ਨਾਭਾ (ਸੁਸ਼ੀਲ ਜੈਨ) - ਨਾਭਾ ਰਿਆਸਤ ਦੇ ਮਹਾਨ ਦੇਸ਼-ਭਗਤ ਮਹਾਰਾਜਾ ਰਿਪੁਦਮਨ ਸਿੰਘ ਦਾ ਜਨਮ 4 ਮਾਰਚ 1883 ਵਿਚ ਰਾਣੀ ਜਸਮੀਰ ਕੌਰ ਦੇ ਘਰ ਹੋਇਆ ਸੀ। ਇਨ੍ਹਾਂ ਦੀ ਵੱਡੀ ਭੈਣ ਰਿਪੁਦਮਨ ਕੌਰ ਦਾ ਵਿਆਹ ਮਹਾਰਾਜਾ ਧੌਲਪੁਰ ਨਾਲ ਹੋਇਆ ਸੀ। ਇਨ੍ਹਾਂ ਦੇ 2 ਵਿਆਹ ਹੋਏ ਸਨ। ਪਹਿਲਾ ਵਿਆਹ 1901 ਵਿਚ ਸ਼੍ਰੀ ਗੁਰਦਿਆਲ ਸਿੰਘ ਮਾਨ ਦੀ ਬੇਟੀ ਜਗਦੀਸ਼ ਕੌਰ ਅਤੇ ਦੂਜਾ ਵਿਆਹ 10 ਅਕਤੂਬਰ 1918 ਨੂੰ ਪ੍ਰੇਮ ਸਿੰਘ ਰਾਏ ਦੀ ਬੇਟੀ ਮਹਾਰਾਣੀ ਸਰੋਜ ਕੌਰ ਨਾਲ ਹੋਇਆ ਸੀ। ਆਪ ਦੇ ਤਿੰਨ ਪੁੱਤਰ ਤੇ ਦੋ ਪੁੱਤਰੀਆਂ ਸਨ। ਮਹਾਰਾਜਾ ਰਿਪੁਦਮਨ ਸਿੰਘ ਨੂੰ ਅੰਗਰੇਜ਼ਾਂ ਨੇ ਜਲਾਵਤਨ ਕਰ ਦਿੱਤਾ ਸੀ। ਉਨ੍ਹਾਂ ਦੇ ਬੇਟੇ ਮਹਾਰਾਜਾ ਪ੍ਰਤਾਪ ਸਿੰਘ ਰਿਆਸਤ ਦੇ ਅੰਤਿਮ ਮਹਾਰਾਜਾ ਸਨ, ਜਿਨ੍ਹਾਂ ਨੇ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੀ ਅਪੀਲ 'ਤੇ ਨਾਭਾ ਰਿਆਸਤ ਨੂੰ ਭਾਰਤ ਵਿਚ ਸ਼ਾਮਲ ਕਰਨ ਲਈ ਹਸਤਾਖਰ ਕੀਤੇ ਸਨ। ਅਨੰਦ ਮੈਰਿਜ ਐਕਟ ਪਾਸ ਕਰਵਾਉਣਾ ਮਹਾਰਾਜਾ ਰਿਪੁਦਮਨ ਸਿੰਘ ਦੀ ਸਿੱਖ ਪੰਥ ਨੂੰ ਵਡਮੁੱਲੀ ਦੇਣ ਸੀ। ਆਪ ਨੇ 1918 ਵਿਚ ਨਾਭਾ ਲੈਜਿਸਲੇਟਿਵ ਕੌਂਸਲ ਕਾਇਮ ਕੀਤੀ ਸੀ। ਇਸ ਦੀ ਪਹਿਲੀ ਮੀਟਿੰਗ 23 ਅਪ੍ਰੈਲ 1918 ਨੂੰ ਨਾਭਾ ਵਿਚ ਹੋਈ ਸੀ। ਮਹਾਰਾਜਾ ਹੀਰਾ ਸਿੰਘ ਦਾ 25 ਦਸੰਬਰ 1911 ਨੂੰ ਦਿਹਾਂਤ ਹੋਇਆ। ਉਸ ਸਮੇਂ ਰਿਪੁਦਮਨ ਸਿੰਘ ਯੂਰਪ ਗਏ ਹੋਏ ਸਨ। ਵਾਪਸੀ 'ਤੇ 24 ਜਨਵਰੀ 1912 ਨੂੰ ਉਨ੍ਹਾਂ ਨੇ ਗੱਦੀ ਸੰਭਾਲੀ। ਆਪ ਨੂੰ ਸਿੱਖ ਧਰਮ ਨਾਲ ਬਹੁਤ ਪਿਆਰ ਸੀ। ਲੋਕਾਂ ਦੇ ਹਮਦਰਦ ਸਨ। ਉਸ ਸਮੇਂ ਪੁਲਸ ਹੈਂਕੜ ਲਈ ਮਸ਼ਹੂਰ ਸੀ ਪਰ ਆਪ ਨੇ ਲੋਕਾਂ ਨੇ ਦੁੱਖ-ਦਰਦ ਨੂੰ ਸਮਝ ਕੇ ਇਨਸਾਫ ਦੇਣਾ ਸ਼ੁਰੂ ਕੀਤਾ।
ਮਹਾਰਾਜਾ ਰਿਪੁਦਮਨ ਸਿੰਘ ਦੀ ਜਲਾਵਤਨੀ ਮੌਕੇ ਨਾਭਾ ਦੇ ਬਾਜ਼ਾਰਾਂ ਵਿਚ 8 ਜੁਲਾਈ 1923 ਨੂੰ ਕਰਫਿਊ ਵਰਗੇ ਹਾਲਾਤ ਪੈਦਾ ਹੋ ਗਏ ਸਨ ਅਤੇ ਅੰਗਰੇਜ਼ ਫੌਜ ਨੇ ਘੇਰਾ ਪਾ ਲਿਆ ਸੀ। ਬੰਗਾਲੀ ਤੇ ਉਰਦੂ ਅਖਬਾਰਾਂ ਨੇ ਸਰਕਾਰ ਦੀ ਆਲੋਚਨਾ ਕੀਤੀ। ਜੈਤੋ ਮੋਰਚਾ ਲੱਗਾ। ਜੈਤੋ ਨਾਭਾ ਰਿਆਸਤ ਦੀ ਵੱਡੀ ਮੰਡੀ ਸੀ। ਨਾਭਾ ਜੇਲ ਵਿਚ ਅਨੇਕਾਂ ਸਿੰਘ ਸ਼ਹੀਦ ਹੋਏ ਸਨ। ਪੰਦਰਾਂ ਸ਼ਹੀਦੀ ਜਥਿਆਂ ਨੇ ਗ੍ਰਿਫ਼ਤਾਰ ਦਿੱਤੀ। ਸੋਲ੍ਹਵਾਂ ਸ਼ਹੀਦੀ ਜੱਥਾ 17 ਅਪ੍ਰੈਲ 1925 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੈਤੋ ਵੱਲ ਰਵਾਨਾ ਹੋਇਆ। ਗੁਰਦੁਆਰਾ ਐਕਟ 1925 ਜੁਲਾਈ ਵਿਚ ਪਾਸ ਹੋਇਆ। ਇਸ ਐਕਟ ਅਨੁਸਾਰ ਸਿੱਖਾਂ ਤੇ ਸਰਕਾਰ ਵਿਚ ਗੁਰਦੁਆਰਿਆਂ ਬਾਰੇ ਸਮਝੌਤਾ ਹੋ ਗਿਆ। ਜੇਲ ਵਿਚ ਬੰਦ ਸਾਰੇ ਸਿੰਘਾਂ ਨੂੰ ਆਜ਼ਾਦ ਕਰ ਦਿੱਤਾ ਗਿਆ। ਇੰਝ 26 ਜੁਲਾਈ 1925 ਨੂੰ ਗੰਗਸਰ ਦੇ ਮੋਰਚੇ ਦਾ ਅੰਤ ਹੋਇਆ। ਉਸ ਸਮੇਂ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਅਸੀਂ ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਹੈ।
ਨਾਭਾ ਰਿਆਸਤ ਵਿਚ ਦਿਆਲਪੁਰ, ਫੂਲ, ਧਨੌਲਾ, ਜੈਤੋ, ਲੋਹਟਬਦੀ, ਅਮਲੋਹ, ਭਾਦਸੋਂ, ਨਾਭਾ, ਚੌਕੀ ਦੇਹ ਕਲਾਂ, ਕਨੀਨਾ, ਕਾਂਟੀ ਅਤੇ ਬਾਵਲ ਆਦਿ 12 ਪੁਲਸ ਥਾਣੇ ਸਨ। ਨਾਭਾ ਰਿਆਸਤ ਦੀਆਂ ਤਿੰਨ ਸਟੇਟਾਂ ਵਿਚ ਤਿੰਨ ਜ਼ਿਲਾ ਅਦਾਲਤਾਂ ਸਨ। ਫੌਜ ਵਿਚ 600 ਅਧਿਕਾਰੀ/ਜਵਾਨ, 177 ਆਵਾਜਾਈ ਫੌਜੀ ਜਵਾਨ, 258 ਘੁੜਸਵਾਰ ਜਵਾਨ, ਸ਼ਾਹੀ ਦਰਬਾਰ ਦੀ ਸ਼ਾਹੀ ਫੌਜ ਸੀ, ਜਦਕਿ ਰਿਆਸਤ ਲਈ 150 ਘੁੜਸਵਾਰ, 581 ਹਥਿਆਰਬੰਦ ਪੁਲਸ, 40 ਤੋਪਖਾਨਾ ਫੌਜ, 13 ਗੰਨ, 65 ਪੈਦਲ ਜਵਾਨ ਅਤੇ 126 ਘੁੜਸਵਾਰ ਸਨ। ਪੁਲਸ ਵਿਚ 37 ਅਫਸਰ 797 ਸਹਾਇਕ ਅਧਿਕਾਰੀ ਸਨ। ਨਾਭਾ ਦੀ ਸੈਂਟਰਲ ਜੇਲ ਵਿਚ 500 ਹਵਾਲਾਤੀ ਰੱਖੇ ਜਾਂਦੇ ਸਨ। ਬਾਵਲ ਜੇਲ ਵਿਚ 100 ਕੈਦੀ ਰੱਖਣ ਦੀ ਸਮਰੱਥਾ ਸੀ। ਥੂਹੀ ਰੋਡ 'ਤੇ ਜ਼ਿਲਾ ਜੇਲ ਸੀ, ਜੋ ਹੁਣ ਮੈਕਸੀਮਮ ਸਕਿਓਰਿਟੀ ਜੇਲ ਹੈ। ਇਕ ਛੋਟੀ ਜੇਲ ਦੁਲੱਦੀ ਗੇਟ ਲਾਗੇ ਕਿੰਗ ਜਾਰਜ ਪਾਰਕ ਵਿਚ ਬਣਾਈ ਗਈ ਸੀ, ਜਿਸ ਵਿਚ 1923 ਵਿਚ ਪੰਡਤ ਜਵਾਹਰ ਲਾਲ ਨਹਿਰੂ ਨੂੰ ਰੱਖਿਆ ਗਿਆ ਸੀ। ਨਾਭਾ ਰਿਆਸਤ ਵਿਚ ਅਨੇਕਾਂ ਸਕੂਲਾਂ ਅਤੇ ਡਿਸਪੈਂਸਰੀਆਂ ਤੋਂ ਇਲਾਵਾ 7 ਮੰਡੀਆਂ ਸਨ। 8 ਰੇਲਵੇ ਸਟੇਸ਼ਨ ਸਨ। 23 ਪੋਸਟ ਆਫਿਸ ਸਨ। ਰਿਆਸਤ ਸਮੇਂ ਅਫੀਮ ਤੋਂ ਇਕ ਲੱਖ 41 ਹਜ਼ਾਰ 217 ਰੁਪਏ, ਸ਼ਰਾਬ ਤੋਂ ਇਕ ਲੱਖ 41 ਹਜ਼ਾਰ 224 ਰੁਪਏ ਅਤੇ ਤੰਬਾਕੂ ਤੋਂ 3 ਲੱਖ 39 ਹਜ਼ਾਰ 665 ਰੁਪਏ ਸਾਲਾਨਾ ਐਕਸਾਈਜ਼ ਆਮਦਨ ਹੁੰਦੀ ਸੀ।
5 ਚੁੰਗੀ ਨਾਕੇ ਹੁੰਦੇ ਸਨ। ਰਿਆਸਤੀ ਗੇਟਾਂ ਦੇ ਅੰਦਰ ਤੇ ਬਾਹਰ ਧਾਰਮਕ ਡੇਰੇ/ਮੰਦਰ ਸਨ, ਜਿਸ ਕਾਰਨ ਮਿੰਨੀ ਕਾਸ਼ੀ ਵਜੋਂ ਨਾਭਾ ਪ੍ਰਸਿੱਧ ਰਿਹਾ। ਸੰਨ 1755 ਵਿਚ ਆਬਾਦ ਹੋਈ ਇਸ ਰਿਆਸਤੀ ਨਗਰੀ ਵਿਚ ਆਜ਼ਾਦੀ ਦੇ 71 ਸਾਲਾਂ ਬਾਅਦ ਵੀ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਹੋ ਸਕਿਆ ਹਾਲਾਂਕਿ ਨਗਰ ਕੌਂਸਲ ਨੂੰ ਸਾਲਾਨਾ 24 ਕਰੋੜ ਰੁਪਏ ਦੀ ਆਮਦਨ ਹੈ। ਲੋਕਾਂ ਨੇ ਸਰਕਾਰੀ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ੇ ਕੀਤੇ/ਉਸਾਰੀਆਂ ਕੀਤੀਆਂ। ਸੀਵਰੇਜ ਪ੍ਰਣਾਲੀ ਲਾਗੂ ਨਹੀਂ ਹੋ ਸਕੀ। ਮੌਜੂਦਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਦਾ ਸੰਕਲਪ ਹੈ ਕਿ ਲੋਕਾਂ ਨੂੰ ਗੰਦੇ ਪਾਣੀ ਦੀ ਨਿਕਾਸੀ ਤੋਂ ਅਵੱਸ਼ ਹੀ ਰਾਹਤ ਦਿੱਤੀ ਜਾਵੇਗੀ। ਹੁਣ ਦੇਖਣਾ ਹੈ ਕਿ ਟਰੀਟਮੈਂਟ ਪਲਾਂਟ ਕਦੋਂ ਕਾਇਮ ਹੁੰਦਾ ਹੈ?
ਨਹਿਰ 'ਚ ਨਹਾਉਣ ਗਏ ਡਰਾਈਵਰ ਦੀ ਮੌਤ
NEXT STORY