ਚੰਡੀਗੜ੍ਹ (ਰਮਨਜੀਤ) - ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਉੱਚ ਅਧਿਕਾਰੀਆਂ ਦੀ ਆਪਸੀ ਖਿੱਚੋਤਾਣ ਦੇ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਲਾਇਆ ਹੈ। ਉਨ੍ਹਾਂ ਕਿਹਾ ਹੈ ਕਿ ਡਰੱਗ ਮਾਫੀਆ ਨਾਲ ਡੂੰਘੇ ਸਬੰਧਾਂ ਦਾ ਖੁਲਾਸਾ ਹੋਣ ਦੇ ਬਾਵਜੂਦ ਬਿਕਰਮ ਸਿੰਘ ਮਜੀਠੀਆ, ਡੀ. ਜੀ. ਪੀ. ਸੁਰੇਸ਼ ਅਰੋੜਾ ਤੇ ਡੀ. ਜੀ. ਪੀ. ਦਿਨਕਰ ਗੁਪਤਾ ਖਿਲਾਫ਼ ਕਾਰਵਾਈ ਕਰਨ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਅਸਫ਼ਲ ਰਹਿਣਾ ਕਾਫ਼ੀ ਹੈਰਾਨੀਜਨਕ ਹੈ, ਉਸ ਤੋਂ ਵੀ ਵੱਧ ਅਜੀਬ ਇਸ ਮਾਮਲੇ 'ਚ ਕੈਪਟਨ ਅਮਰਿੰਦਰ ਸਿੰਘ ਵਲੋਂ ਉਠਾਇਆ ਗਿਆ ਕਦਮ ਹੈ, ਜਿਸ ਵਿਚ 'ਵ੍ਹਿਸਲ ਬਲੋਅਰ' ਐੱਸ. ਚਟੋਪਾਧਿਆਏ ਖਿਲਾਫ਼ 'ਅਨੁਸ਼ਾਸਨਹੀਣਤਾ' ਦਾ ਹਥਿਆਰ ਇਸਤੇਮਾਲ ਕਰ ਕੇ ਉਨ੍ਹਾਂ ਨੂੰ ਚੁੱਪ ਕਰਵਾਉਣ ਦਾ ਯਤਨ ਕੀਤਾ ਗਿਆ ਹੈ। ਖਹਿਰਾ ਨੇ ਕਿਹਾ ਕਿ ਇਕ ਡੀ. ਜੀ. ਪੀ. ਪੱਧਰ ਦੇ ਅਧਿਕਾਰੀ ਵਲੋਂ ਆਪਣੀ ਹੀ ਪੁਲਸ ਵਲੋਂ ਇੰਦਰਪ੍ਰੀਤ ਚੱਢਾ ਖੁਦਕੁਸ਼ੀ ਮਾਮਲੇ ਵਿਚ ਝੂਠਾ ਫਸਾਏ ਜਾਣ ਤੋਂ ਬਚਣ ਲਈ ਹਾਈਕੋਰਟ ਤੱਕ ਪਹੁੰਚ ਕੀਤੇ ਜਾਣ ਨੂੰ ਕਿਸੇ ਤਰ੍ਹਾਂ ਵੀ ਅਨੁਸ਼ਾਸਨਹੀਣਤਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਇਨਸਾਫ਼ ਲਈ ਬਣਾਈ ਗਈ ਇਕ ਸੰਵਿਧਾਨਿਕ ਸੰਸਥਾ ਹੈ।
ਖਹਿਰਾ ਨੇ ਕਿਹਾ ਕਿ ਡਰੱਗ ਮਾਫੀਆ ਨਾਲ ਅਰੋੜਾ, ਗੁਪਤਾ ਤੇ ਐੱਸ. ਐੱਸ. ਪੀ. ਰਾਜਜੀਤ ਸਿੰਘ ਹੁੰਦਲ ਦੇ ਸਬੰਧਾਂ ਦੀ ਰਿਪੋਰਟ ਡੀ. ਜੀ. ਪੀ. ਚਟੋਪਾਧਿਆਏ ਵਲੋਂ ਹਾਈਕੋਰਟ ਨੂੰ ਦਿੱਤੀ ਜਾਣੀ, ਉਨ੍ਹਾਂ ਦਾ ਕਾਨੂੰਨੀ ਅਧਿਕਾਰ ਹੈ। ਚਟੋਪਾਧਿਆਏ ਨੂੰ 'ਦਾਗ਼ੀ ਇੰਸਪੈਕਟਰ' ਇੰਦਰਪ੍ਰੀਤ ਸਿੰਘ ਦੇ ਮਾਮਲੇ ਵਿਚ ਐੱਸ. ਐੱਸ. ਪੀ. ਰਾਜਜੀਤ ਸਿੰਘ ਹੁੰਦਲ ਦੇ ਲਿੰਕ ਦੀ ਜਾਂਚ ਕਰਨ ਲਈ ਹਾਈਕੋਰਟ ਨੇ ਹੀ ਨਿਯੁਕਤ ਕੀਤਾ ਹੈ।
ਕਾਰਵਾਈ ਨਾ ਕਰ ਕੇ ਕੈਪਟਨ ਨੇ ਦਿਖਾਇਆ ਕਿ ਉਹ ਬਾਦਲ ਦੇ ਨਾਲ ਹਨ
ਖਹਿਰਾ ਨੇ ਕਿਹਾ ਕਿ ਇਹ ਠੀਕ ਉਹੋ ਜਿਹਾ ਹੀ ਲੱਗ ਰਿਹਾ ਹੈ, ਜਿਵੇਂ ਕੈਨੇਡਾ ਦੇ ਡਰੱਗ ਮਾਫੀਆ ਸਤਪ੍ਰੀਤ ਸਿੰਘ ਸੱਤਾ ਤੇ ਪਰਮਿੰਦਰ ਸਿੰਘ ਪਿੰਦੀ ਨਾਲ ਬਿਕਰਮ ਸਿੰਘ ਮਜੀਠੀਆ ਦੇ ਸਬੰਧਾਂ ਦੇ ਪੁਖਤਾ ਸਬੂਤ ਐੱਸ. ਟੀ. ਐੱਫ. ਵਲੋਂ ਹਾਈਕੋਰਟ 'ਚ ਦਿੱਤੇ ਜਾਣ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਜੀਠੀਆ ਖਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੇ, ਉਲਟਾ ਇਸ ਗੱਲ ਦਾ ਐਲਾਨ ਜ਼ਰੂਰ ਕੀਤਾ ਸੀ ਕਿ ਰਿਪੋਰਟ ਲੀਕ ਹੋਣ ਦੀ ਜਾਂਚ ਕਰਵਾਈ ਜਾਵੇਗੀ। ਖਹਿਰਾ ਨੇ ਕਿਹਾ ਕਿ ਇਸ ਮਾਮਲੇ ਵਿਚ ਤਾਂ 40 ਕਾਂਗਰਸੀ ਵਿਧਾਇਕਾਂ ਵਲੋਂ ਲਿਖ ਕੇ ਕੀਤੀ ਗਈ ਅਪੀਲ 'ਤੇ ਵੀ ਕੈਪਟਨ ਅੱਖਾਂ ਬੰਦ ਕਰ ਕੇ ਬੈਠੇ ਹੋਏ ਹਨ। ਖਹਿਰਾ ਨੇ ਦੋਸ਼ ਲਾਇਆ ਕਿ ਮਜੀਠੀਆ, ਅਰੋੜਾ ਤੇ ਦਿਨਕਰ ਗੁਪਤਾ ਖਿਲਾਫ਼ ਕੋਈ ਵੀ ਜਾਂਚ ਸ਼ੁਰੂ ਨਾ ਕਰਵਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਤੋਂ ਦਿਖਾਇਆ ਹੈ ਕਿ ਜਦ ਡਰੱਗਜ਼ ਜਾਂ ਭ੍ਰਿਸ਼ਟਾਚਾਰ ਦੀ ਗੱਲ ਆਉਂਦੀ ਹੈ ਤਾਂ ਉਹ ਤੇ ਬਾਦਲ ਆਪਸ 'ਚ ਇਕੱਠੇ ਹਨ।
ਦੋਵਾਂ ਅਧਿਕਾਰੀਆਂ ਨੂੰ ਕਲੀਨ ਚਿੱਟ ਦੇਣ ਤੋਂ ਬਚਣ ਕੈਪਟਨ
ਖਹਿਰਾ ਨੇ ਕਿਹਾ ਕਿ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਅਰੋੜਾ ਕਾਂਗਰਸ ਤੇ ਅਕਾਲੀ ਦਲ ਦੋਵਾਂ ਦਾ ਹੀ ਸਾਂਝਾ ਡੀ. ਜੀ. ਪੀ. ਹੈ, ਇਸ ਲਈ ਸੁਖਬੀਰ ਬਾਦਲ ਉਸ ਦੇ ਗਲਤ ਕੰਮਾਂ ਵਿਚ ਹਮਾਇਤ ਕਰਨ ਨੂੰ ਪਹਿਲ ਦੇ ਰਹੇ ਹਨ। ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਡੀ. ਜੀ. ਪੀ. ਸੁਰੇਸ਼ ਅਰੋੜਾ ਅਤੇ ਦਿਨਕਰ ਗੁਪਤਾ ਨੂੰ ਦਾਗੀ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਦਿੱਤੀ 'ਕਲੀਨ ਚਿੱਟ' ਵਾਂਗ ਪਹਿਲਾਂ ਤੋਂ ਹੀ ਬਣਾਈਆਂ 'ਕਲੀਨ ਚਿੱਟਾਂ' ਦੇਣ ਤੋਂ ਗੁਰੇਜ਼ ਕਰਨ ਤੇ ਸਹੀ ਤਰੀਕੇ ਨਾਲ ਜਾਂਚ ਕਰਵਾਉਣ, ਨਹੀਂ ਤਾਂ ਇਹ ਸਮਝ ਲਿਆ ਜਾਵੇਗਾ ਕਿ ਕੈਪਟਨ ਨੇ ਚੋਣਾਂ ਤੋਂ ਪਹਿਲਾਂ ਗੁਟਕਾ ਸਾਹਿਬ ਹੱਥ 'ਚ ਲੈ ਕੇ ਜੋ ਸਹੁੰ ਖਾਧੀ ਸੀ, ਉਹ ਨਸ਼ਾ ਖਤਮ ਕਰਨ ਦੀ ਨਹੀਂ, ਬਲਕਿ ਨਸ਼ਾ ਸਮੱਗਲਰਾਂ ਦੇ ਸਾਥੀਆਂ ਨੂੰ ਬਚਾਉਣ ਦੀ ਸੀ।
ਬੇਟੇ ਦੇ ਮੈਡਲ ਦਾ ਰੰਗ ਬਦਲਣ ਦਾ ਕੋਈ ਗਮ ਨਹੀਂ ਪਰ ਤਿਰੰਗਾ ਉੱਚਾ ਲਹਿਰਾਉਣ ਦਾ ਮਾਣ
NEXT STORY