ਲੁਧਿਆਣਾ(ਅਨਿਲ)-ਪੰਜਾਬ ਸਰਕਾਰ ਵੱਲੋਂ ਰਾਜ 'ਚ ਨਸ਼ਿਆਂ ਦੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਬਣਾਈ ਗਈ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੀ ਲੁਧਿਆਣਾ ਯੂਨਿਟ ਦੀ ਟੀਮ ਨੇ ਪੰਜਾਬ ਵਿਚ ਸਭ ਤੋਂ ਵੱਡੀ 2 ਕੁਇੰਟਲ ਗਾਂਜੇ ਦੀ ਖੇਪ ਫੜਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਟੀ. ਐੱਫ. ਲੁਧਿਆਣਾ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਸ ਟੀਮ ਥਾਣਾ ਫੋਕਲ ਪੁਆਇੰਟ ਦੇ ਇਲਾਕੇ ਵਿਚ ਗਸ਼ਤ ਕਰ ਰਹੀ ਸੀ ਤਾਂ ਉਸੇ ਸਮੇਂ ਸਾਹਮਣਿਓਂ ਇਕ ਰਿਕਸ਼ਾ ਰੇਹੜਾ ਆਉਂਦਾ ਦਿਖਾਈ ਦਿੱਤਾ, ਜਿਸ 'ਤੇ ਇਕ ਵਿਅਕਤੀ ਪਲਾਸਟਿਕ ਦੇ ਬੈਗ ਲੱਦ ਕੇ ਆ ਰਿਹਾ ਸੀ। ਜਦੋਂ ਪੁਲਸ ਨੇ ਸ਼ੱਕ ਦੇ ਆਧਾਰ 'ਤੇ ਉਕਤ ਵਿਅਕਤੀ ਨੂੰ ਚੈਕਿੰਗ ਲਈ ਰੋਕਣਾ ਚਾਹਿਆ ਤਾਂ ਉਕਤ ਵਿਅਕਤੀ ਨੇ ਇਕਦਮ ਰੇਹੜਾ ਪਿੱਛੇ ਮੋੜ ਦਿੱਤਾ ਅਤੇ ਭੱਜਣ ਲੱਗਾ ਪਰ ਪੁਲਸ ਟੀਮ ਦੀ ਮੁਸਤੈਦੀ ਕਾਰਨ ਤੁਰੰਤ ਵਿਅਕਤੀ ਨੂੰ ਰੋਕ ਕੇ ਜਦੋਂ ਉਸ ਦੇ ਰੇਹੜੇ 'ਤੇ ਪਈ ਤਰਪਾਲ ਉਤਾਰੀ ਤਾਂ ਉਸ ਦੇ ਥੱਲੇ ਪਲਾਸਟਿਕ ਦੇ 8 ਥੈਲੇ ਬਰਾਮਦ ਹੋਏ, ਜਿਨ੍ਹਾਂ ਵਿਚੋਂ 2 ਕੁਇੰਟਲ ਗਾਂਜਾ ਬਰਾਮਦ ਕੀਤਾ ਗਿਆ, ਜਿਸ ਦੀ ਕੁੱਲ ਕੀਮਤ ਕਰੀਬ 50 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਜਿਸ ਤੋਂ ਬਾਅਦ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਉਸ ਦੀ ਪਛਾਣ ਉਮਾ ਸ਼ੰਕਰ ਉਮਰ 36 ਸਾਲ ਪੁੱਤਰ ਦਵਿੰਦਰ ਸਿੰਘ ਵਾਸੀ ਗਰੀਬ ਕਾਲੋਨੀ, ਹਰਨਾਮਪੁਰਾ, ਡੇਹਲੋਂ ਵਜੋਂ ਕੀਤੀ ਗਈ ਹੈ ਜਿਸ ਦੇ ਖਿਲਾਫ ਥਾਣਾ ਫੋਕਲ ਪੁਆਇੰਟ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਪਰਚਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੰਜਾਬ ਦੀ ਅੱਜ ਤੱਕ ਦੀ ਸਭ ਤੋਂ ਵੱਡੀ ਗਾਂਜੇ ਦੀ ਖੇਪ
ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਐੱਸ. ਟੀ. ਐੱਫ. ਨੇ ਜੋ 2 ਕੁਇੰਟਲ ਗਾਂਜੇ ਦੀ ਖੇਪ ਬਰਾਮਦ ਕੀਤੀ ਹੈ, ਅੱਜ ਤੱਕ ਦੀ ਪੰਜਾਬ ਦੀ ਸਭ ਤੋਂ ਵੱਡੀ ਖੇਪ ਹੈ। ਉਨ੍ਹਾਂ ਦੱÎਸਿਆ ਕਿ ਐੱਸ. ਟੀ. ਐੱਫ. ਦੀ ਇਹ ਸਭ ਤੋਂ ਵੱਡੀ ਕਾਮਯਾਬੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨ ਵੀ ਐੱਸ. ਟੀ. ਐੱਫ. ਨੇ 200 ਕਰੋੜ ਦੀ ਹੈਰੋਇਨ ਦੀ ਪੰਜਾਬ ਦੀ ਸਭ ਤੋਂ ਵੱਡੀ ਖੇਪ ਬਰਾਮਦ ਕੀਤੀ ਗਈ ਸੀ।
ਕਰਿਆਨੇ ਦੀ ਦੁਕਾਨ ਚਲਾਉਣ ਵਾਲਾ ਬਣਿਆ ਗਾਂਜੇ ਦਾ ਸਮੱਗਲਰ
ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਗਾਂਜੇ ਦੀ ਖੇਪ ਸਮੇਤ ਫੜੇ ਗਏ ਦੋਸ਼ੀ ਉਮਾ ਸ਼ੰਕਰ ਪਿਛਲੇ ਕਰੀਬ ਢਾਈ ਸਾਲ ਤੋਂ ਗਾਂਜੇ ਦੀ ਸਮੱਗਲਿੰਗ ਦਾ ਕੰਮ ਕਰ ਰਿਹਾ ਹੈ। ਜਦੋਂਕਿ ਉਸ ਨੇ ਆਪਣੇ ਪਿੰਡ ਵਿਚ ਇਕ ਕਰਿਆਨੇ ਦੀ ਦੁਕਾਨ ਵੀ ਖੋਲ੍ਹ ਰੱਖੀ ਹੈ। ਉਨ੍ਹਾਂ ਦੱਸਿਆ ਕਿ ਉਮਾ ਸ਼ੰਕਰ ਥੋਕ ਦੇ ਭਾਅ ਆਪਣੇ ਗਾਹਕਾਂ ਨੂੰ ਗਾਂਜੇ ਦੀ ਖੇਪ ਸਪਲਾਈ ਕਰਦਾ ਹੈ ਅਤੇ ਲੁਧਿਆਣਾ ਦੇ ਚਾਰੇ ਪਾਸੇ ਉਸ ਦੇ ਸੈਂਕੜੇ ਗਾਹਕ ਹਨ, ਜਿਨ੍ਹਾਂ ਨੂੰ ਇਹ ਖੇਪ ਸਪਲਾਈ ਕਰਦਾ ਸੀ।
6 ਹਜ਼ਾਰ 'ਚ ਪ੍ਰਤੀ ਕਿਲੋ ਖਰੀਦ ਕੇ 25 ਹਜ਼ਾਰ ਵਿਚ ਵੇਚਦਾ ਸੀ
ਹਰਬੰਸ ਸਿੰਘ ਨੇ ਦੱਸਿਆ ਕਿ ਉਕਤ ਨਸ਼ਾ ਸਮੱਗਲਰ ਉਮਾ ਸ਼ੰਕਰ ਬੰਗਾਲ ਅਤੇ ਤ੍ਰਿਪੁਰਾ ਤੋਂ 6 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਰੇਟ 'ਤੇ ਗਾਂਜਾ ਖਰੀਦਦਾ ਸੀ ਅਤੇ ਲੁਧਿਆਣਾ ਵਿਚ ਗਾਹਕਾਂ ਨੂੰ 25 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਦਾ ਸੀ। ਜਾਂਚ ਦੌਰਾਨ ਦੋਸ਼ੀ ਨੇ ਦੱਸਿਆ ਕਿ ਇਹ ਖੇਪ ਰੇਲਗੱਡੀ ਵਿਚ ਆਉਂਦੀ ਸੀ ਅਤੇ ਨਸ਼ਾ ਸਮੱਗਲਰ ਲੁਧਿਆਣਾ ਆ ਕੇ ਗਾਂਜਾ ਡਲਿਵਰ ਕਰਦੇ ਸਨ। ਹਰਬੰਸ ਸਿੰਘ ਨੇ ਦੱਸਿਆ ਕਿ ਇਹ ਖੇਪ ਬੰਗਾਲ ਦੇ ਰਹਿਣ ਵਾਲੇ ਸੰਜੇ ਅਤੇ ਤ੍ਰਿਪੁਰਾ ਦੇ ਰਹਿਣ ਵਾਲੇ ਮਨੋਜ ਤੋਂ ਆਈ ਹੈ। ਜਦੋਂਕਿ ਉਹ ਆਪਣੇ ਮਾਲ ਦਾ ਆਰਡਰ ਵਾਇਸ ਮੇਲ ਰਾਹੀਂ ਸਪਲਾਈ ਕਰਨ ਵਾਲਿਆਂ ਨੂੰ ਭੇਜ ਦਿੰਦਾ ਸੀ।
ਪੁਲਸ ਰਿਮਾਂਡ ਦੌਰਾਨ ਹੋਣਗੇ ਅਹਿਮ ਖੁਲਾਸੇ
ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੂੰ ਅੱਜ ਅਦਾਲਤ ਵਿਚ ਪੇਸ਼ ਕਰ ਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਪੁਲਸ ਰਿਮਾਂਡ ਦੌਰਾਨ ਦੋਸ਼ੀ ਤੋਂ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਲੁਧਿਆਣਾ 'ਚ ਕਿਨ੍ਹਾਂ-ਕਿਨ੍ਹਾਂ ਲੋਕਾਂ ਨੂੰ ਇਹ ਗਾਂਜਾ ਸਪਲਾਈ ਕਰਦਾ ਸੀ। ਇਸ ਸਬੰਧੀ ਆਉਣ ਵਾਲੇ ਦਿਨਾਂ 'ਚ ਖੁਲਾਸਾ ਕੀਤਾ ਜਾਵੇਗਾ।
ਜਥੇਦਾਰਾਂ ਨੂੰ ਬਿਨਾਂ ਸਪੱਸ਼ਟੀਕਰਨ ਲੈਣ ਤੋਂ ਕਿਸੇ ਨੂੰ ਵੀ ਪੰਥ 'ਚੋਂ ਛੇਕਣ ਦਾ ਕੋਈ ਅਧਿਕਾਰ ਨਹੀਂ : ਸਰਨਾ
NEXT STORY