ਭੁਲੱਥ, (ਰਜਿੰਦਰ)- ਪਿੰਡ ਖੱਸਣ ਵਿਖੇ ਕਿਸੇ ਜੰਗਲੀ ਜਾਨਵਰ ਵੱਲੋਂ ਪਸ਼ੂਆਂ ਨੂੰ ਹਮਲਾ ਕਰ ਕੇ ਜ਼ਖਮੀ ਕਰਨ 'ਤੇ ਪਿੰਡ ਖੱਸਣ ਅਤੇ ਨੇੜਲੇ ਕਈ ਪਿੰਡਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਪਿਆ ਹੈ। ਦੱਸਣਯੋਗ ਹੈ ਕਿ ਕਿਸੇ ਜੰਗਲੀ ਜਾਨਵਰਾਂ ਦੇ ਪੈਰਾਂ ਦੇ ਨਿਸ਼ਾਨ ਵੀ ਕੁਝ ਥਾਵਾਂ ਤੋਂ ਮਿਲੇ ਹਨ।
ਜਾਣਕਾਰੀ ਅਨੁਸਾਰ ਨੇੜਲੇ ਪਿੰਡ ਖੱਸਣ ਵਿਖੇ ਇਕ ਜੰਗਲੀ ਜਾਨਵਰ ਵੱਲੋਂ ਕਰੀਬ 3 ਕੱਟੀਆਂ ਤੇ ਵੱਛਿਆਂ ਨੂੰ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਕੁਝ ਥਾਵਾਂ 'ਤੇ ਜਾਨਵਰ ਦੇ ਪੰਜਿਆਂ ਦੇ ਨਿਸ਼ਾਨ ਮਿਲੇ ਹਨ। ਜਿਸ ਉਪਰੰਤ ਪਿੰਡ ਦੀ ਪੰਚਾਇਤ ਵੱਲੋਂ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਣ 'ਤੇ ਵਿਭਾਗ ਦੇ ਜ਼ਿਲਾ ਕਪੂਰਥਲਾ ਤੇ ਜਲੰਧਰ ਦੇ ਇੰਚਾਰਜ ਬਲਾਕ ਅਫਸਰ ਜਸਵੰਤ ਸਿੰਘ, ਗਾਰਡ ਜਸਮੀਤ ਸਿੰਘ ਤੇ ਹੋਰ ਅਮਲਾ ਮੌਕੇ 'ਤੇ ਪੁੱਜਾ। ਜਿਨ੍ਹਾਂ ਘਟਨਾ ਸਥਾਨ 'ਤੇ ਮੌਕੇ ਦਾ ਜਾਇਜ਼ਾ ਲਿਆ ਅਤੇ ਜੰਗਲੀ ਜਾਨਵਰ ਦੇ ਪੰਜਿਆਂ ਦੇ ਨਿਸ਼ਾਨਾਂ ਨੂੰ ਚੈੱਕ ਕੀਤਾ। ਜਿਸ ਉਪਰੰਤ ਇਸ ਜਾਨਵਰ ਨੂੰ ਫੜਨ ਲਈ ਵਿਭਾਗ ਵਲੋਂ ਪਿੰਡ ਖੱਸਣ ਵਿਚ ਦੋ ਥਾਵਾਂ 'ਤੇ ਪਿੰਜਰੇ ਲਾ ਦਿੱਤੇ ਗਏ ਹਨ।
ਪੈਰਾਂ ਦੇ ਨਿਸ਼ਾਨ ਹੋ ਸਕਦੇ ਨੇ 'ਸਵਿਫਟ ਬਿੱਲੀ' ਦੇ : ਜਸਵੰਤ ਸਿੰਘ
ਬਲਾਕ ਅਫਸਰ ਜਸਵੰਤ ਸਿੰਘ ਨੇ ਦੱਸਿਆ ਕਿ ਜੰਗਲੀ ਜਾਨਵਰ ਦੇ ਪੈਰਾਂ ਦੇ ਨਿਸ਼ਾਨ ਚੈੱਕ ਕਰਨ ਉਪਰੰਤ ਇਹੀ ਕਿਹਾ ਜਾ ਸਕਦਾ ਹੈ ਕਿ ਇਹ ਨਿਸ਼ਾਨ 'ਸਵਿਫਟ ਬਿੱਲੀ' ਦੇ ਪੈਰਾਂ ਦੇ ਹੋ ਸਕਦੇ ਹਨ। ਪੁੱਛਣ 'ਤੇ ਉਨ੍ਹਾਂ ਦੱਸਿਆ ਕਿ ਇਹ ਜਾਨਵਰ ਜ਼ਿਆਦਾਤਰ ਜੰਗਲੀ ਇਲਾਕਿਆਂ ਵਿਚ ਰਹਿੰਦੇ ਹਨ, ਜੋ ਇਥੇ ਹੁਸ਼ਿਆਰਪੁਰ ਤੇ ਨਾਲ ਲੱਗਦੇ ਪਹਾੜੀ ਖੇਤਰਾਂ ਵਿਚ ਪਾਏ ਜਾਂਦੇ ਹਨ, ਜਿਥੇ ਕਈ ਵਾਰ ਜਾਨਵਰ ਜੰਗਲ ਵਿਚ ਬਾਹਰ ਆ ਕੇ ਰਸਤਾ ਭਟਕ ਜਾਂਦੇ ਹਨ ਤੇ ਹੋਰਨਾਂ ਇਲਾਕਿਆਂ ਵਿਚ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਿਥੇ ਜ਼ਿਆਦਾਤਰ ਪੈਰਾਂ ਦੇ ਨਿਸ਼ਾਨ ਮਿਲੇ ਹਨ, ਉਥੇ ਹੀ ਪਿੰਜਰੇ ਲਗਾਏ ਗਏ ਹਨ। ਉਨ੍ਹਾਂ ਹੋਰ ਦੱਸਿਆ ਕਿ ਇਹ ਜਾਨਵਰ ਜ਼ਿਆਦਾਤਰ ਰਾਤ 10 ਵਜੇ ਤੋਂ ਬਾਅਦ ਸਵੇਰ 4 ਤਕ ਹੀ ਘੁੰਮਦੇ ਹਨ। ਜਿਸ ਨੂੰ ਜਲਦ ਫੜ ਲਿਆ ਜਾਵੇਗਾ।
ਪਾਵਰਕਾਮ ਦੀਆਂ ਨੀਵੀਆਂ ਤਾਰਾਂ ਦਾ ਖਮਿਆਜ਼ਾ ਨੌਜਵਾਨ ਨੂੰ ਪਿਆ ਭੁਗਤਣਾ
NEXT STORY