ਅਮਰਿੰਦਰ ਹੁਣ ਮੰਤਰੀ ਮੰਡਲ 'ਚ ਵਾਧਾ ਅਗਸਤ ਤੋਂ ਬਾਅਦ ਹੀ ਕਰਨਗੇ

You Are HerePunjab
Sunday, March 19, 2017-12:20 AM

ਜਲੰਧਰ (ਧਵਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਆਪਣੇ ਮੰਤਰੀ ਮੰਡਲ 'ਚ ਵਾਧਾ ਅਗਸਤ ਮਹੀਨੇ ਤੋਂ ਬਾਅਦ ਹੀ ਕਰਨਗੇ। ਕੈਪਟਨ ਦੇ ਨਜ਼ਦੀਕੀ ਸੂਤਰਾਂ ਦਾ ਮੰਨਣਾ ਹੈ ਕਿ ਉਹ ਅਗਲੇ 4 ਮਹੀਨਿਆਂ ਤਕ ਬਣਾਏ ਗਏ ਨਵੇਂ ਮੰਤਰੀਆਂ ਦੀ ਕਾਰਗੁਜ਼ਾਰੀ ਨੂੰ ਵੀ ਚੰਗੀ ਤਰ੍ਹਾਂ ਪਰਖਣਗੇ। ਉਸ ਤੋਂ ਬਾਅਦ ਮੰਤਰੀ ਮੰਡਲ 'ਚ ਵਾਧਾ ਹੋਵੇਗਾ। ਕੈਪਟਨ ਦੀ ਅਗਵਾਈ 'ਚ ਵੀਰਵਾਰ ਨੂੰ 9 ਮੰਤਰੀਆਂ ਨੇ ਸਹੁੰ ਚੁੱਕੀ ਸੀ। ਨਿਯਮਾਂ ਅਨੁਸਾਰ ਕੈਪਟਨ ਆਪਣੇ ਮੰਤਰੀ ਮੰਡਲ 'ਚ ਮੰਤਰੀਆਂ ਦੀ ਗਿਣਤੀ 17 ਤੱਕ ਰੱਖ ਸਕਦੇ ਹਨ।
ਪਹਿਲੀ ਵਾਰ ਮੁੱਖ ਮੰਤਰੀ ਵਲੋਂ ਆਪਣੇ ਮੰਤਰੀ ਮੰਡਲ 'ਚ ਸਿਰਫ ਸੀਨੀਅਰ ਅਤੇ ਦਿੱਗਜ ਵਿਧਾਇਕਾਂ ਨੂੰ ਹੀ ਮੰਤਰੀ ਬਣਾਉਣ ਨੂੰ ਪਹਿਲ ਦਿੱਤੀ ਗਈ। ਹੁਣ ਅਗਲੇ ਮੰਤਰੀ ਮੰਡਲ ਵਾਧੇ 'ਚ ਵੀ 3 ਜਾਂ ਉਸ ਤੋਂ ਵੱਧ ਵਾਰ ਜਿੱਤੇ ਵਿਧਾਇਕਾਂ ਨੂੰ ਹੀ ਮੰਤਰੀ ਅਹੁਦਾ ਦਿੱਤੇ ਜਾਣ ਦੇ ਆਸਾਰ ਹਨ। ਇਸ ਵਾਰ ਸ਼ਾਇਦ ਦੋ ਵਾਰ ਜਿੱਤੇ ਵਿਧਾਇਕਾਂ ਦਾ ਮੰਤਰੀ ਬਣਨ ਦਾ ਸੁਪਨਾ ਪੂਰਾ ਨਹੀਂ ਹੋਵੇਗਾ ਕਿਉਂਕਿ ਜੋ ਵਿਧਾਇਕ 3, 4 ਜਾਂ 5 ਵਾਰ ਜਿੱਤ ਚੁੱਕੇ ਹਨ ਉਨ੍ਹਾਂ ਨੂੰ ਮੰਤਰੀ ਮੰਡਲ 'ਚ ਸਥਾਨ ਦੇਣਾ ਜ਼ਰੂਰੀ ਹੈ ਪਰ ਇਸ ਬਾਰੇ 'ਚ ਮੁੱਖ ਮੰਤਰੀ ਅਮਰਿੰਦਰ ਸਿੰਘ ਜਲਦਬਾਜ਼ੀ ਨਹੀਂ ਕਰਨਾ ਚਾਹੁੰਦੇ ਹਨ। ਪਹਿਲਾਂ ਵੀ ਮੰਤਰੀ ਮੰਡਲ ਦੇ ਗਠਨ 'ਚ ਕੈਪਟਨ ਆਪਣੀਆਂ ਗੱਲਾਂ ਨੂੰ ਕਾਂਗਰਸ ਦੇ ਕੌਮੀ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਮਨਵਾਉਣ 'ਚ ਸਫਲ ਰਹੇ ਹਨ। ਅਜਿਹਾ ਕਰ ਕੇ ਕੈਪਟਨ ਨੇ ਸਾਰੇ ਕਾਂਗਰਸੀ ਨੇਤਾਵਾਂ ਅਤੇ ਵਿਧਾਇਕਾਂ ਨੂੰ ਇਹ ਸੰਦੇਸ਼ ਵੀ ਦਿੱਤਾ ਸੀ ਕਿ ਉਨ੍ਹਾਂ ਨੂੰ ਵਾਰ-ਵਾਰ ਦਿੱਲੀ ਦੇ ਚੱਕਰ ਕੱਟਣ ਦੀ ਲੋੜ ਨਹੀਂ ਹੈ। ਅਗਲੇ ਮੰਤਰੀ ਮੰਡਲ ਵਾਧੇ 'ਚ ਵੀ ਕੈਪਟਨ ਆਪਣੀ ਪਸੰਦ ਦੇ ਨੇਤਾਵਾਂ ਨੂੰ ਹੀ ਅੱਗੇ ਲਿਆਉਣਗੇ।
ਅਗਲੇ ਮੰਤਰੀ ਮੰਡਲ ਵਾਧੇ ਸਮੇਂ ਵੀ ਕੈਪਟਨ ਪ੍ਰਤੀ ਨਿਸ਼ਠਾ ਰੱਖਣ ਵਾਲੇ ਵਿਧਾਇਕਾਂ ਨੂੰ ਹੀ ਥਾਂ ਮਿਲ ਸਕੇਗੀ। ਸੰਕਟ ਦੇ ਦੌਰ 'ਚ ਕੈਪਟਨ ਨਾਲ ਜੋ ਕਾਂਗਰਸੀ ਨੇਤਾ ਜੁੜੇ ਰਹੇ ਸਨ ਅਤੇ ਜੋ ਹੁਣ ਵਿਧਾਇਕ ਬਣ ਚੁੱਕੇ ਹਨ, ਉਨ੍ਹਾਂ ਨੂੰ ਮੌਕਾ ਮਿਲੇਗਾ। ਕੈਪਟਨ ਦੇ ਸਾਹਮਣੇ ਅਗਲੇ ਤਿੰਨ ਮਹੀਨੇ 'ਚ ਕਈ ਤਰਜੀਹਾਂ ਹਨ। ਪਹਿਲਾ ਮਹੀਨਾ ਤਾਂ ਨਸ਼ਿਆਂ 'ਤੇ ਕੰਟਰੋਲ ਲਗਾਉਣ 'ਚ ਹੀ ਨਿਕਲ ਜਾਵੇਗਾ। ਉਸ ਤੋਂ ਬਾਅਦ ਸਰਕਾਰ ਬਜਟ ਦੀਆਂ ਤਿਆਰੀਆਂ 'ਚ ਰੁੱਝ ਜਾਵੇਗੀ। ਬਜਟ 'ਚ ਅਮਰਿੰਦਰ ਸਰਕਾਰ ਦੇ ਵਿਕਾਸ ਦੇ ਏਜੰਡੇ ਦੀ ਝਲਕ ਦੇਖਣ ਨੂੰ ਮਿਲੇਗੀ। ਕੁਲ ਮਿਲਾ ਕੇ ਬਜਟ ਸੈਸ਼ਨ ਨਿਕਲਣ ਤੋਂ ਬਾਅਦ ਹੀ ਮੁੱਖ ਮੰਤਰੀ ਵਲੋਂ ਆਪਣੇ ਮੰਤਰੀ ਮੰਡਲ 'ਚ ਵਾਧੇ ਵਲ ਧਿਆਨ ਦਿੱਤਾ ਜਾਵੇਗਾ। ਕੈਪਟਨ ਪੰਜਾਬ ਦੇ ਵਿਕਾਸ ਦਾ ਰੋਡ ਮੈਪ ਤਿਆਰ ਕਰਨਾ ਚਾਹੁੰਦੇ ਹਨ ਅਤੇ ਉਸ ਤੋਂ ਬਾਅਦ ਉਹ ਆਪਣੇ ਮੰਤਰੀਆਂ ਨੂੰ ਇਸ ਨੂੰ ਪੂਰਾ ਕਰਨ ਲਈ ਜ਼ਿੰਮੇਵਾਰੀਆਂ ਸੌਂਪ ਦੇਣਗੇ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.