ਭਾਮੀਆਂ ਕਲਾਂ(ਜਗਮੀਤ)-ਏ. ਟੀ. ਐੱਮਜ਼ ਦੇ ਅੰਦਰ ਬੈਠ ਕੇ ਪੈਸੇ ਕਢਵਾਉਣ ਲਈ ਆਏ ਲੋਕਾਂ ਨਾਲ ਕਥਿਤ ਧੋਖਾਦੇਹੀ ਕਰਨ ਵਾਲੇ ਇਕ ਵਿਅਕਤੀ ਨੂੰ ਬਿਨਾਂ ਸਕਿਓਰਿਟੀ ਗਾਰਡ ਦੇ ਚੱਲ ਰਹੇ ਏ. ਟੀ. ਐੱਮ. 'ਚੋਂ ਪੈਸੇ ਕਢਵਾਉਣ ਲਈ ਆਏ ਦੋ ਵਿਅਕਤੀਆਂ ਵੱਲੋਂ ਕਾਬੂ ਕਰ ਕੇ ਪੁਲਸ ਹਵਾਲੇ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਬਾਅਦ ਉਕਤ ਵਿਅਕਤੀ ਨੇ ਪੁਲਸ ਕੋਲ ਪੁੱਛਗਿੱਛ 'ਚ ਮੰਨਿਆ ਕਿ ਉਸ ਨੇ ਹੁਣ ਤੱਕ ਵੱਖ-ਵੱਖ ਲੋਕਾਂ ਨਾਲ ਕਰੀਬ ਸਾਢੇ 4 ਲੱਖ ਰੁਪਏ ਦੀ ਠੱਗੀ ਕੀਤੀ ਹੈ। ਮੌਕੇ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਮਾਲਪੁਰ ਦੇ ਬੀਕਾਨੇਰ ਸਵੀਟਸ ਦੇ ਨਜ਼ਦੀਕ ਸਥਿਤ ਇਕ ਬੈਂਕ ਦੇ ਏ. ਟੀ. ਐੱਮ. ਤੋਂ ਪੈਸੇ ਕਢਵਾਉਣ ਲਈ ਆਏ ਚਿਤਰ ਬਹਾਦਰ ਪੁੱਤਰ ਰਾਜ ਬਹਾਦਰ ਵਾਸੀ ਫੋਕਲ ਪੁਆਇੰਟ ਨੇ ਦੱਸਿਆ ਕਿ ਉਹ ਪੈਸੇ ਕਢਵਾਉਣ ਲਈ ਆਇਆ ਸੀ। ਏ. ਟੀ. ਐੱਮ. ਦੇ ਅੰਦਰ ਇਕ ਵਿਅਕਤੀ ਪਹਿਲਾਂ ਹੀ ਸਕਿਓਰਿਟੀ ਗਾਰਡ ਦੀ ਕੁਰਸੀ 'ਤੇ ਬੈਠਾ ਹੋਇਆ ਸੀ। ਜਦੋਂ ਉਹ ਆਪਣੇ ਪੈਸੇ ਕੱਢਣ ਲੱਗਾ ਤਾਂ ਪੈਸੇ ਨਹੀਂ ਨਿਕਲੇ, ਜਿਸ 'ਤੇ ਉਕਤ ਵਿਅਕਤੀ ਨੇ ਕਿਹਾ ਕਿ ਉਹ ਦੇਖਦਾ ਹੈ। ਜਦੋਂ ਉਹ ਦੇਖਣ ਲੱਗਾ ਤਾਂ ਪੈਸੇ ਇਕਦਮ ਬਾਹਰ ਨਿਕਲੇ ਅਤੇ ਇਕ ਪਰਚੀ ਨਿਕਲ ਕੇ ਬਾਹਰ ਡਿੱਗ ਗਈ। ਉਹ ਆਪਣੇ ਪੈਸੇ ਲੈਣ ਲੱਗਾ ਤਾਂ ਉਕਤ ਵਿਅਕਤੀ ਨੇ ਉਥੇ ਪਏ ਇਕ ਕੱਚ ਦੇ ਟੁਕੜੇ ਨਾਲ ਉਸ ਦੀ ਬਾਂਹ 'ਤੇ ਹਮਲਾ ਕਰ ਦਿੱਤਾ ਤੇ ਉਸ ਦੇ ਪੈਸੇ ਖੋਹ ਕੇ ਭੱਜਣ ਲੱਗਾ, ਜਿਸ ਨੂੰ ਫੜਨ ਲਈ ਬਾਹਰ ਖੜ੍ਹੇ ਇਕ ਵਿਅਕਤੀ ਨੇ ਉਸ ਦੀ ਮਦਦ ਕੀਤੀ। ਆਸ-ਪਾਸ ਦੇ ਲੋਕ ਮੌਕੇ 'ਤੇ ਇਕੱਠੇ ਹੋ ਗਏ, ਜਿਨ੍ਹਾਂ ਨੂੰ ਪੂਰੀ ਘਟਨਾ ਬਾਰੇ ਪਤਾ ਲੱਗਣ 'ਤੇ ਥਾਣਾ ਜਮਾਲਪੁਰ ਦੀ ਪੁਲਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਥਾਣਾ ਪੁਲਸ ਨੇ ਉਕਤ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ।
ਰੋਜ਼ਾਨਾ ਬੈਠਦਾ ਸੀ ਏ. ਟੀ. ਐੱਮ. ਅੰਦਰ
ਉਕਤ ਬੈਂਕ ਦੇ ਏ. ਟੀ. ਐੱਮ. 'ਚ ਸਕਿਓਰਿਟੀ ਗਾਰਡ ਦੀ ਵਿਵਸਥਾ ਨਾ ਹੋਣ ਕਾਰਨ ਉਕਤ ਵਿਅਕਤੀ ਰੋਜ਼ਾਨਾ ਬੈਂਕ ਦੇ ਅੰਦਰ ਸਕਿਓਰਿਟੀ ਗਾਰਡ ਦੀ ਕੁਰਸੀ 'ਤੇ ਆ ਕੇ ਬੈਠ ਜਾਂਦਾ ਸੀ ਅਤੇ ਭੋਲੇ-ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ। ਜਿਸ ਨੇ ਪਿਛਲੇ ਕੁਝ ਦਿਨਾਂ 'ਚ ਹੀ ਵੱਖ-ਵੱਖ ਲੋਕਾਂ ਨਾਲ ਲਗਭਗ 1 ਤੋਂ ਡੇਢ ਲੱਖ ਦੀ ਕਥਿਤ ਠੱਗੀ ਮਾਰੀ ਸੀ।
ਓਧਰ ਇਸ ਸਬੰਧੀ ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਜਿਸ ਦੀ ਪਛਾਣ ਅਸ਼ਵਨੀ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਜੈਨ ਕਾਲੋਨੀ, ਡਾਬਾ ਵਜੋਂ ਹੋਈ ਹੈ, ਦੇ ਖਿਲਾਫ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਕਤ ਵਿਅਕਤੀ ਨਸ਼ੇੜੀ ਹੈ, ਜਿਸ ਨੇ ਪੁੱਛਗਿੱਛ 'ਚ ਮੰਨਿਆ ਕਿ ਹੁਣ ਤੱਕ ਲੋਕਾਂ ਨਾਲ ਸਾਢੇ 4 ਲੱਖ ਦੀ ਠੱਗੀ ਕਰ ਚੁੱਕਾ ਹੈ। ਜੋ ਬਿਨਾਂ ਸਕਿਓਰਿਟੀ ਗਾਰਡ ਵਾਲੇ ਏ. ਟੀ. ਐੱਮ. ਨੂੰ ਆਪਣਾ ਨਿਸ਼ਾਨਾ ਬਣਾਉਂਦਾ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਪੁਲਸ ਕਮਿਸ਼ਨਰ ਦੇ ਹੁਕਮਾਂ ਨੂੰ ਠੇਂਗਾ
ਬਿਨਾਂ ਸਕਿਓਰਿਟੀ ਗਾਰਡ ਵਾਲੇ ਏ. ਟੀ. ਐੱਮ. ਨੂੰ ਬੰਦ ਰੱਖਣ ਦੇ ਜ਼ਿਲਾ ਪੁਲਸ ਕਮਿਸ਼ਨਰ ਵੱਲੋਂ ਦਿੱਤੇ ਗਏ ਹੁਕਮਾਂ ਨੂੰ ਹੁਣ ਤੱਕ ਵੀ ਕੁਝ ਬੈਂਕ ਠੇਂਗਾ ਵਿਖਾ ਰਹੇ ਹਨ। ਜਿਸ ਦੀ ਤਾਜ਼ਾ ਮਿਸਾਲ ਉਕਤ ਬੈਂਕ ਹੈ, ਜਿਥੇ ਕੋਈ ਵੀ ਸਕਿਓਰਿਟੀ ਗਾਰਡ ਮੌਜੂਦ ਨਹੀਂ ਸੀ, ਜਿਸ ਕਾਰਨ ਉਕਤ ਵਿਅਕਤੀ ਲੋਕਾਂ ਨਾਲ ਠੱਗੀ ਕਰਨ 'ਚ ਕਾਮਯਾਬ ਰਿਹਾ। ਇਸੇ ਤਰ੍ਹਾਂ ਸ਼ਹਿਰ ਦੇ ਹੋਰ ਵੀ ਅਨੇਕਾਂ ਏ. ਟੀ. ਐੱਮ. ਹਨ, ਜੋ ਬਿਨਾਂ ਸਕਿਓਰਿਟੀ ਗਾਰਡ ਦੇ ਚੱਲ ਰਹੇ ਹਨ, ਜਿਨ੍ਹਾਂ ਨੂੰ ਪੁਲਸ ਕਮਿਸ਼ਨਰ ਦੇ ਹੁਕਮਾਂ ਦੀ ਕੋਈ ਪ੍ਰਵਾਹ ਨਹੀਂ ਹੈ।
ਡੇਂਗੂ ਦੀ ਦਹਿਸ਼ਤ, ਸਿਵਲ ਹਸਪਤਾਲ 'ਚ ਦੋ ਸਾਲਾ ਬੱਚੀ ਸਮੇਤ 7 ਮਰੀਜ਼ ਭਰਤੀ
NEXT STORY