ਲੁਧਿਆਣਾ(ਪੰਕਜ)-ਐੱਸ. ਟੀ. ਐੱਫ. ਵੱਲੋਂ ਬੀਤੇ ਦਿਨੀਂ 3.5 ਕਿਲੋ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਗਿਆ ਗੁਰਲਾਲ ਸਿੰਘ ਲਾਲੀ ਨਸ਼ਿਆਂ ਦਾ ਸੌਦਾਗਰ ਬਣ ਕੇ ਨਾ ਸਿਰਫ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੀ ਦਲਦਲ 'ਚ ਧੱਕ ਰਿਹਾ ਹੈ, ਸਗੋਂ ਪੰਜਾਬ 'ਚ ਜਦ ਅੱਤਵਾਦ ਦਾ ਦੌਰ ਸੀ, ਤਦ ਪਾਕਿਸਤਾਨ ਤੋਂ ਆਰ. ਡੀ. ਐਕਸ. ਸਮੇਤ ਹੋਰ ਘਾਤਕ ਸਮੱਗਰੀ ਅੱਤਵਾਦੀ ਗਰੁੱਪਾਂ ਨੂੰ ਉਪਲਬਧ ਕਰਵਾ ਕੇ ਅਣਗਿਣਤ ਮਜ਼ਲੂਮਾਂ ਦੀ ਮੌਤ ਲਈ ਵੀ ਜ਼ਿੰਮੇਵਾਰ ਹੈ। ਨੌਜਵਾਨਾਂ 'ਚ ਨਸ਼ਾ ਵੰਡ ਕੇ ਉਨ੍ਹਾਂ ਨੂੰ ਮੌਤ ਦੇ ਮੂੰਹ 'ਚ ਪਹੁੰਚਾਉਣ ਵਾਲਾ ਇਹ ਦੋਸ਼ੀ ਖੁਦ ਨਸ਼ੇ ਤੋਂ ਦੂਰ ਹੈ। ਹਾਲਾਂਕਿ 45 ਸਾਲ ਦੀ ਉਮਰ ਵਿਚ ਉਹ 10 ਸਾਲ ਤੋਂ ਜ਼ਿਆਦਾ ਸਮਾਂ ਜੇਲਾਂ 'ਚ ਗੁਜ਼ਾਰ ਚੁੱਕਾ ਹੈ। ਅੰਮ੍ਰਿਤਸਰ ਦੇ ਥਾਣਾ ਘਰਿੰਡਾ ਦੇ ਅਧੀਨ ਆਉਂਦੇ ਹੁਸ਼ਿਆਰ ਨਗਰ 'ਚ ਰਹਿਣ ਵਾਲਾ ਗੁਰਲਾਲ ਸਿੰਘ ਲਾਲੀ ਪੁੱਤਰ ਗੁਰਦਿਆਲ ਸਿੰਘ 25 ਸਾਲ ਦੀ ਉਮਰ 'ਚ ਅੱਤਵਾਦੀ ਸੰਗਠਨਾਂ ਨੂੰ ਆਰ. ਡੀ. ਐਕਸ., ਪੈਨਸਲ ਅਤੇ ਬੰਬ ਸਮੇਤ ਹੋਰ ਵਿਸਫੋਟਕ ਸਮੱਗਰੀ ਸਪਲਾਈ ਕਰਨ ਲਈ ਇਸ ਤਰ੍ਹਾਂ ਸੀਮਾ ਪਾਰ ਗਿਆ ਕਿ ਜ਼ਿੰਦਗੀ ਨੇ ਉਸ ਨੂੰ ਫਿਰ ਵਾਪਸ ਆਮ ਨਾਗਰਿਕ ਬਣਨ ਦਾ ਮੌਕਾ ਹੀ ਨਹੀਂ ਦਿੱਤਾ। ਅੱਤਵਾਦੀ ਸੰਗਠਨ ਬੱਬਰ ਖਾਲਸਾ ਨੂੰ ਵਿਸਫੋਟਕ ਪਦਾਰਥ ਉਪਲਬਧ ਕਰਵਾਉਂਦੇ-ਕਰਵਾਉਂਦੇ ਉਸ ਦੀ ਦੋਸਤੀ ਲਾਹੌਰ (ਪਾਕਿਸਤਾਨ) 'ਚ ਰਹਿਣ ਵਾਲੇ ਫਰਮਾਨ ਅਲੀ ਨਾਮਕ ਸਮੱਗਲਰ ਨਾਲ ਹੋਈ, ਜਿਸ ਨੇ ਅੱਤਵਾਦ ਖਤਮ ਹੋਣ ਤੋਂ ਬਾਅਦ ਉਸ ਨੂੰ ਹੈਰੋਇਨ ਦੀ ਸਮੱਗਲਿੰਗ ਦੇ ਧੰਦੇ 'ਚ ਲਗਾ ਦਿੱਤਾ। ਅੱਧਾ ਦਰਜਨ ਵਾਰ ਚੋਰੀ ਛੁਪੇ ਪਾਕਿ ਜਾ ਚੁੱਕੇ ਗੁਰਲਾਲ ਕੋਲੋਂ ਵੱਖ-ਵੱਖ ਥਾਣਿਆਂ ਦੀ ਪੁਲਸ 40 ਕਿਲੋ ਆਰ. ਡੀ. ਐਕਸ ਸਮੇਤ 58 ਕਿਲੋ ਹੈਰੋਇਨ ਦੀ ਬਰਾਮਦਗੀ ਕਰ ਚੁੱਕੀ ਹੈ। ਇਸ ਤੋਂ ਇਲਾਵਾ ਦੋਸ਼ੀ 'ਤੇ ਨਸ਼ਾ ਸਮੱਗਲਿੰਗ ਦੇ ਰਾਜ ਭਰ 'ਚ 10 ਮਾਮਲੇ ਦਰਜ ਹੋ ਚੁੱਕੇ ਹਨ, ਜਿਨ੍ਹਾਂ 'ਚ 20 ਕਿਲੋ, 25 ਕਿਲੋ, 10 ਕਿਲੋ ਹੈਰੋਇਨ, ਜਿਸ ਦੀ ਅੰਤਰਰਾਸ਼ਟਰੀ ਕੀਮਤ ਕਰੋੜਾਂ ਰੁਪਏ ਹੈ, ਫੜੀ ਜਾ ਚੁੱਕੀ ਹੈ। ਸਾਲ 1997 ਤੋਂ ਅਪਰਾਧਿਕ ਜੀਵਨ ਸ਼ੁਰੂ ਕਰਨ ਵਾਲਾ ਇਹ ਦੋਸ਼ੀ ਅੱਧੀ ਉਮਰ ਵੱਖ-ਵੱਖ ਜੇਲਾਂ 'ਚ ਕੱਟ ਚੁੱਕਾ ਹੈ। ਕਈ ਮਾਮਲਿਆਂ ਵਿਚ ਅਦਾਲਤ ਤੋਂ ਸਜ਼ਾ ਪਾ ਚੁੱਕੇ ਇਸ ਅਪਰਾਧੀ ਦੀ ਪਤਨੀ ਇਸੇ ਗਮ 'ਚ ਜਾਨ ਗੁਆ ਚੁੱਕੀ ਹੈ। ਉਸ ਦਾ 6 ਸਾਲ ਦਾ ਬੇਟਾ ਗੁਰਨੂਰ ਆਪਣੀ ਦਾਦੀ ਕੋਲ ਬਿਨਾਂ ਮਾਂ-ਬਾਪ ਦੇ ਜ਼ਿੰਦਗੀ ਗੁਜ਼ਾਰ ਰਿਹਾ ਹੈ, ਜਦਕਿ ਦੋਸ਼ੀ ਆਪਣੇ ਪਾਪਾਂ ਨੂੰ ਖਤਮ ਕਰਨ ਦੀ ਜਗ੍ਹਾ ਅਪਰਾਧ 'ਤੇ ਅਪਰਾਧ ਕਰਦਾ ਆ ਰਿਹਾ ਹੈ। ਅੰਮ੍ਰਿਤਸਰ ਦੇ ਬਾਰਡਰ ਏਰੀਆ 'ਚ ਸੀਮਾ ਪਾਰ ਬੈਠੇ ਲੋਕਾਂ ਨਾਲ ਆਪਣੇ ਸੰਬੰਧਾਂ ਕਾਰਨ ਚੰਦ ਦਿਨ ਪਹਿਲਾਂ 23 ਕਿਲੋ ਹੈਰੋਇਨ ਮੰਗਵਾਉਣ ਵਾਲੇ ਇਸ ਅਪਰਾਧੀ ਨੇ ਪੁਲਸ ਗ੍ਰਿਫਤ 'ਚ ਸਵੀਕਾਰ ਕੀਤਾ ਹੈ ਕਿ ਉਹ 20 ਕਿਲੋ ਅੱਗੇ ਭੇਜ ਚੁੱਕਾ ਹੈ। ਜ਼ਿਆਦਾ ਐੱਨ. ਡੀ. ਪੀ. ਐੱਸ. ਐਕਟ ਦੇ ਮਾਮਲਿਆਂ 'ਚ ਨਾਮਜ਼ਦ ਗੁਰਲਾਲ ਦੀ ਜ਼ਿੰਦਗੀ ਦੇ ਅਹਿਮ 15 ਸਾਲ ਜੇਲ 'ਚ ਆਉਣ-ਜਾਣ 'ਚ ਹੀ ਗੁਜ਼ਰ ਗਏ। ਜੇਲ 'ਚੋਂ ਬਾਹਰ ਆਉਂਦੇ ਹੀ ਸੀਮਾ ਪਾਰ ਆਪਣੇ ਜਾਣਕਾਰਾਂ ਨਾਲ ਸੰਪਰਕ ਕਰ ਕੇ ਫਿਰ ਹੈਰੋਇਨ ਦੀ ਸਮੱਗਲਿੰਗ ਸ਼ੁਰੂ ਕਰ ਦਿੱਤੀ ਸੀ।
ਸਮੱਗਲਰ ਲਾਲੀ ਦੀ ਨਿਸ਼ਾਨਦੇਹੀ 'ਤੇ 2 ਕਿਲੋ ਹੈਰੋਇਨ ਬਰਾਮਦ
ਐੱਸ. ਟੀ. ਐੱਫ. ਇੰਚਾਰਜ ਹਰਬੰਸ ਸਿੰਘ ਦੀ ਟੀਮ ਵੱਲੋਂ ਬੀਤੇ ਦਿਨੀਂ ਇਕ ਕਾਰ 'ਚ ਢਾਈ ਕਿਲੋ ਹੈਰੋਇਨ ਲੈ ਕੇ ਆ ਰਹੇ ਜਿਨ੍ਹਾਂ ਨਾਮੀ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਨ੍ਹਾਂ ਤੋਂ ਪੁੱਛਗਿੱਛ ਦੌਰਾਨ ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਟੀਮ ਨੇ ਇਕ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਹਰਬੰਸ ਸਿੰਘ ਨੇ ਦੱਸਿਆ ਕਿ ਢਾਈ ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਗੁਰਲਾਲ, ਪ੍ਰਭੂ ਸਿੰਘ ਅਤੇ ਗੁਰਪ੍ਰੀਤ ਸਿੰਘ ਗੋਪੀ ਤੋਂ ਜਦ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬੀ. ਐੱਸ. ਐੱਫ. ਦੀ ਚੌਕੀ, ਜਿਥੇ ਡੀ. ਟੀ. ਮਲ ਦੀ ਕੰਡਿਆਂ ਵਾਲੀਆਂ ਤਾਰਾਂ ਲੱਗੀਆਂ ਹਨ, ਉਥੇ ਅੱਧਾ-ਅੱਧਾ ਕਿਲੋ ਦੇ ਦੋ ਪੈਕੇਟ ਹੈਰੋਇਨ ਪਈ ਹੈ, ਜਿਸ 'ਤੇ ਟੀਮ ਨੇ ਦੋਸ਼ੀਆਂ ਨੂੰ ਨਾਲ ਲਿਜਾ ਕੇ ਹੈਰੋਇਨ ਬਰਾਮਦ ਕਰ ਲਈ ਹੈ।
ਚਾਰ ਦਿਨ ਦੇ ਰਿਮਾਂਡ 'ਤੇ ਚੱਲ ਰਹੇ ਦੋਸ਼ੀਆਂ ਵੱਲੋਂ ਕੀਤੇ ਜਾ ਰਹੇ ਖੁਲਾਸੇ ਦੰਦਾਂ ਥੱਲੇ ਉਂਗਲੀਆਂ ਚਬਾਉਣ ਵਾਲੇ ਹਨ। 50 ਕਿਲੋ ਤੋਂ ਜ਼ਿਆਦਾ ਹੈਰੋਇਨ ਦੀ ਖੇਪ ਪਾਕਿ ਤੋਂ ਮੰਗਵਾ ਕੇ ਪੰਜਾਬ 'ਚ ਖਪਾਉਣ ਵਾਲੇ ਤਿੰਨੇ ਸਮੱਗਲਰਾਂ ਨੇ ਹਜ਼ਾਰਾਂ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ ਹਨ। ਪੇਸ਼ੇਵਰ ਸਮੱਗਲਰ ਲਾਲੀ ਦੇ ਨਾਲ ਫੜੇ ਗਏ ਪ੍ਰਭੂ ਸਿੰਘ ਅਤੇ ਗੁਰਪ੍ਰੀਤ ਸਿੰਘ ਦੀ ਉਮਰ ਕ੍ਰਮਵਾਰ 23 ਅਤੇ 21 ਸਾਲ ਹੈ, ਜਿਨ੍ਹਾਂ ਨੂੰ ਲਾਲੀ ਨੇ ਹੀ ਪੈਸਿਆਂ ਦਾ ਲਾਲਚ ਦੇ ਕੇ ਨਾਲ ਰੱਖਿਆ ਸੀ। ਪੁਲਸ ਗ੍ਰਿਫਤ ਵਿਚ ਆਏ ਦੋਵੇਂ ਨੌਜਵਾਨ ਪੈਸਿਆਂ ਦੇ ਲਾਲਚ 'ਚ ਨਸ਼ੇ ਦੇ ਦਲਦਲ 'ਚ ਇਸ ਤਰ੍ਹਾਂ ਫਸੇ ਕਿ ਨਿਕਲਣ ਦਾ ਕੋਈ ਰਸਤਾ ਹੀ ਨਹੀਂ ਦਿਖਾਈ ਦਿੱਤਾ। ਡੇਢ ਦਹਾਕਿਆਂ ਤੋਂ ਜ਼ਿਆਦਾ ਜ਼ਿੰਦਗੀ ਜੇਲਾਂ 'ਚ ਗੁਜ਼ਾਰਨ ਵਾਲੇ ਲਾਲੀ ਤੋਂ ਪੁੱਛਗਿੱਛ ਜਾਰੀ ਹੈ।
ਨਸ਼ਾ ਸਮੱਗਲਰਾਂ ਦੀ ਰੀੜ੍ਹ ਦੀ ਹੱਡੀ ਤੋੜਨ 'ਚ ਜੁਟੀ ਐੱਸ. ਟੀ. ਐੱਫ.
ਪੰਜਾਬ 'ਚ ਨਸ਼ੇ ਦਾ ਜਾਲ ਵਿਛਾ ਕੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਰਹੇ ਨਸ਼ਾ ਸਮੱਗਲਿੰਗ ਦੇ ਵੱਡੇ ਮਗਰਮੱਛਾਂ ਨੂੰ ਭਾਰੀ ਖੇਪ ਸਣੇ ਗ੍ਰਿਫਤਾਰ ਕਰ ਕੇ ਸਲਾਖਾਂ ਦੇ ਪਿੱਛੇ ਪਹੁੰਚਾਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੀ ਐੱਸ. ਟੀ. ਐੱਫ. ਵੱਲੋਂ ਨਸ਼ਾ ਮਾਫੀਆ ਦੀ ਰੀੜ੍ਹ ਦੀ ਹੱਡੀ ਤੋੜਨ 'ਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਐੱਸ. ਟੀ. ਐੱਫ. ਦੇ ਇੰਸਪੈਕਟਰ ਹਰਬੰਸ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਪਿਛਲੇ ਮਹੀਨਿਆਂ ਦੌਰਾਨ ਦਰਜ ਕੀਤੇ ਗਏ ਮਾਮਲੇ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਰਾਜ 'ਚ ਡਰੱਗਜ਼ ਮਾਫੀਆ ਕਿਸ ਕਦਰ ਆਪਣੇ ਪੈਰ ਜਮਾ ਚੁੱਕਾ ਹੈ, ਜਿਸ ਨੂੰ ਜੜ੍ਹ ਤੋਂ ਖਤਮ ਕਰਨ ਲਈ ਕਾਫੀ ਮਿਹਨਤ ਕਰਨੀ ਪਵੇਗੀ।
ਚੱਕੀਆਂ ਦੀ ਤਲਾਸ਼ੀ ਦੌਰਾਨ ਬਰਾਮਦ ਹੋਏ 6 ਮੋਬਾਇਲ ਤੇ 7 ਸਿਮ ਕਾਰਡ
NEXT STORY