ਜਲੰਧਰ-ਬੰਗਾ ਨੇੜੇ ਕੁਝ ਪਿੰਡਾਂ 'ਚ ਪੁਲਸ ਅਤੇ ਫੌਜ ਦੇ ਜਵਾਨਾਂ ਦੀ ਹਲਚਲ ਨੂੰ ਲੈ ਕੇ ਸ਼ੁੱਕਰਵਾਰ ਨੂੰ ਭੰਬਲਭੂਸੇ ਵਾਲੀ ਸਥਿਤੀ ਬਣੀ ਰਹੀ। ਹਾਲਾਤ ਉਸ ਵੇਲੇ ਹੋਰ ਜ਼ਿਆਦਾ ਸ਼ੱਕੀ ਹੋ ਗਏ ਜਦੋਂ ਫੌਜ ਦੀਆਂ ਕੁਝ ਗੱਡੀਆਂ ਬੰਗਾ ਥਾਣੇ ਦੇ ਬਾਹਰ ਦੇਖੀਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਪੁਲਸ ਅਤੇ ਫੌਜ ਦੇ ਅਫਸਰਾਂ 'ਚ ਇਕ ਮੀਟਿੰਗ ਵੀ ਹੋਈ ਹੈ। ਗੁਰਦਾਸਪੁਰ ਵਿਚ ਹੋਈ ਅੱਤਵਾਦੀ ਹਮਲੇ ਤੋਂ ਬਾਅਦ ਪੁਲਸ ਅਤੇ ਫੌਜ ਦੀ ਮੀਟਿੰਗ ਨੂੰ ਅੱਤਵਾਦੀਆਂ ਬਾਰੇ ਖੁਫੀਆ ਜਾਣਕਾਰੀ ਸਾਂਝੀ ਕਰਨ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਨਿਊਜ਼ ਚੈਨਲਾਂ 'ਤੇ ਇਸ ਮੀਟਿੰਗ ਨੂੰ ਲੈ ਕੇ ਇਹ ਖਬਰ ਨਸ਼ਰ ਕੀਤੀ ਗਈ ਕਿ ਪੁਲਸ ਅਤੇ ਫੌਜ ਦੀ ਇਹ ਮੀਟਿੰਗ ਪੰਜਾਬ 'ਚ ਅੱਤਵਾਦੀਆਂ ਸਬੰਧੀ ਮਿਲੀ ਖੁਫੀਆ ਜਾਣਕਾਰੀ ਨੂੰ ਲੈ ਕੇ ਕੀਤੀ ਗਈ ਹੈ। ਫੌਜ ਦੇ ਪਬਲਿਕ ਰਿਲੇਸ਼ਨ ਅਫਸਰ ਨਰੇਸ਼ ਵਿਜ ਨੇ ਸਫਾਈ ਦਿੰਦਿਆਂ ਕਿਹਾ ਕਿ ਜਲੰਧਰ 'ਚ ਹਾਈਵੇਅ ਬਣਾਉਣ ਲਈ ਆਰਮੀ ਪਾਸੋਂ ਲਈ ਗਈ ਜ਼ਮੀਨ ਦੇ ਬਦਲੇ ਪੰਜਾਬ ਸਰਕਾਰ ਫੌਜ ਨੂੰ ਬੰਗਾ 'ਚ ਜ਼ਮੀਨ ਦੇਣਾ ਚਾਹੁੰਦੀ ਹੈ, ਜਿਸ ਦੀ ਨਿਸ਼ਾਨਦੇਹੀ ਲਈ ਫੌਜ ਦੇ ਅਫਸਰ ਪਿੰਡਾਂ 'ਚ ਗਏ ਸਨ। ਪੁਲਸ ਨੇ ਖੁਦ ਫੌਜ ਨੂੰ ਦੋ-ਤਿੰਨ ਪਿੰਡਾਂ 'ਚ ਜ਼ਮੀਨ ਵਿਖਾਈ ਹੈ। ਫੌਜ ਦੀ ਇਸ ਰੁਟੀਨ ਕਾਰਵਾਈ ਨੂੰ ਕਿਸੇ ਹੋਰ ਤਰੀਕੇ ਨਾਲ ਨਾ ਵੇਖਿਆ ਜਾਵੇ।
ਰਾਜਸੀ ਭ੍ਰਿਸ਼ਟਾਚਾਰ ਕਰ ਰਹੀ ਹੈ 'ਆਪ' : ਯਾਦਵ
NEXT STORY