ਜਲੰਧਰ, (ਪ੍ਰੀਤ)- ਸ਼ਹਿਰ ਦੇ ਗੈਂਗਸਟਰ ਗੁਰਸ਼ਰਨ ਸਿੰਘ ਭਾਲੂ ਦੇ ਨਿਸ਼ਾਨੇ 'ਤੇ ਪੰਚਮਨੂਰ ਤੇ ਨਾਲ-ਨਾਲ ਅੱਡਾ ਹੁਸ਼ਿਆਰਪੁਰ ਏਰੀਏ ਦਾ ਇਕ ਨੌਜਵਾਨ ਵੀ ਸੀ। ਜਨਵਰੀ ਮਹੀਨੇ ਵਿਚ ਪੰਚਮਨੂਰ ਨੂੰ ਗੋਲੀ ਮਾਰਨ ਤੋਂ ਬਾਅਦ ਭਾਲੂ ਤੇ ਉਸਦੇ ਸਾਥੀ ਅੱਡਾ ਹੁਸ਼ਿਆਰਪੁਰ ਏਰੀਏ ਵਿਚ ਉਸਨੂੰ ਲੱੱਭਣ ਵੀ ਗਏ ਪਰ ਉਹ ਨਹੀਂ ਮਿਲਿਆ। ਭਾਲੂ ਵਲੋਂ ਇਕ ਵਾਰ ਫਿਰ ਦੋਵਾਂ ਨੂੰ ਮਾਰਨ ਲਈ ਯੋਜਨਾ 'ਤੇ ਕੰਮ ਕੀਤਾ ਜਾ ਰਿਹਾ ਸੀ। ਪੁਲਸ ਇਸ ਤੱਥ ਬਾਰੇ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਕਮਿਸ਼ਨਰੇਟ ਤੇ ਐੱਸ. ਟੀ. ਐੱਫ. ਦੀ ਟੀਮ ਨੇ ਗੁਰਸ਼ਰਨ ਸਿੰਘ ਭਾਲੂ, ਮਨੂੰ ਢਾਬਾ ਤੇ ਉਸਦੇ 6 ਸਾਥੀਆਂ ਨੂੰ ਫੜਿਆ। ਇਕ ਗੱਲ ਤਾਂ ਸਪੱਸ਼ਟ ਸੀ ਕਿ ਗੁਰਸ਼ਰਨ ਸਿੰਘ ਭਾਲੂ ਦੀ ਪੰਚਮਨੂਰ ਨਾਲ ਦੁਸ਼ਮਣੀ ਹੈ ਪਰ ਪੁੱਛਗਿੱੱਛ ਵਿਚ ਖੁਲਾਸਾ ਹੋਇਆ ਹੈ ਕਿ ਭਾਲੂ ਤੇ ਉਸਦੇ ਸਾਥੀ ਪੰਚਮਨੂਰ ਦੇ ਨਾਲ-ਨਾਲ ਅੱਡਾ ਹੁਸ਼ਿਆਰਪੁਰ ਦੇ ਨਾਲ ਲਗਦੇ ਮੁਹੱਲੇ ਦੇ ਰਹਿਣ ਵਾਲੇ ਇਕ ਹੋਰ ਨੌਜਵਾਨ ਨੂੰ ਵੀ ਮਾਰਨਾ ਚਾਹੁੰਦੇ ਸਨ। ਜਨਵਰੀ ਮਹੀਨੇ ਵਿਚ ਜਦੋਂ ਭਾਲੂ ਨੇ ਰੇਕੀ ਤੋਂ ਬਾਅਦ ਪੰਚਮਨੂਰ ਨੂੰ ਗੋਲੀ ਮਾਰੀ ਤਾਂ ਇਸ ਤੋਂ ਬਾਅਦ ਉਹ ਮਨੂੰ ਢਾਬੇ ਦੇ ਨਾਲ ਸਿੱਧਾ ਅੱਡਾ ਹੁਸ਼ਿਆਰਪੁਰ ਨਾਲ ਲਗਦੇ ਇਕ ਮੁਹੱਲੇ ਵਿਚ ਨੌਜਵਾਨ ਦੇ ਘਰ ਵਿਚ ਗਏ ਪਰ ਉਸ ਨੌਜਵਾਨ ਨਾਲ ਭਾਲੂ ਦਾ ਸਾਹਮਣਾ ਨਹੀਂ ਹੋਇਆ। ਭਾਲੂ ਤੇ ਉਸਦੇ ਸਾਥੀ ਤੁਰੰਤ ਉਥੋਂ ਫਰਾਰ ਹੋ ਗਏ। ਸੂਤਰਾਂ ਨੇ ਦੱਸਿਆ ਕਿ ਹੁਣ ਭਾਲੂ ਇਕ ਵਾਰ ਫਿਰ ਪੰਚਮਨੂਰ ਤੇ ਉਸ ਦੂਜੇ ਨੌਜਵਾਨ ਨੂੰ ਮਾਰਨ ਦੀ ਫਿਰਾਕ ਵਿਚ ਸੀ। ਪਤਾ ਲੱਗਾ ਹੈ ਕਿ ਕਰੀਬ ਦੋ ਹਫਤੇ ਪਹਿਲਾਂ ਭਾਲੂ ਤੇ ਉਸਦੇ ਸਾਥੀ ਜਲੰਧਰ ਵਿਚ ਦੋਵਾਂ ਨੂੰ ਮਾਰਨ ਲਈ ਲੁਕ ਕੇ ਆਏ ਸਨ ਪਰ ਖੁਸ਼ਕਿਸਮਤੀ ਨਾਲ ਦੋਵਾਂ ਦਾ ਸਾਹਮਣਾ ਫਿਰ ਭਾਲੂ ਨਾਲ ਨਹੀਂ ਹੋਇਆ। ਸੂਤਰਾਂ ਦੀ ਮੰਨੀਏ ਤਾਂ ਦੋ ਹਫਤੇ ਪਹਿਲਾਂ ਹੋਈ ਕੋਸ਼ਿਸ਼ ਦੀ ਸੂਚਨਾ ਮਿਲਣ ਤੋਂ ਬਾਅਦ ਹੀ ਪੁਲਸ ਜ਼ਿਆਦਾ ਸਰਗਰਮ ਹੋਈ। ਕਿਉਂਕਿ ਪੁਲਸ ਨੂੰ ਸ਼ੱਕ ਸੀ ਕਿ ਜੇਕਰ ਭਾਲੂ ਨੇ ਕੋਈ ਹੋਰ ਵਾਰਦਾਤ ਕੀਤੀ ਤਾਂ ਕਿਰਕਿਰੀ ਹੋ ਸਕਦੀ ਹੈ। ਇਸ ਲਈ ਐਕਟਿਵ ਹੋਈ ਪੁਲਸ ਟੀਮ ਨੇ ਭਾਲੂ ਗੈਂਗ 'ਤੇ ਪੂਰੀ ਤਰ੍ਹਾਂ ਸ਼ਿਕੰਜਾ ਕੱਸ ਦਿੱਤਾ। ਇਸ ਸਬੰਧ ਵਿਚ ਅਧਿਕਾਰੀ ਫਿਲਹਾਲ ਚੁੱਪ ਵੱਟੀ ਬੈਠੇ ਹਨ।
ਭਾਲੂ ਤੇ ਮਨੂੰ ਢਾਬੇ ਕੋਲੋਂ ਬਰਾਮਦ ਦੋ ਪਿਸਤੌਲ, ਮੈਗਜ਼ੀਨ ਤੇ ਕਾਰਤੂਸ- ਕਮਿਸ਼ਨਰੇਟ ਤੇ ਐੱਸ. ਟੀ. ਐੱਫ. ਦੇ ਸਾਂਝੇ ਆਪ੍ਰੇਸ਼ਨ ਵਿਚ ਫੜੇ ਗਏ 6 ਗੈਂਗਸਟਰਾਂ ਦੀ ਗ੍ਰਿਫਤਾਰੀ ਦਾ ਖੁਲਾਸਾ ਅੱਜ ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨ੍ਹਾ ਨੇ ਪ੍ਰੈੱਸ ਕਾਨਫਰੰਸ ਵਿਚ ਕੀਤਾ। ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨ੍ਹਾ ਨੇ ਦੱਸਿਆ ਕਿ ਗੈਂਗਸਟਰਾਂ ਨੂੰ ਫੜਣ ਲਈ ਐੱਸ. ਟੀ. ਐੱਫ. ਦੇ ਏ. ਆਈ. ਜੀ. ਮੁਖਵਿੰਦਰ ਸਿੰਘ ਭੁੱਲਰ , ਡੀ. ਐੱਸ. ਪੀ. ਰਾਜਿੰਦਰ ਸਿੰਘ, ਏ. ਸੀ. ਪੀ. ਮਨਪ੍ਰੀਤ ਸਿੰਘ ਢਿੱਲੋਂ, ਐੱਸ. ਟੀ. ਐੱਫ. ਦੇ ਇੰਸਪੈਕਟਰ ਬਰਜਿੰਦਰ ਸਿੰਘ , ਐੱਸ. ਐੱਚ. ਓ. ਗੁਰਪ੍ਰੀਤ ਸਿੰਘ, ਏ. ਐੱਸ. ਆਈ. ਸੁਖਜਿੰਦਰ ਸਿੰਘ 'ਤੇ ਆਧਾਰਿਤ ਟੀਮ ਗਠਿਤ ਕੀਤੀ ਗਈ ਸੀ। ਪੁਲਸ ਨੇ ਸੁਭਾਨਾ ਚੌਕ ਦੇ ਕੋਲੋਂ ਹੌਂਡਾ ਕਾਰ ਵਿਚ ਆ ਰਹੇ ਗੈਂਗਸਟਰ ਨੂੰ ਰੋਕਿਆ।
ਕਾਰ ਸਵਾਰ ਗੈਂਗਸਟਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਟੀਮ ਨੇ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ। ਪੁਲਸ ਕਮਿਸ਼ਨਰ ਪ੍ਰਵੀਨ ਸਿਨ੍ਹਾ ਨੇ ਦੱਸਿਆ ਕਿ ਗੁਰਸ਼ਰਨ ਸਿੰਘ ਭਾਲੂ ਵਾਸੀ ਭਾਈ ਦਿੱਤ ਸਿੰਘ ਨਗਰ ਤੇ ਮਨਮੋਹਨ ਸਿੰਘ ਉਰਫ ਮਨੂੰ ਢਾਬਾ ਵਾਸੀ ਢੰਨ ਮੁਹੱਲਾ ਨੂੰ ਗ੍ਰਿਫਤਾਰ ਕਰ ਲਿਆ। ਦੋਵਾਂ ਦੇ ਕੋਲੋਂ ਪੁਲਸ ਨੇ ਦੋ ਪਿਸਤੌਲ, 3 ਮੈਗਜ਼ੀਨ,11 ਕਾਰਤੂਸ ਬਰਾਮਦ ਕੀਤੇ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪੁੱਛਗਿੱਛ ਤੋਂ ਬਾਅਦ ਪੁਲਸ ਨੇ ਭਾਲੂ ਗੈਂਗ ਦੇ ਹੋਰ ਸਾਥੀ ਹਰਜੀਤ ਸਿੰਘ ਉਰਫ ਹੈਪੀ ਵਾਸੀ ਅਜੀਤ ਸਿੰਘ ਨਗਰ ਕਪੂਰਥਲਾ, ਪਰਮਜੋਤ ਸਿੰਘ ਉਰਫ ਭਾਊ ਜੋਤ ਵਾਸੀ ਭੀਮ ਨਗਰ, ਪਿੰਡ ਨੂਰਪੁਰ ਜਲੰਧਰ, ਮੋਹਿਤ ਗੁਪਤਾ ਵਾਸੀ ਬਾਬਾ ਸਾਵਨ ਸਿੰਘ ਨਗਰ , ਬਿਆਸ, ਅੰਮ੍ਰਿਤਸਰ ਤੇ ਵਿਸ਼ਾਲ ਸ਼ਰਮਾ ਵਾਸੀ ਮਹਿੰਦਰੂ ਮੁਹੱਲਾ ਨੂੰ ਗ੍ਰਿਫਤਾਰ ਕੀਤਾ ਹੈ। ਪਤਾ ਲੱਗਾ ਹੈ ਕਿ ਭਾਊ ਜੋਤ , ਮੋਹਿਤ, ਹੈਪੀ ਨੇ ਨੂਰਪੁਰ ਏਰੀਏ ਵਿਚ ਕੋਠੀ ਲਈ ਹੋਈ ਸੀ। ਪਿਛਲੇ ਸਮੇਂ ਜਦੋਂ ਭਾਲੂ ਜਲੰਧਰ ਆਇਆ ਤਾਂ ਇਥੇ ਰੁਕਿਆ। ਉਕਤ ਸਾਰੇ ਲੋਕ ਜਲੰਧਰ ਵਿਚ ਰਹਿ ਕੇ ਦੁਸ਼ਮਣਾਂ ਦੀਆਂ ਸੂਚਨਾਵਾਂ ਭਾਲੂ ਤਕ ਪਹੁੰਚਾਉਂਦੇ ਸਨ।
ਲੋਕਾਂ ਨੂੰ ਡਰਾ ਕੇ ਵਸੂਲੀ ਕਰ ਰਿਹਾ ਸੀ ਭਾਲੂ ਗੈਂਗ- ਪੁਲਸ ਕਮਿਸ਼ਨਰ ਪ੍ਰਵੀਨ ਸਿਨ੍ਹਾ ਨੇ ਦੱਸਿਆ ਕਿ ਗੈਂਗਸਟਰ ਭਾਲੂ ਤੇ ਉਸਦੇ ਸਾਥੀਆਂ ਨੇ ਆਪਣੀ ਦਹਿਸ਼ਤ ਫੈਲਾਈ ਹੋਈ ਸੀ। ਭਾਲੂ ਗੈਂਗ ਵਲੋਂ ਲੋਕਾਂ ਨੂੰ ਡਰਾ ਧਮਕਾ ਕੇ ਵਸੂਲੀ ਕੀਤੀ ਜਾ ਰਹੀ ਸੀ। ਭਾਲੂ ਫਰਾਰੀ ਦੌਰਾਨ ਆਪਣੀ ਜਗ੍ਹਾ ਲਗਾਤਾਰ ਬਦਲਦਾ ਰਿਹਾ, ਜਿਸ ਕਾਰਨ ਪੁਲਸ ਦੇ ਹੱਥੇ ਨਹੀਂ ਚੜ੍ਹਿਆ।
ਭਾਲੂ 'ਤੇ ਹਨ 15 ਕੇਸ, ਕਈਆਂ 'ਚ ਭਗੌੜਾ- ਪੁਲਸ ਕਮਿਸ਼ਨਰ ਪ੍ਰਵੀਨ ਸਿਨ੍ਹਾ ਨੇ ਦੱਸਿਆ ਇਕ ਗੈਂਗਸਟਰ ਭਾਲੂ ਦੇ ਖਿਲਾਫ ਜਲੰਧਰ ਵਿਚ ਹੀ 13 ਤੇ ਦੋ ਕੇਸ ਹੋਰ ਜ਼ਿਲਿਆਂ ਵਿਚ ਦਰਜ ਹਨ। ਜ਼ਿਆਦਾਤਰ ਕੇਸਾਂ ਵਿਚ ਅਦਾਲਤ ਤੋਂ ਭਗੌੜਾ ਵੀ ਕਰਾਰ ਦਿੱਤਾ ਜਾ ਚੁੱਕਾ ਹੈ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਹੱਤਿਆ ਦੀ ਕੋਸ਼ਿਸ਼, ਗੁੰਡਾਗਰਦੀ ਤੇ ਕੁੱਟਮਾਰ ਦੇ ਕੇਸ ਦਰਜ ਹਨ,ਇਸ ਤੋਂ ਇਲਾਵਾ ਮਨੂ ਢਾਬਾ ਦੇ ਖਿਲਾਫ ਹੱਤਿਆ ਦੀ ਕੋਸ਼ਿਸ਼ ਸਣੇ ਤਿੰਨ ਕੇਸ, ਹੈਪੀ, ਪਰਮਜੋਤ ਸਿੰਘ ਤੇ ਮੋਹਿਤ ਗੁਪਤਾ ਦੇ ਖਿਲਾਫ 1-1 ਕੇਸ ਦਰਜ ਹਨ।
ਸੁਪਾਰੀ ਕਿਲਿੰਗ, ਫਿਰੌਤੀ ਤੇ ਹੋਰ ਗੈਂਗਸਟਰਾਂ ਨਾਲ ਸੰਬੰਧਾਂ ਦੀ ਹੋ ਰਹੀ ਹੈ ਜਾਂਚ- ਪੁਲਸ ਕਮਿਸ਼ਨਰ ਪ੍ਰਵੀਨ ਸਿਨ੍ਹਾ ਨੇ ਕਿਹਾ ਕਿ ਭਾਲੂ ਸੂਬਾ ਪੁਲਸ ਦੀ ਬੀ-ਕੈਟਾਗਿਰੀ ਦੀ ਲਿਸਟ ਵਿਚ ਹੈ। ਉਸਦੇ ਹੋਰ ਪ੍ਰਮੁਖ ਗੈਂਗਸਟਰਾਂ ਨਾਲ ਸੰਬੰਧ ਹਨ ਜਾਂ ਨਹੀਂ, ਇਸ ਬਾਰੇ ਵਿਚ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਭਾਲੂ ਤੇ ਉਸ ਦੇ ਸਾਥੀ ਸੁਪਾਰੀ ਕਿਲਿੰਗ, ਵਸੂਲੀ ਵਿਚ ਸ਼ਾਮਲ ਹਨ, ਇਸ ਬਾਰੇ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।
ਇਲੈਕਟ੍ਰੀਸ਼ੀਅਨ ਨੂੰ ਲੁੱਟ ਕੇ ਭੱਜਣ ਵਾਲੇ ਅੜਿੱਕੇ
NEXT STORY