ਜਲੰਧਰ (ਬੁਲੰਦ)— ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਮੁਆਫੀਨਾਮੇ ਦੇ ਸ਼ਗੂਫਿਆਂ ਤੋਂ ਪਾਰਟੀ ਦੀ ਪੰਜਾਬ ਇਕਾਈ ਦੇ ਵਰਕਰ ਬੇਹੱਦ ਨਿਰਾਸ਼ ਹੋ ਚੁੱਕੇ ਹਨ। ਪਾਰਟੀ ਦੇ ਗਠਨ ਸਮੇਂ ਜੋ ਵਰਕਰ ਪੂਰੇ ਜੋਸ਼ ਨਾਲ ਪਾਰਟੀ ਲਈ ਇਕ ਖਾਸ ਸੋਚ ਦੇ ਆਧਾਰ 'ਤੇ ਕੰਮ ਕਰ ਰਿਹਾ ਸੀ, ਨੂੰ ਕੇਜਰੀਵਾਲ ਦੀ ਮੁਆਫੀ ਮੰਗਣ ਦੀ ਘਟਨਾ ਨਾਲ ਡੂੰਘਾ ਸਦਮਾ ਪੁੱਜਾ ਹੈ।
ਮਾਮਲੇ ਬਾਰੇ ਪਾਰਟੀ ਦੇ ਇਕ ਪੁਰਾਣੇ ਵਰਕਰ ਦਾ ਕਹਿਣਾ ਹੈ ਕਿ ਉਹ ਅੰਨਾ ਹਜ਼ਾਰੇ ਲਹਿਰ ਤੋਂ ਹੀ ਪਾਰਟੀ ਨਾਲ ਜੁੜਿਆ ਹੈ ਅਤੇ ਪਾਰਟੀ ਲਈ ਬਿਨਾਂ ਕਿਸੇ ਮੰਗ ਜਾਂ ਇੱਛਾ ਦੇ ਕੰਮ ਕਰ ਰਿਹਾ ਹੈ। ਉਸ ਨੂੰ ਸਿਰਫ ਇਕ ਹੀ ਗੱਲ ਕੇਜਰੀਵਾਲ ਦੀ ਚੰਗੀ ਲੱਗੀ ਸੀ ਕਿ ਉਸ ਨੇ ਵੱਡੇ ਆਗੂਆਂ ਦੀ ਪੋਲ ਖੋਲ੍ਹੀ ਸੀ। ਭਾਵੇਂ ਨਸ਼ਿਆਂ ਦਾ ਮੁੱਦਾ ਹੋਵੇ ਜਾਂ ਮਨੀ ਲਾਂਡਰਿੰਗ ਦਾ। ਕੇਜਰੀਵਾਲ ਨੇ ਪੰਜਾਬ ਦੇ ਵੱਡੇ ਆਗੂਆਂ ਨੂੰ ਜਨਤਾ ਸਾਹਮਣੇ ਨੰਗਾ ਕੀਤਾ ਸੀ।
ਵਰਕਰ ਨੇ ਕਿਹਾ ਕਿ ਜਿਵੇਂ ਹੀ ਉਸ ਨੇ ਸੁਣਿਆ ਕਿ ਕੇਜਰੀਵਾਲ ਨੇ ਬਿਕਰਮ ਸਿੰਘ ਮਜੀਠੀਆ ਕੋਲੋਂ ਮੁਆਫੀ ਮੰਗੀ ਹੈ, ਉਸ ਨੇ ਉਸ ਵੇਲੇ ਹੀ ਤੈਅ ਕੀਤਾ ਕਿ ਆਪਣੇ ਨਾਂ ਨਾਲੋਂ 'ਆਪ' ਪਾਰਟੀ ਦਾ ਟੈਗ ਹਮੇਸ਼ਾ ਲਈ ਲਾਹ ਦੇਣਾ ਹੈ।
ਇਕ ਹੋਰ ਪਾਰਟੀ ਵਰਕਰ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਨੂੰ ਵਿਸ਼ਵਾਸ 'ਚ ਲਏ ਪਾਰਟੀ ਪ੍ਰਧਾਨ ਨੇ ਮਜੀਠੀਆ, ਅਮਿਤ ਸ਼ਾਹ ਅਤੇ ਹੋਰ ਆਗੂਆਂ ਕੋਲੋਂ ਮੁਆਫੀ ਮੰਗ ਕੇ ਆਮ ਵਰਕਰ ਨੂੰ ਦੱਸ ਦਿੱਤਾ ਹੈ ਕਿ ਜਿਸ ਪਾਰਟੀ ਵਿਚ ਵੱਡੇ ਆਗੂਆਂ ਦੀ ਟਕੇ ਜਿਹੀ ਬੁੱਕਤ ਨਹੀਂ, ਉਥੇ ਆਮ ਵਰਕਰ ਨੂੰ ਕੌਣ ਪੁੱਛੇਗਾ।
ਇਕ ਹੋਰ ਵਰਕਰ ਨੇ ਕਿਹਾ ਕਿ ਕੇਜਰੀਵਾਲ ਦੇ ਮੁਆਫੀਨਾਮੇ ਕਾਰਨ ਹੁਣ ਦੂਜੀਆਂ ਪਾਰਟੀਆਂ ਦੇ ਵਰਕਰਾਂ ਨੇ 'ਆਪ' ਪਾਰਟੀ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਭਾਜਪਾ ਦੇ ਇਕ ਵਰਕਰ ਨੇ ਉਸ ਨੂੰ ਤਾਅਨਾ ਮਾਰਿਆ ਕਿ ਹੁਣ ਤੁਹਾਡਾ ਪ੍ਰਧਾਨ ਕਿਸ 'ਤੇ ਦੋਸ਼ ਲਾਏਗਾ, ਜਿਸ ਦੇ ਲਈ ਬਾਅਦ 'ਚ ਮੁਆਫੀ ਵੀ ਮੰਗਣੀ ਹੈ। ਪਾਰਟੀ ਵਰਕਰਾਂ ਦੀਆਂ ਗੱਲਾਂ ਤੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ 'ਆਪ' ਪਾਰਟੀ ਲਈ ਰਸਤਾ ਮੁਸ਼ਕਲਾਂ ਭਰਿਆ ਹੀ ਜਾਪਦਾ ਹੈ। ਮਾਮਲੇ ਬਾਰੇ ਪਾਰਟੀ ਦੇ ਇਕ ਸੀਨੀਅਰ ਆਗੂ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਪਾਰਟੀ ਤੋਂ ਜ਼ਮੀਨੀ ਪੱਧਰ ਦੇ ਆਗੂਆਂ ਤੇ ਵਰਕਰਾਂ ਦਾ ਮੋਹ ਭੰਗ ਹੋ ਚੁੱਕਾ ਹੈ।
ਪੈਰੋਲ ਛੁੱਟੀ 'ਤੇ ਆਏ ਕੈਦੀ ਦੇ ਵਾਪਸ ਜੇਲ ਨਾ ਪਹੁੰਚਣ 'ਤੇ ਕੇਸ ਦਰਜ
NEXT STORY