ਮਾਂ-ਪੁੱਤ 10 ਗ੍ਰਾਮ ਹੈਰੋਇਨ ਤੇ ਨਕਦੀ ਸਣੇ ਕਾਬੂ

You Are HerePunjab
Tuesday, March 21, 2017-3:34 AM

ਜਗਰਾਓਂ(ਜਸਬੀਰ ਸ਼ੇਤਰਾ)–ਪਿਛਲੇ ਹਫਤੇ ਹੀ ਪੁਲਸ ਜ਼ਿਲਾ ਲੁਧਿਆਣਾ ਦਿਹਾਤੀ ਦੇ ਸੀਨੀਅਰ ਪੁਲਸ ਕਪਤਾਨ ਦਾ ਅਹੁਦਾ ਸੰਭਾਲਣ ਮੌਕੇ ਐੱਸ. ਐੱਸ. ਪੀ. ਸੁਰਜੀਤ ਸਿੰਘ ਵੱਲੋਂ ਨਸ਼ਾ ਸਮੱਗਲਰਾਂ ਖਿਲਾਫ ਕਾਰਵਾਈ ਲਈ ਦਿੱਤੇ ਗਏ ਨਿਰਦੇਸ਼ਾਂ ਨੇ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਅੱਜ ਜਗਰਾਓਂ ਪੁਲਸ ਨੇ ਇਥੇ ਬੱਸ ਅੱਡੇ ਨੇੜਿਓਂ ਮਾਂ-ਪੁੱਤ ਨੂੰ 10 ਗ੍ਰਾਮ ਹੈਰੋਇਨ ਤੇ ਨਕਦੀ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਥਾਣਾ ਸਿਟੀ ਜਗਰਾਓਂ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਏ. ਐੱਸ. ਆਈ. ਹਰਮੇਸ਼ ਕੁਮਾਰ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਗਸ਼ਤ 'ਤੇ ਸਨ ਕਿ ਇਸ ਦੌਰਾਨ ਉਨ੍ਹਾਂ ਇਕ ਮੋਟਰਸਾਈਕਲ ਕੋਲ ਔਰਤ ਤੇ ਨੌਜਵਾਨ ਨੂੰ ਖੜ੍ਹੇ ਦੇਖਿਆ। ਪੁਲਸ ਨੂੰ ਦੇਖ ਕੇ ਇਹ ਦੋਵੇਂ ਘਬਰਾ ਗਏ ਤੇ ਸ਼ੱਕ ਦੇ ਆਧਾਰ 'ਤੇ ਜਦੋਂ ਇਨ੍ਹਾਂ ਦੋਵਾਂ ਦੀ ਚੈਕਿੰਗ ਕੀਤੀ ਗਈ ਤਾਂ ਉਨ੍ਹਾਂ ਕੋਲੋਂ 10 ਗ੍ਰਾਮ ਹੈਰੋਇਨ ਤੇ ਨਕਦੀ ਮਿਲੀ। ਏ. ਐੱਸ. ਆਈ. ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਗੁਰਮੇਜ ਕੌਰ ਤੇ ਉਸ ਦੇ ਲੜਕੇ ਰਜਿੰਦਰ ਸਿੰਘ ਵਾਸੀ ਖੁਰਸ਼ੈਦਪੁਰਾ ਥਾਣਾ ਸਿੱਧਵਾਂ ਬੇਟ ਵਜੋਂ ਹੋਈ ਹੈ, ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਮਾਣਯੋਗ ਅਦਾਲਤ ਨੇ ਇਨ੍ਹਾਂ ਦਾ ਇਕ ਦਿਨ ਦਾ ਪੁਲਸ ਰਿਮਾਂਡ ਦੇ ਦਿੱਤਾ ਹੈ, ਜਿਸ ਦੌਰਾਨ ਹੁਣ ਇਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਪੁਲਸ ਸੂਤਰਾਂ ਅਨੁਸਾਰ ਮਾਂ-ਪੁੱਤ ਸਮੱਗਲਿੰਗ ਲਈ ਇਹ ਹੈਰੋਇਨ ਅੱਗੋਂ ਇਕ ਹੋਰ ਔਰਤ ਤੋਂ ਲੈਂਦੇ ਸਨ, ਜਿਨ੍ਹਾਂ ਨਾਲ ਇਨ੍ਹਾਂ ਦਾ ਸਿਰਫ ਫੋਨ 'ਤੇ ਸੰਪਰਕ ਹੁੰਦਾ ਸੀ ਤੇ ਹੈਰੋਇਨ ਪਹੁੰਚ ਜਾਂਦੀ ਸੀ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!
.