ਸੁਲਤਾਨਪੁਰ ਲੋਧੀ, (ਧੀਰ)- ਡੀ. ਡੀ. ਪੀ. ਓ. ਕਮ-ਕੁਲੈਕਟਰ ਪੰਚਾਇਤੀ ਲੈਂਡ ਕਪੂਰਥਲਾ ਦੇ ਹੁਕਮਾਂ 'ਤੇ ਪ੍ਰਸ਼ਾਸਨ ਨੇ ਅੱਜ ਐੱਸ. ਡੀ. ਐੱਮ. ਡਾ. ਚਾਰੂਮਿਤਾ, ਡਿਊਟੀ ਮੈਜਿਸਟਰੇਟ ਤਹਿਸੀਲਦਾਰ ਗੁਰਮੀਤ ਸਿੰਘ, ਨਾਇਬ ਤਹਿਸੀਲਦਾਰ ਨਰੋਤਮ ਸਿੰਘ ਦੀ ਹਾਜ਼ਰੀ 'ਚ ਭਾਰੀ ਪੁਲਸ ਸੁਰੱਖਿਆ ਦੇ ਤਹਿਤ ਪਿੰਡ ਹੁਸੈਨਪੁਰ ਬੂਲੇ ਦੀ ਵਿਵਾਦਿਤ 216 ਏਕੜ ਪੰਚਾਇਤੀ ਜ਼ਮੀਨ ਦਾ ਕਬਜ਼ਾ ਪਿੰਡ ਹੁਸੈਨਪੁਰ ਬੂਲੇ ਦੀ ਪੰਚਾਇਤ ਨੂੰ ਦਿਵਾਇਆ।
ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਸਮੇਤ ਤਿੰਨ ਜ਼ਿਲਿਆਂ ਦੀ ਭਾਰੀ ਪੁਲਸ ਫੋਰਸ ਸਮੇਤ ਲੇਡੀ ਪੁਲਸ ਤਹਿਤ ਪਿੰਡ ਹੁਸੈਨਪੁਰ ਬੂਲੇ ਪੁਲਸ ਛਾਉਣੀ 'ਚ ਤਬਦੀਲ ਹੋ ਗਿਆ। 500 ਦੇ ਕਰੀਬ ਪੁਲਸ ਫੋਰਸ ਨੇ ਆਪਣੀ ਜ਼ਮੀਨ ਨੂੰ ਬਚਾਉਣ ਲਈ ਧਰਨੇ 'ਤੇ ਬੈਠੇ ਕਿਸਾਨਾਂ, ਔਰਤਾਂ ਨੂੰ ਜ਼ਬਰਦਸਤ ਘੇਰੇਬੰਦੀ ਕਰਕੇ ਬੀ. ਡੀ. ਪੀ. ਓ. ਪਰਗਟ ਸਿੰਘ, ਤਹਿਸੀਲਦਾਰ ਗੁਰਮੀਤ ਸਿੰਘ ਨੇ ਜ਼ਮੀਨ ਨੂੰ ਟਰੈਕਟਰਾਂ ਰਾਹੀਂ ਵਾਹ ਕੇ ਦਖਲ ਪਾ ਦਿੱਤਾ, ਜਿਸ ਦੌਰਾਨ ਇਕ ਵਾਰ ਹਾਲਤ ਬਹੁਤ ਹੀ ਤਣਾਅਪੂਰਨ ਬਣ ਗਏ ਸਨ, ਜਦੋਂ ਧਰਨੇ 'ਤੇ ਬੈਠੀ ਇਕ ਔਰਤ ਦੇ ਬੇਹੋਸ਼ ਹੋਣ 'ਤੇ ਕਿਸਾਨਾਂ, ਔਰਤਾਂ ਵਲੋਂ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਪਰ ਡੀ. ਐੱਸ. ਪੀ. ਵਰਿਆਮ ਸਿੰਘ ਖਹਿਰਾ ਵਲੋਂ ਵਰਤੀ ਗਈ ਕੁਸ਼ਲਪੂਰਨ ਨੀਤੀ ਨਾਲ ਮਾਮਲਾ ਸ਼ਾਂਤੀਪੂਰਵਕ ਨਿਬੜ ਗਿਆ।
ਕੀ ਹੈ ਮਾਮਲਾ
ਪਿੰਡ ਹੁਸੈਨਪੁਰ ਬੂਲੇ ਦੀ ਕਰੀਬ 216 ਏਕੜ ਜ਼ਮੀਨ, ਜਿਸ ਉਪਰ ਕਾਬਜ਼ ਕਰੀਬ 50-60 ਸਾਲਾਂ ਤੋਂ ਕਿਸਾਨ ਖੇਤੀ ਕਰਦੇ ਆ ਰਹੇ ਸਨ ਪਰ ਜਮ੍ਹਾਬੰਦੀ ਸਾਲ 2007-08 ਤਹਿਤ ਪਿੰਡ ਹੁਸੈਨਪੁਰ ਬੂਲੇ ਤਹਿਸੀਲ ਸੁਲਤਾਨਪੁਰ ਲੋਧੀ ਪੰਚਾਇਤ ਮਲਕੀਅਤ ਹੈ ਤੇ ਪੰਚਾਇਤ ਵਲੋਂ ਇਹ ਜ਼ਮੀਨ ਪੰਚਾਇਤੀ ਬੋਲੀ 'ਤੇ ਦਿੰਦੀ ਆ ਰਹੀ ਹੈ ਪਰ ਜ਼ਮੀਨ 'ਤੇ ਕਾਬਜ਼ ਕਿਸਾਨਾਂ ਵਲੋਂ ਜ਼ਮੀਨ ਸੰਬੰਧੀ ਪੰਚਾਇਤ ਨੂੰ ਨਾ ਕੋਈ ਠੇਕਾ ਦਿੱਤਾ ਜਾ ਰਿਹਾ ਸੀ, ਜਿਸ ਕਾਰਨ ਇਹ ਮਾਮਲਾ ਬਲਾਕ ਵਿਕਾਸ ਤੇ ਪੰਚਾਇਤ ਦੀ ਅਦਾਲਤ 'ਚ ਚਲਾ ਗਿਆ, ਜਿਸ ਸੰਬੰਧੀ ਫੈਸਲਾ ਸਣਾਉਂਦੇ ਹੋਏ ਪੰਚਾਇਤ ਅਫਸਰ ਅਮਰਜੀਤ ਸਿੰਘ ਦੀ ਅਦਾਲਤ ਨੇ 4 ਅਗਸਤ 2017 ਨੂੰ ਗ੍ਰਾਮ ਪੰਚਾਇਤ ਦੇ ਹੱਕ 'ਚ ਫੈਸਲਾ ਸਣਾਉਂਦੇ ਹੋਏ ਨਾਜਾਇਜ਼ ਕਾਬਜ਼ਕਾਰਾਂ ਨੂੰ ਇਕ ਮਹੀਨੇ ਦਾ ਸਮਾਂ ਦੇਕੇ ਨਾਜਾਇਜ਼ ਕਬਜ਼ਾ ਹਟਾ ਲੈਣ ਦੇ ਹੁਕਮ ਦਿੱਤੇ ਪਰ ਮਿੱਥੇ ਸਮੇਂ 'ਚ ਨਾਜਾਇਜ਼ ਕਾਬਜ਼ਕਾਰਾਂ ਨੇ ਆਪਣਾ ਕਬਜ਼ਾ ਨਹੀਂ ਹਟਾਇਆ, ਜਿਸ ਕਾਰਨ ਪ੍ਰਸ਼ਾਸਨ ਨੇ ਭਾਰੀ ਪੁਲਸ ਫੋਰਸ ਨਾਲ ਇਹ ਜ਼ਮੀਨ ਦੀ ਨਿਸ਼ਾਨਦੇਹੀ ਕਰਕੇ ਕਬਜ਼ਾ ਤੁਰੰਤ ਪੰਚਾਇਤ ਦੇ ਹਵਾਲੇ ਕਰ ਦਿੱਤਾ।
ਕੀ ਕਹਿੰਦੇ ਹਨ ਕਾਸ਼ਤ ਕਰਦੇ ਕਿਸਾਨ
ਵਿਵਾਦਿਤ ਜ਼ਮੀਨ 'ਤੇ ਕਾਸ਼ਤ ਕਰਦੇ ਕਿਸਾਨ ਬਾਜ ਦੀਨ, ਸੇਮਾ, ਗੁਰਚਰਨ ਸਿੰਘ, ਬਲਕਾਰ ਸਿੰਘ, ਜਸਵੰਤ ਸਿੰਘ, ਜੀਤ ਸਿੰਘ, ਭਗਵਾਨ ਦਾਸ, ਬਲਜਿੰਦਰ ਸਿੰਘ, ਜਸਵਿੰਦਰ ਸਿੰਘ, ਗੁਰਜੰਟ ਸਿੰਘ, ਜਤਿੰਦਰ ਸਿੰਘ, ਸਤਨਾਮ ਸਿੰਘ, ਬਲਬੀਰ ਸਿੰਘ, ਮੱਖਣ ਸਿੰਘ, ਜੈਮਲ ਸਿੰਘ, ਨਿਰੰਜਣ ਸਿੰਘ, ਕੁਲਦੀਪ ਸਿੰਘ, ਹਰਜਿੰਦਰ ਸਿੰਘ, ਰਸੇਲ ਸਿੰਘ, ਗੁਰਵਿੰਦਰ ਸਿੰਘ, ਨਿਰਮਲ ਸਿੰਘ, ਹਰਦੀਪ ਸਿੰਘ, ਦਵਿੰਦਰ ਸਿੰਘ, ਨਿਰਵੈਲ ਸਿੰਘ, ਦੇਸਾ ਸਿੰਘ, ਪਿਆਰਾ ਸਿੰਘ ਅਵਤਾਰ ਸਿੰਘ, ਸੁਬੇਗ ਸਿੰਘ, ਪਿਆਰਾ ਸਿੰਘ ਆਦਿ ਨੇ ਕਿਹਾ ਕਿ ਅਸੀਂ ਇਸ ਬੇਅਬਾਦ ਜ਼ਮੀਨ ਨੂੰ ਆਪਣੇ ਖੂਨ-ਪਸੀਨੇ ਦੇ ਨਾਲ ਖੂੰਖਾਰ ਸਰਕੰਡੇ ਤੋਂ ਆਬਾਦ ਜ਼ਮੀਨ 'ਚ ਤਬਦੀਲ ਕੀਤਾ ਹੈ ਪਰ ਹੁਣ ਕੁਝ ਲੋਕ ਪ੍ਰਸ਼ਾਸਨ ਤੇ ਸਰਕਾਰ ਨੂੰ ਗੁੰਮਰਾਹ ਕਰਕੇ ਸਾਡੀ ਆਬਾਦ ਜ਼ਮੀਨ ਨੂੰ ਸਾਡੇ ਤੋਂ ਖੋਹ ਕੇ ਸਾਨੂੰ ਬੇਅਬਾਦ ਕਰਨਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਜੋ ਰਿਕਾਰਡ ਡੀ. ਡੀ. ਪੀ. ਓ. ਪਾਸ ਜਮ੍ਹਾ ਕਰਵਾਏ ਗਏ ਹਨ, ਉਹ ਸਾਰੇ ਫਰਜ਼ੀ ਹਨ ਤੇ ਡੀ. ਡੀ. ਪੀ. ਓ. ਨੇ ਸਾਡੀ ਸੁਣਵਾਈ ਤੋਂ ਬਿਨਾਂ ਇਕ ਤਰਫਾ ਫੈਸਲਾ ਦਿੱਤਾ ਹੈ, ਜਿਸ ਦੇ ਖਿਲਾਫ ਅਸੀਂ ਮਾਣਯੋਗ ਹਾਈਕੋਰਟ 'ਚ ਪਟੀਸ਼ਨ ਲਾਈ ਹੈ ਜਿਸ ਦੀ ਸੁਣਵਾਈ 3 ਨਵੰਬਰ ਨੂੰ ਪਰ ਪ੍ਰਸ਼ਾਸਨ ਕੋਰਟ ਦੇ ਕਿਸੇ ਵੀ ਫੈਸਲੇ ਤੋਂ ਪਹਿਲਾਂ ਹੀ ਸਾਡੀਆਂ ਜ਼ਮੀਨਾਂ ਸਾਡੇ ਤੋਂ ਖੋਹ ਕੇ ਸਾਨੂੰ ਖੁਦਕੁਸ਼ੀਆਂ ਕਰਨ ਲਈ ਮਜਬੂਰ ਕਰ ਰਿਹਾ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਅਸੀਂ ਆਪਣੀਆਂ ਜਾਨਾਂ ਦੇ ਦੇਵਾਂਗੇ ਪਰ ਆਪਣੇ ਪੁੱਤਾਂ ਵਾਂਗ ਪਾਲੀ ਜ਼ਮੀਨ ਨੂੰ ਆਪਣੇ ਹੱਥੋਂ ਨਹੀਂ ਜਾਣ ਦੇਵਾਂਗੇ।
ਔਰਤਾਂ ਨੇ ਕੀਤਾ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ
ਧਰਨੇ 'ਤੇ ਬੈਠੇ ਔਰਤਾਂ, ਮਰਦਾਂ ਨੂੰ ਪੁਲਸ ਵਲੋਂ ਪੂਰੀ ਵਿਉਂਤਬੰਦੀ ਨਾਲ ਘੇਰੇ 'ਚ ਲੈ ਕੇ ਜਦੋਂ ਕਿਸੇ ਨੂੰ ਵੀ ਬਾਹਰ ਉਠ ਕੇ ਜਾਣ ਦੀ ਆਗਿਆ ਨਹੀਂ ਦਿੱਤੀ ਤਾਂ ਇਕ ਔਰਤ ਦੀ ਹਾਲਤ ਖਰਾਬ ਹੋ ਗਈ ਤੇ ਉਹ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਈ, ਜਿਸ ਦੇ ਰੋਸ ਵਜੋਂ ਔਰਤਾਂ ਨੇ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਅਸੀਂ ਆਪਣੀਆਂ ਲਾਸ਼ਾਂ 'ਤੇ ਹੀ ਇਸ ਜ਼ਮੀਨ 'ਤੇ ਪ੍ਰਸ਼ਾਸਨ ਨੂੰ ਕਬਜ਼ਾ ਕਰਨ ਦੇਵਾਂਗੇ।
ਕੀ ਕਹਿੰਦੇ ਹਨ ਪ੍ਰਸ਼ਾਸਨਿਕ ਅਧਿਕਾਰੀ
ਇਸ ਮੌਕੇ ਐੱਸ. ਡੀ. ਐੱਮ. ਡਾ. ਚਾਰੂਮਿਤਾ, ਤਹਿਸੀਲਦਾਰ ਗੁਰਮੀਤ ਸਿੰਘ, ਡੀ. ਐੱਸ. ਪੀ. ਵਰਿਆਮ ਸਿੰਘ ਖਹਿਰਾ ਨੇ ਕਿਹਾ ਕਿ ਅਸੀਂ ਤਾਂ ਸਰਕਾਰੀ ਹੁਕਮਾਂ ਦੇ ਪਾਬੰਦ ਹਨ ਜੋ ਸਾਨੂੰ ਹੁਕਮ ਮਿਲਿਆ ਸੀ ਅਸੀਂ ਤਾਂ ਉਸ ਅਧੀਨ ਕਾਰਵਾਈ ਕੀਤੀ ਹੈ ਤੇ ਕਿਸੇ ਵੀ ਕਿਸਮ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਹੀ ਭਾਰੀ ਪੁਲਸ ਫੋਰਸ ਦੀ ਸਹਾਇਤਾ ਲਈ ਗਈ ਹੈ। ਉਨ੍ਹਾਂ ਕਿਹਾ ਕਿ ਮਾਮਲਾ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਨਿਬੜਿਆ ਹੈ ਤੇ ਅੱਗੋ ਤੋਂ ਜੋ ਸਾਨੂੰ ਕੋਰਟ ਵਲੋਂ ਜਾ ਸਰਕਾਰ ਵਲੋਂ ਹੁਕਮ ਮਿਲਣਗੇ ਅਸੀਂ ਉਸ ਅਧੀਨ ਹੀ ਕਾਰਵਾਈ ਕਰਾਂਗੇ।
ਕੀ ਕਹਿੰਦੇ ਹਨ ਕਿਸਾਨ ਸੰਘਰਸ਼ ਕਮੇਟੀ ਦੇ ਆਗੂ
ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਪਰਮਜੀਤ ਸਿੰਘ ਬਾਊਪੁਰ ਨੇ ਕਿਹਾ ਕਿ ਅਸੀਂ ਜ਼ਮੀਨ ਵਾਸਤੇ ਕੋਈ ਵੀ ਤਿੱਖਾ ਸੰਘਰਸ਼ ਛੇੜਨ ਤੋਂ ਪਿੱਛੇ ਨਹੀਂ ਹਟਾਂਗੇ ਤੇ ਇਨ੍ਹਾਂ ਬੇਅਬਾਦ ਜ਼ਮੀਨਾਂ ਨੂੰ ਅਬਾਦ ਕਰਨ ਵਾਲੇ ਕਿਸਾਨਾਂ ਦਾ ਕਿਸੇ ਕੀਮਤ 'ਤੇ ਉਜਾੜਾ ਨਹੀਂ ਹੋਣ ਦੇਵਾਂਗੇ।
ਨਗਰ ਨਿਗਮ ਵਲੋਂ ਸੁੱਟੀ ਜਾ ਰਹੀ ਗੰਦਗੀ ਨਾਲ ਪਿੰਡ ਵਾਸੀਆਂ 'ਚ ਭਾਰੀ ਰੋਸ
NEXT STORY