ਮੋਗਾ (ਪਵਨ ਗਰੋਵਰ/ਗੋਪੀ ਰਾਊਕੇ) - ਇਕ ਪਾਸੇ ਜਿੱਥੇ ਸਾਲ 2015 'ਚ ਨਗਰ ਕੌਂਸਲ ਤੋਂ ਪਹਿਲੀ ਵਾਰ ਨਗਰ ਨਿਗਮ ਬਣੇ ਮੋਗਾ ਨਾਲ ਸ਼ਹਿਰ ਵਾਸੀਆਂ 'ਚ ਇਹ ਉਮੀਦ ਜਾਗੀ ਸੀ ਕਿ ਨਿਗਮ ਬਣਨ ਤੋਂ ਬਾਅਦ ਸ਼ਹਿਰ ਦਾ ਹੋਣ ਵਾਲਾ ਸਰਬਪੱਖੀ ਵਿਕਾਸ ਸ਼ਹਿਰ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗਾ ਪਰ ਦੂਸਰੇ ਪਾਸੇ ਨਗਰ ਨਿਗਮ ਦੀ ਨਵੀਂ ਬਣੀ ਟੀਮ ਦੀ ਆਪਸੀ ਕਥਿਤ 'ਗੁੱਟਬੰਦੀ' ਕਾਰਨ ਸ਼ਹਿਰ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਨਗਰ ਨਿਗਮ ਦੇ ਅਧਿਕਾਰੀਆਂ, ਵੱਖ-ਵੱਖ ਵਾਰਡਾਂ ਦੇ ਕੌਂਸਲਰਾਂ, ਮੇਅਰ ਅਤੇ ਪੰਜਾਬ ਦੀ ਨਵੀਂ ਬਣੀ ਕਾਂਗਰਸ ਸਰਕਾਰ ਦੇ ਨੁਮਾਇੰਦਿਆਂ ਅੱਗੇ ਸ਼ਹਿਰ ਵਾਸੀ ਸ਼ਹਿਰ ਦੀ ਇਸ ਬਦਤਰ ਹਾਲਤ ਦਾ ਰੋਣਾ ਤਾਂ ਪਿਛਲੇ 8 ਮਹੀਨਿਆਂ ਤੋਂ ਲਗਾਤਾਰ ਰੋਂਦੇ ਆ ਰਹੇ ਹਨ ਪਰ ਕਿਸੇ ਵੀ ਅਧਿਕਾਰੀ ਜਾਂ ਸਰਕਾਰੀ ਨੁਮਾਇੰਦਿਆਂ ਨੇ ਸ਼ਹਿਰ ਦੇ ਰੁਕੇ ਵਿਕਾਸ ਕਾਰਜਾਂ ਦਾ ਪਹੀਆ ਦੁਬਾਰਾ ਪਟੜੀ 'ਤੇ ਲਿਆਉਣ ਦੀ ਕਾਰਵਾਈ ਅਮਲੀ ਤੌਰ 'ਤੇ ਸ਼ੁਰੂ ਨਹੀਂ ਕੀਤੀ, ਜਿਸ ਕਾਰਨ ਸ਼ਹਿਰ ਵਾਸੀਆਂ ਦਾ ਗੁੱਸਾ ਹੁਣ ਸੱਤਵੇਂ ਆਸਮਾਨ 'ਤੇ ਪਹੁੰਚ ਗਿਆ ਹੈ। 'ਜਗ ਬਾਣੀ' ਵੱਲੋਂ ਰੁਕੇ ਵਿਕਾਸ ਕਾਰਜਾਂ ਦੇ ਮਾਮਲੇ 'ਤੇ ਸ਼ਹਿਰ ਦੀ ਜ਼ਮੀਨੀ ਹਕੀਕਤ ਜਾਣਨ ਲਈ ਜਦੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦਾ ਨਿਰੀਖਣ ਕੀਤਾ ਗਿਆ ਤਾਂ ਇਹ ਤੱਥ ਉੱਭਰ ਕੇ ਸਾਹਮਣੇ ਆਏ ਕਿ ਸ਼ਹਿਰ ਦੇ ਅੰਦਰ ਵਾਲੇ ਹਿੱਸੇ ਦੇ ਕੁਝ ਵਾਰਡਾਂ ਨੂੰ ਛੱਡ ਕੇ ਸਮੁੱਚੇ ਸ਼ਹਿਰ ਦੀਆਂ ਟੁੱਟੀਆਂ ਸੜਕਾਂ, ਬੰਦ ਪਈਆਂ ਸਟਰੀਟ ਲਾਈਟਾਂ ਅਤੇ ਹੋਰ ਮੁੱਢਲੀਆਂ ਸੁਵਿਧਾਵਾਂ ਦੀ ਘਾਟ ਬਹੁਤ ਵਾਰਡਾਂ 'ਚ ਦੇਖਣ ਨੂੰ ਮਿਲੀ।
ਇਸ ਦੌਰਾਨ ਸ਼ਹਿਰ ਵਾਸੀਆਂ ਨਾਲ ਜਦੋਂ ਵਿਕਾਸ ਕਾਰਜਾਂ ਸਬੰਧੀ ਗੱਲਬਾਤ ਕਰਨੀ ਸ਼ੁਰੂ ਕੀਤੀ ਤਾਂ 'ਜਗ ਬਾਣੀ' ਦੇ ਸਾਹਮਣੇ ਉਨ੍ਹਾਂ ਨੇ ਵਿਕਾਸ ਦਾ ਰੋਣਾ ਰੋਂਦੇ ਹੋਏ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਤਾਂ ਨਗਰ ਕੌਂਸਲ ਤੋਂ ਬਣਿਆ ਨਗਰ ਨਿਗਮ ਮੋਗਾ ਨਗਰ ਕੌਂਸਲ ਹੀ ਠੀਕ ਸੀ, ਜਦੋਂ ਸ਼ਹਿਰ ਦੀਆਂ ਸਮੱਸਿਆਵਾਂ ਇਕ-ਇਕ ਕਰ ਕੇ ਹੱਲ ਹੋ ਜਾਂਦੀਆਂ ਸਨ। ਉਨ੍ਹਾਂ ਕਿਹਾ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਅਤੇ ਸਮੁੱਚੇ ਕੌਂਸਲਰਾਂ ਨੂੰ ਇਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਵਿਕਾਸ ਕਾਰਜਾਂ ਸਬੰਧੀ ਰਣਨੀਤੀ ਨੂੰ ਅਮਲੀਜਾਮਾ ਪਹਿਨਾਉਣ ਦੀ ਜ਼ਰੂਰਤ ਹੈ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਮੋਗਾ ਸ਼ਹਿਰ ਸਾਰੇ ਪਾਸਿਆਂ ਤੋਂ ਸਮੱਸਿਆਵਾਂ ਨਾਲ ਘਿਰ ਜਾਵੇਗਾ।
ਵਾਰਡ ਨੰਬਰ-7 ਮੁੱਢਲੀਆਂ ਸਹੂਲਤਾਂ ਤੋਂ ਵਾਂਝਾ
ਸ਼ਹਿਰ ਦੇ ਵਾਰਡ ਨੰਬਰ-7 ਦੇ ਸੰਤ ਸਿੰਘ ਸਾਦਿਕ ਰੋਡ ਦੀਆਂ ਗਲੀਆਂ 'ਚ ਇਕ ਵਾਰ ਪਹਿਲਾਂ ਪਾਏ ਗਏ ਪੱਥਰਾਂ ਨੂੰ ਦਿਖਾਉਂਦੇ ਹੋਏ ਵਾਰਡ ਵਾਸੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਵਾਰਡ ਦੀਆਂ ਗਲੀਆਂ 'ਚ ਪਾਏ ਪੱਥਰਾਂ 'ਤੇ ਲੰਮੇ ਸਮੇਂ 'ਤੇ ਪ੍ਰੀਮਿਕਸ ਨਾ ਪਾਉਣ ਕਾਰਨ ਹੁਣ ਪੱਥਰਾਂ 'ਚੋਂ ਮਿੱਟੀ ਵੀ ਨਿਕਲ ਰਹੀ ਹੈ। ਉਨ੍ਹਾਂ ਕਿਹਾ ਕਿ ਉਕਤ ਪੱਥਰਾਂ 'ਤੇ ਦੋਪਹੀਆ ਵਾਹਨਾਂ ਨੇ ਤਾਂ ਕੀ ਚੱਲਣਾ ਹੈ ਬਲਕਿ ਸ਼ਹਿਰ ਵਾਸੀਆਂ ਦਾ ਇਨ੍ਹਾਂ 'ਤੇ ਪੈਦਲ ਚੱਲਣਾ ਮੁਸ਼ਕਿਲ ਹੋ ਗਿਆ ਹੈ। ਵਾਰਡ ਅਧੀਨ ਪੈਂਦੇ ਪਿੰਡ ਇਕ ਛੋਟੇ ਸਕੂਲ 'ਚ ਪੜ੍ਹਨ ਆਉਂਦੇ ਨੰਨ੍ਹੇ ਬੱਚਿਆਂ ਨੂੰ ਵੀ ਇਸੇ ਸੜਕ ਤੋਂ ਦੀ ਲੰਘਣਾ ਪੈਂਦਾ ਹੈ, ਜੋ ਕਿਸੇ ਵੀ ਸਮੱਸਿਆ ਤੋਂ ਘੱਟ ਨਹੀਂ ਹੈ।
ਵਾਰਡ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਸਬੰਧੀ ਵਾਰਡ ਕੌਂਸਲਰ ਅਤੇ ਨਗਰ ਨਿਗਮ ਮੋਗਾ ਦੇ ਅਧਿਕਾਰੀਆਂ ਨੂੰ ਵੀ ਕਈ ਵਾਰ ਸ਼ਿਕਾਇਤਾਂ ਦਿੱਤੀਆਂ ਹਨ ਪਰ ਫਿਰ ਵੀ ਉਨ੍ਹਾਂ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਬਰਕਰਾਰ ਹਨ। ਵਾਰਡ 'ਚ ਸ਼ਾਮ ਹੁੰਦੇ ਹੀ ਹਨੇਰਾ ਛਾ ਜਾਂਦਾ ਹੈ।
ਸ਼ਹਿਰ ਦੇ ਵਾਰਡ ਨੰਬਰ 1 ਤੋਂ ਕੌਂਸਲਰ ਮਨਪ੍ਰੀਤ ਕੌਰ ਦੇ ਪਤੀ ਸਰਪੰਚ ਜਸਪ੍ਰੀਤ ਸਿੰਘ ਵਿੱਕੀ ਨੇ ਕਿਹਾ ਕਿ ਅਸੀਂ ਆਪਣੇ ਵਾਰਡ ਦੀ ਗੁੱਟਬੰਦੀ ਤੋਂ ਉਪਰ ਉੱਠ ਕੇ ਵਿਕਾਸ ਕਰਨਾ ਚਾਹੁੰਦੇ ਹਾਂ ਪਰ ਕਥਿਤ ਗੁੱਟਬੰਦੀ ਕਾਰਨ ਸਮੱਸਿਆਵਾਂ ਢੇਰ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਮੋਗਾ 'ਚ ਨਵੇਂ ਸ਼ਾਮਲ ਹੋਏ ਪਿੰਡ ਦੀਆਂ ਗਲੀਆਂ ਕੱਚੀਆਂ ਹਨ। ਇਕ ਹਫਤਾ ਪਹਿਲਾਂ ਪਈ ਬਾਰਿਸ਼ ਨੇ ਤਾਂ ਵਾਰਡ ਵਾਸੀਆਂ ਨੂੰ ਅਸਲ 'ਚ ਹੀ ਘਰਾਂ 'ਚ ਕੈਦ ਕਰ ਕੇ ਰੱਖ ਦਿੱਤਾ ਹੈ ਕਿਉਂਕਿ ਕੱਚੀਆਂ ਗਲੀਆਂ ਦੇ ਡੂੰਘੇ ਪੁੱਟੇ ਟੋਇਆਂ 'ਚ ਖੜ੍ਹੇ ਗੰਦੇ ਪਾਣੀ 'ਚੋਂ ਸ਼ਹਿਰ ਵਾਸੀਆਂ ਦਾ ਲੰਘਣਾ ਬਹੁਤ ਹੀ ਗੰਭੀਰ ਸਮੱਸਿਆ ਬਣ ਗਈ ਹੈ। ਉਨ੍ਹਾਂ ਦੱਸਿਆ ਕਿ ਬੀਤੀ ਅਕਾਲੀ ਸਰਕਾਰ ਦੌਰਾਨ ਉਹ ਪੰਜਾਬ ਦੇ ਤਤਕਾਲੀਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਸੀ, ਜਿਨ੍ਹਾਂ ਨੇ ਉਸ ਸਮੇਂ ਸਮੱਸਿਆਵਾਂ ਦਾ ਹੱਲ ਕਰਨ ਦਾ ਵਿਸ਼ਵਾਸ ਦਿੱਤਾ ਸੀ ਪਰ ਵਾਰਡ ਵਾਸੀਆਂ ਨੂੰ ਦਿੱਤਾ ਵਿਸ਼ਵਾਸ ਵਾਅਦਾ ਹੀ ਬਣ ਕੇ ਰਹਿ ਗਿਆ। ਹੁਣ ਉਹ ਨਵੀਂ ਬਣੀ ਕਾਂਗਰਸ ਸਰਕਾਰ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਜਿੱਥੇ ਵਾਰਡ ਦੀਆਂ ਸਮੱਸਿਆਵਾਂ ਬਾਰੇ ਨਿੱਜੀ ਤੌਰ 'ਤੇ ਜਾਣੂ ਕਰਵਾ ਚੁੱਕੇ ਹਨ, ਉੱਥੇ ਹੀ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੀਤੀ ਦਿਨੀਂ ਇਕ ਪੱਤਰ ਵੀ ਲਿਖਿਆ ਸੀ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਤੋਂ ਪੱਤਰ ਦਾ ਜਵਾਬ ਤਾਂ ਨਹੀਂ ਮਿਲਿਆ ਬਲਕਿ ਇਸ ਤੋਂ ਅੱਗੇ ਗੱਲ ਵੀ ਨਹੀਂ ਹੋ ਸਕੀ। ਇਸ ਸਮੇਂ ਤਰਸੇਮ ਸਿੰਘ, ਰਣਜੀਤ ਸਿੰਘ, ਲਖਵਿੰਦਰ ਸਿੰਘ, ਅਮਨਦੀਪ ਸਿੰਘ, ਰਮਨਦੀਪ ਸਿੰਘ, ਰਮਨ ਕੁਮਾਰ ਸ਼ਰਮਾ ਆਦਿ ਵਾਰਡ ਵਾਸੀਆਂ ਨੇ ਸਰਕਾਰ ਤੋਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਮੰਗ ਕੀਤੀ।
ਵਿਦਿਆਰਥੀਆਂ ਦਾ ਲਿਆ ਸਕਾਲਰਸ਼ਿਪ ਟੈਸਟ
NEXT STORY