਮ੍ਰਿਤਸਰ ਦੱਸਿਆ।
ਇਸ ਮਾਮਲੇ 'ਚ ਪੁਲਸ ਨੇ ਮੁਲਜ਼ਮ ਦਾ ਇਕ ਸਾਥੀ ਗੋਚਾ ਨਿਹੰਗ ਦੀ ਪਛਾਣ ਕੀਤੀ ਹੈ। ਜਿਸ ਦੀ ਤਲਾਸ਼ ਜਾਰੀ ਹੈ। ਉਥੇ ਹੀ ਦੂਜੇ ਪਾਸੇ ਸੁਲਤਾਨਪੁਰ ਲੋਧੀ ਦੇ ਪੇਂਡੂ ਖੇਤਰਾਂ 'ਚ ਔਰਤਾਂ ਨਾਲ ਲੁੱਟਮਾਰ ਕਰਨ ਅਤੇ ਹੋਰ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਮੁਲਜ਼ਮਾਂ ਜਸਵਿੰਦਰ ਸਿੰਘ ਉਰਫ ਲਾਡੀ, ਹਰਦੀਪ ਸਿੰਘ ਤੇ ਗੌਰਵ ਬਿੱਲਾ ਨਿਵਾਸੀ ਬੂਸਾਵਾਲ ਨੂੰ ਗ੍ਰਿਫਤਾਰ ਕੀਤਾ ਹੈ। ਇਸਦੇ ਕੋਲੋਂ ਨਕਦੀ ਬਰਾਮਦ ਕੀਤੀ ਗਈ ਹੈ। ਇਸਦੇ ਇਲਾਵਾ ਪੁਲਸ ਨੇ ਕਪੂਰਥਲਾ ਮਾਰਗ 'ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਤਿਆਰ ਕਰਕੇ ਰਹੇ ਬਲਜੀਤ ਸਿੰਘ ਉਰਫ ਬਲਜਿੰਦਰ ਸਿੰਘ, ਮਨਪ੍ਰੀਤ ਸਿੰਘ ਉਰਫ ਸੋਨੂ, ਹਰਮਨਜੀਤ ਸਿੰਘ ਉਰਫ ਗੁਰਪ੍ਰੀਤ ਸਿੰਘ ਤੇ ਮੱਖਣ ਸਿੰਘ ਤੇ ਜਤਿੰਦਰਜੀਤ ਸਿੰਘ ਉਰਫ ਮੰਗਾ ਸਿੰਘ ਨੂੰ ਕਾਬੂ ਕਰਕੇ ਲੁੱਟਮਾਰ ਕਰਨ ਦੀ ਸਾਜ਼ਿਸ਼ ਨੂੰ ਬੇਨਕਾਬ ਕਰ ਦਿੱਤਾ ਹੈ। ਮੁਲਜ਼ਮਾਂ ਤੋਂ ਇਕ ਦਾਤਰ, 2 ਕਿਰਪਾਨਾਂ, ਇਕ ਰਾਡ ਤੇ ਗੰਡਾਸੀ ਬਰਾਮਦ ਹੋਈ ਹੈ।
ਛੱਪੜਾਂ 'ਚ ਖੜ੍ਹਾ ਪਾਣੀ ਪੈਦਾ ਕਰ ਰਿਹੈ ਭਿਆਨਕ ਬੀਮਾਰੀਆਂ
NEXT STORY