ਕਪੂਰਥਲਾ : ਕਪੂਰਥਲਾ 'ਚ 7 ਸਾਲ ਪਹਿਲਾਂ ਵਾਪਰੇ ਤੇਜ਼ਾਬ ਕਾਂਡ 'ਚ 10 ਸਾਲ ਦੀ ਸਜ਼ਾ ਕੱਟ ਰਿਹਾ ਦੋਸ਼ੀ ਅਚਾਨਕ ਪੈਰੋਲ 'ਤੇ ਜੇਲ 'ਚੋਂ ਬਾਹਰ ਆ ਗਿਆ, ਜਿਸ ਤੋਂ ਬਾਅਦ ਪੀੜਤ ਪਰਿਵਾਰ ਮੁੜ ਸਹਿਮ ਉੱਠਿਆ ਅਤੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਦੋਸ਼ੀ ਨੂੰ ਪੈਰੋਲ ਦੇਣ 'ਤੇ ਜੇਲ ਪ੍ਰਸ਼ਾਸਨ ਅਤੇ ਪੁਲਸ ਦੀ ਕਾਰਗੁਜ਼ਾਰੀ 'ਤੇ ਵੀ ਕਈ ਸਵਾਲ ਖੜ੍ਹੇ ਹੋ ਗਏ ਹਨ। ਜਾਣਕਾਰੀ ਮੁਤਾਬਕ ਸਾਲ 2010 'ਚ ਦੋਸ਼ੀ ਜਗਜੀਵਨ ਨੇ ਆਪਣੇ ਸਾਥੀਆਂ ਸਮੇਤ ਪਿੰਡ ਟਾਂਡੀ ਦੀ ਰਹਿਣ ਵਾਲੀ ਕੁੜੀ 'ਤੇ ਤੇਜ਼ਾਬ ਸੁੱਟ ਦਿੱਤਾ ਸੀ। ਪੀੜਤ ਪਰਿਵਾਰ ਵਲੋਂ ਲੰਬੀ ਲੜਾਈ ਲੜਨ ਤੋਂ ਬਾਅਦ ਅਗਸਤ, 2016 'ਚ ਜਗਜੀਵਨ ਸਮੇਤ ਬਾਕੀ ਦੋਸ਼ੀਆਂ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਪਰ ਸਜ਼ਾ ਮਿਲਣ ਦੇ 2-3 ਮਹੀਨਿਆਂ ਬਾਅਦ ਹੀ ਜਗਜੀਵਨ ਪੈਰੋਲ 'ਤੇ ਬਾਹਰ ਆ ਗਿਆ ਅਤੇ ਫਿਰ ਪੀੜਤਾ ਦੇ ਪਰਿਵਾਰ ਨੂੰ ਡਰਾਉਣ-ਧਮਕਾਉਣ ਲੱਗ ਪਿਆ। ਇਸ ਤੋਂ ਬਾਅਦ ਸਹਿਮਿਆ ਹੋਇਆ ਪੀੜਤ ਪਰਿਵਾਰ ਆਪਣੀ ਸ਼ਿਕਾਇਤ ਲੈ ਕੇ ਐੱਸ. ਐੱਸ. ਪੀ. ਦਫਤਰ ਪਹੁੰਚ ਗਿਆ, ਜਿੱਥੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਫਿਰ ਪੀੜਤ ਪਰਿਵਾਰ ਡੀ. ਸੀ. ਦਫਤਰ ਪੁੱਜਾ, ਜਿੱਥੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਥਾਣਾ ਸੁਭਾਨਪੁਰ ਨੇ ਦੋਸ਼ੀ ਦੀ ਪੈਰੋਲ ਦੀ ਅਰਜ਼ੀ ਨੂੰ ਨਾ-ਮਨਜ਼ੂਰ ਕਰਦਿਆਂ 'ਨਾਟ ਰੀਕਮੈਂਡ' ਲਿਖਿਆ ਸੀ ਪਰ ਐੱਸ. ਐੱਸ. ਪੀ. ਦਫਤਰ ਤੱਕ ਪੁੱਜਦਿਆਂ ਇਸ ਅਰਜ਼ੀ 'ਚੋਂ 'ਨਾਟ' ਹਟ ਗਿਆ ਅਤੇ ਸਿਰਫ 'ਰੀਕਮੈਂਡ' ਹੀ ਰਹਿ ਗਿਆ। ਫਿਲਹਾਲ ਇਹ ਸਾਰਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦੋਸ਼ੀ ਦੀ ਛੁੱਟੀ ਰੱਦ ਕਰ ਕਰਕੇ ਉਸ ਨੂੰ ਦੁਬਾਰਾ ਜੇਲ 'ਚ ਭੇਜ ਦਿੱਤਾ ਗਿਆ ਹੈ ਅਤੇ ਉੱਚ ਪੁਲਸ ਅਧਿਕਾਰੀਆਂ ਵਲੋਂ ਦੋਸ਼ੀ ਖਿਲਾਫ ਸਖਤ ਕਾਰਵਾਈ ਕਰਨ ਦਾ ਭਰੋਸਾ ਪੀੜਤ ਪਰਿਵਾਰ ਨੂੰ ਦਿੱਤਾ ਗਿਆ ਹੈ ਪਰ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਥਾਣੇ ਤੋਂ ਐੱਸ. ਐੱਸ. ਪੀ. ਦਫਤਰ ਪਹੁੰਚਦਿਆਂ ਅਰਜ਼ੀ 'ਚ ਜਿਹੜਾ ਹੇਰਫੇਰ ਹੋਇਆ ਹੈ, ਉਸ ਲਈ ਕੌਣ ਜ਼ਿੰਮੇਵਾਰ ਹੈ।
ਪੰਜਾਬ 'ਚ ਹੀ ਕਿਉਂ ਹੋਈ ਅਭੈ ਚੌਟਾਲਾ ਦੀ ਗ੍ਰਿਫਤਾਰੀ, ਉੱਠ ਰਹੇ ਸਵਾਲ?
NEXT STORY