ਬਠਿੰਡਾ(ਬਲਵਿੰਦਰ)-ਥਾਣਾ ਕੋਤਵਾਲੀ ਪੁਲਸ ਨੇ ਮੋਟਰਸਾਈਕਲ ਚੋਰ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 24 ਮੋਟਰਸਾਈਕਲ ਬਰਾਮਦ ਕੀਤੇ ਹਨ। ਗਿਰੋਹ ਦੇ ਮੈਂਬਰਾਂ ਕੋਲੋਂ ਪੁਲਸ ਨੇ ਕੁਝ ਤੇਜ਼ਧਾਰ ਹੱਥਿਆਰ ਵੀ ਬਰਾਮਦ ਕੀਤੇ ਹਨ। ਗਿਰੋਹ ਦੇ 2 ਹੋਰ ਮੈਂਬਰ, ਜੋ ਚੋਰੀ ਦੇ ਵਾਹਨ ਖਰੀਦਦੇ ਸਨ, ਅਜੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਡੀ. ਐੱਸ. ਪੀ. ਸਿਟੀ ਦਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਕੋਤਵਾਲੀ 'ਚ ਤਾਇਨਾਤ ਏ. ਐੱਸ. ਆਈ. ਕੁਲਵਿੰਦਰ ਸਿੰਘ ਨੂੰ ਉਕਤ ਚੋਰ ਗਿਰੋਹ ਦੇ ਸੰਬੰਧ 'ਚ ਸੂਚਨਾ ਮਿਲੀ ਸੀ। ਇਸ 'ਤੇ ਪੁਲਸ ਟੀਮ ਨੇ ਕਪਾਸ ਮੰਡੀ ਨਜ਼ਦੀਕ ਨਾਕਾਬੰਦੀ ਦੌਰਾਨ ਅੱਧਾ ਦਰਜਨ ਨੌਜਵਾਨਾਂ ਸੁਖਜੀਵਨ ਸ਼ਾਹ, ਜਗਦੇਵ ਸਿੰਘ, ਜੰਗੀਰ ਸਿੰਘ, ਹਰਜਿੰਦਰ ਸਿੰਘ, ਰਿੰਕੂ, ਰੂਪ ਸਿੰੰਘ ਵਾਸੀ ਜੈ ਸਿੰਘ ਵਾਲਾ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ। ਪੁੱਛਗਿੱਛ ਦੌਰਾਨ ਉਕਤ ਮੁਲਜ਼ਮਾਂ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਕਬੂਲ ਕਰ ਲਿਆ। ਪੁਲਸ ਨੇ ਮੁਲਜ਼ਮਾਂ ਤੋਂ ਪੁੱਛਗਿੱਛ ਦੇ ਆਧਾਰ 'ਤੇ ਉਨ੍ਹਾਂ ਦੇ ਠਿਕਾਣਿਆਂ ਤੋਂ 25 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ। ਇਸ ਤੋਂ ਇਲਾਵਾ ਪੁਲਸ ਨੇ ਮੁਲਜ਼ਮਾਂ ਕੋਲੋਂ ਇਕ ਤਲਵਾਰ, ਇਕ ਕਿਰਚ, ਇਕ ਕਾਪਾ ਤੇ ਇਕ ਬੇਸਬਾਲ ਵੀ ਬਰਾਮਦ ਕੀਤਾ ਹੈ। ਮੁਲਜ਼ਮਾਂ ਦੱਸਿਆ ਕਿ ਉਹ ਚੋਰੀ ਕੀਤੇ ਗਏ ਮੋਟਰਸਾਈਕਲ ਆਪਣੇ ਕਬਾੜ ਦਾ ਕੰਮ ਕਰਨ ਵਾਲੇ ਸਾਥੀਆਂ ਗੁਰਮੁੱਖ ਸਿੰਘ ਤੇ ਬਿੰਦਰ ਸਿੰਘ ਵਾਸੀ ਜੈ ਸਿੰਘ ਵਾਲਾ ਨੂੰ ਕੌਡੀਆਂ ਦੇ ਭਾਅ 'ਚ ਵੇਚ ਦਿੰਦੇ ਸਨ। ਡੀ. ਐੱਸ. ਪੀ. ਦਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਹੋਰ ਵੀ ਕਈ ਵਾਰਦਾਤਾਂ ਦੇ ਟਰੇਸ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਫਰਾਰ 2 ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਲਦ ਹੀ ਉਨ੍ਹਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।
ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਮਾਰੀ ਠੱਗੀ
NEXT STORY