ਤਲਵੰਡੀ ਭਾਈ(ਪਾਲ)-ਦੇਹ ਵਪਾਰ ਦਾ ਧੰਦਾ ਮਹਾਨਗਰਾਂ ਤੋਂ ਹੁੰਦਾ ਹੋਇਆ ਹੁਣ ਪੰਜਾਬ ਦੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਵਿਚ ਵੀ ਪੈਰ ਪਸਾਰ ਰਿਹਾ ਹੈ। ਪਿੰਡਾਂ ਅਤੇ ਸ਼ਹਿਰਾਂ 'ਚ ਆਵਾਜਾਈ ਦੇ ਵਧੇ ਹੋਏ ਸਾਧਨ, ਵਟਸਐਪ, ਫੇਸਬੁੱਕ, ਇੰਟਰਨੈੱਟ, ਮੋਬਾਇਲਾਂ ਦੀ ਸਹੂਲਤ ਅਤੇ ਕਈ ਅਖੌਤੀ ਸਾਧਾਂ-ਸੰਤਾਂ ਦੇ ਡੇਰੇ ਦੇਹ ਵਪਾਰ ਦੇ ਧੰਦੇ ਦੇ ਪਸਾਰ ਲਈ ਪ੍ਰਮੁੱਖ ਸਾਧਨ ਬਣ ਗਏ ਹਨ। ਜ਼ਿਲਾ ਫਿਰੋਜ਼ਪੁਰ ਦੇ ਕਈ ਕਸਬਿਆਂ ਅਤੇ ਪਿੰਡਾਂ ਵਿਚ ਵੀ ਲਾਲ ਬੱਤੀ ਸੱਭਿਆਚਾਰ ਆਪਣੀਆਂ ਜੜ੍ਹਾਂ ਫੈਲਾ ਰਿਹਾ ਹੈ। ਕਈ ਲੜਕੀਆਂ ਅਤੇ ਔਰਤਾਂ ਪਿੰਡਾਂ ਤੋਂ ਸ਼ਹਿਰਾਂ ਵਿਚ ਜਾ ਕੇ ਅਕਸਰ ਹੀ ਗਾਹਕ ਭਾਲਦੀਆਂ ਵੇਖਣ ਨੂੰ ਮਿਲਦੀਆਂ ਹਨ। ਇਨ੍ਹਾਂ 'ਚੋਂ ਕੁਝ ਵਡੇਰੀ ਉਮਰ ਦੀਆਂ ਔਰਤਾਂ ਜਿਨ੍ਹਾਂ ਦੀ ਮਾਰਕੀਟ ਹੁਣ ਘਟ ਗਈ ਲੱਗਦੀ ਹੈ, ਉਹ ਨਵੀਂ ਉਮਰ ਦੀਆਂ ਅਣਭੋਲ ਜਾਂ ਆਰਥਿਕ ਪੱਖੋਂ ਕਮਜ਼ੋਰ ਲੜਕੀਆਂ ਨੂੰ ਵੀ ਇਸ ਧੰਦੇ ਵਿਚ ਪਾ ਰਹੀਆਂ ਹਨ। ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਬਹੁਤ ਜਲਦੀ ਹੀ ਪੰਜਾਬ ਵਾਸੀਆਂ ਨੂੰ ਏਡਜ਼ ਦੀ ਮਹਾਮਾਰੀ ਆਪਣੇ ਕਲਾਵੇ ਵਿਚ ਜਕੜ ਲਵੇਗੀ। ਭਾਵੇਂ ਕਿ ਸਰਕਾਰ ਵੱਲੋਂ ਏਡਜ਼ ਦੀ ਬੀਮਾਰੀ ਨੂੰ ਜੜ੍ਹੋਂ ਖਤਮ ਕਰਨ ਲਈ ਉਪਰਾਲੇ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਏਡਜ਼ ਫੈਲਾਉਣ ਦੇ ਕਾਰਨਾਂ ਵੱਲ ਧਿਆਨ ਨਾ ਦੇਣ ਕਾਰਨ ਦੇਹ ਵਪਾਰ ਕਰਨ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੁੰਦਾ ਜਾਪਦਾ ਹੈ। ਕਈ ਸਰਦੇ-ਪੁੱਜਦੇ ਅਤੇ ਤਕੜੇ ਕਹਾਉਂਦੇ ਲੋਕਾਂ ਦੀ ਵੀ ਇਸ ਧੰਦੇ ਵਿਚ ਸ਼ਮੂਲੀਅਤ ਅਕਸਰ ਸੁਣਨ ਨੂੰ ਮਿਲ ਹੀ ਜਾਂਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਥਾਣਿਆਂ ਵਿਚ ਦਰਜ ਕੀਤੇ ਆਵਾਰਾਗਰਦੀ ਦੇ ਕੇਸਾਂ ਦੀ ਗਿਣਤੀ ਰਿਕਾਰਡ ਪੱਖੋਂ ਬਹੁਤ ਘੱਟ ਹੈ, ਬਹੁਤੇ ਕੇਸ ਤਾਂ ਦਰਜ ਹੋਣ ਤੋਂ ਪਹਿਲਾਂ ਹੀ ਬਾਹਰ ਦੀ ਬਾਹਰ ਨਿਪਟਾ ਦਿੱਤੇ ਜਾਂਦੇ ਹਨ ਜਾਂ ਕਈ ਕੇਸ ਪੁਲਸ ਦੀ ਨਜ਼ਰ ਨਹੀਂ ਚੜ੍ਹਦੇ। ਦੇਹ ਵਪਾਰ ਦੇ ਧੰਦੇ ਨਾਲ ਜੁੜੀਆਂ ਔਰਤਾਂ ਸਿਰਫ ਥੋੜ੍ਹੇ ਜਿਹੇ ਪੈਸਿਆਂ ਦੇ ਲਾਲਚ ਵੱਸ ਹੀ ਇਸ ਏਡਜ਼ ਰੂਪੀ ਦਲਦਲ ਵਿਚ ਧੱਸਦੀਆਂ ਜਾ ਰਹੀਆਂ ਹਨ ਅਤੇ ਕੁਝ ਔਰਤਾਂ ਇਸ ਭਿਆਨਕ ਬੀਮਾਰੀ ਦੀ ਜਕੜ ਵਿਚ ਆਈਆਂ ਡਾਕਟਰਾਂ, ਅਖੌਤੀ ਸਾਧੂਆਂ ਤੋਂ ਅੰਦਰਖਾਤੇ ਆਪਣੇ ਇਲਾਜ ਲਈ ਹੱਥ-ਪੈਰ ਵੀ ਮਾਰ ਰਹੀਆਂ ਹਨ ਅਤੇ ਕੁਝ ਮੌਤ ਦੇ ਮੂੰਹ ਵਿਚ ਵੀ ਜਾ ਚੁੱਕੀਆਂ ਹਨ। ਇਲਾਕੇ ਦੇ ਲੋਕ ਇਹ ਸਭ ਕੁਝ ਜਾਣਦੇ ਹੋਏ ਵੀ ਚੁੱਪ ਵੱਟੀ ਬੈਠੇ ਹਨ। ਪੰਜਾਬੀ ਸੱਭਿਆਚਾਰ ਨੂੰ ਬਚਾਉਣ ਲਈ ਯਤਨਸ਼ੀਲ ਵੱਖ-ਵੱਖ ਕਲੱਬਾਂ, ਧਾਰਮਿਕ ਜਥੇਬੰਦੀਆਂ ਤੇ ਸਮਾਜ ਸੇਵੀ ਕਲੱਬਾਂ ਦੇ ਬੁੱਧੀਜੀਵੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਇਨਸਾਨੀ ਰਿਸ਼ਤਿਆਂ ਵਿਚ ਨੈਤਿਕਤਾ ਦੀ ਗਿਰਾਵਟ ਲਿਆ ਰਹੇ ਇਸ ਦੇਹ ਵਪਾਰ ਦੇ ਧੰਦੇ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣ ਤੇ ਪੰਜਾਬ ਨੂੰ ਏਡਜ਼ ਰੂਪੀ ਮਹਾਮਾਰੀ ਦੇ ਚੁੰਗਲ ਵਿਚ ਆਉਣ ਤੋਂ ਬਚਾਇਆ ਜਾਵੇ।
1 ਕਿਲੋ ਭੁੱਕੀ ਸਣੇ ਗ੍ਰਿਫਤਾਰ
NEXT STORY