ਭੁਲੱਥ(ਰਜਿੰਦਰ)— ਬੁੱਧਵਾਰ ਰਾਤ ਤੇਜ਼ ਮੀਂਹ ਅਤੇ ਤੂਫਾਨ ਨਾਲ ਰੁੱਖਾਂ ਦੇ ਡਿੱਗ ਜਾਣ ਕਾਰਨ ਬੰਦ ਹੋਇਆ ਭੁਲੱਥ-ਕਰਤਾਰਪੁਰ ਰੋਡ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ ਆਵਾਜਾਈ ਲਈ ਆਮ ਦੀ ਤਰ੍ਹਾਂ ਖੁੱਲ੍ਹ ਗਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਰਾਹਤ ਮਿਲੀ। ਦੱਸਣਯੋਗ ਹੈ ਕਿ ਤੇਜ਼ ਮੀਂਹ ਅਤੇ ਤੂਫਾਨ ਕਾਰਨ ਬੁੱਧਵਾਰ ਰਾਤ 9 ਵਜੇ ਤੋਂ ਇਸ ਰੋਡ 'ਤੇ ਆਵਾਜਾਈ ਬੰਦ ਹੋ ਗਈ ਸੀ, ਕਿਉਂਕਿ ਸੰਘਣੀ ਛਾਂ ਵਾਲੇ ਇਸ ਰੋਡ 'ਤੇ 250 ਤੋਂ ਵਧੇਰੇ ਰੁੱਖ ਡਿੱਗ ਗਏ ਸਨ, ਜਿਨ੍ਹਾਂ ਵਿੱਚ ਵਧੇਰੇ ਗਿਣਤੀ ਸਫੈਦਿਆਂ ਦੀ ਸੀ। ਜਿਨ੍ਹਾਂ ਨੂੰ ਹਟਾਉਣ ਦੀ ਕਵਾਇਦ ਵੀਰਵਾਰ ਸਵੇਰ ਤੋਂ ਸ਼ੁਰੂ ਕੀਤੀ ਗਈ ਸੀ ਪਰ ਸ਼ੁੱਕਰਵਾਰ ਨੂੰ ਤਾਂ ਜੰਗਲਾਤ ਰੇਂਜ ਅਫਸਰ ਕਪੂਰਥਲਾ ਰਜਿੰਦਰ ਕੁਮਾਰ ਇਥੇ ਆਪਣੀ ਪੂਰੀ ਟੀਮ ਨਾਲ ਪੁੱਜੇ ਹੋਏ ਸਨ, ਜਿਸ ਵਿੱਚ ਬਲਾਕ ਅਫਸਰ ਕ੍ਰਿਸ਼ਨ ਕੁਮਾਰ, ਗਾਰਡ ਸੁਖਦੇਵ ਸਿੰਘ, ਫੂਲਾ ਸਿੰਘ , ਕੰਚਨ ਸਿੰਘ ਅਤੇ ਸਪਨਾ ਦੇ ਨਾਂ ਸ਼ਾਮਲ ਹਨ। ਜੰਗਲਾਤ ਵਿਭਾਗ ਦੇ ਇਨ੍ਹਾਂ ਅਫਸਰਾਂ ਤੋਂ ਇਲਾਵਾ ਅਨੇਕਾਂ ਵਰਕਰ ਵੀ ਮੌਜੂਦ ਸਨ। ਜਿਸ ਦੌਰਾਨ ਜੇ. ਸੀ. ਬੀ. ਮਸ਼ੀਨ ਅਤੇ ਕਰੇਨ ਦੀ ਮਦਦ ਨਾਲ ਇਸ ਸੜਕ ਤੋਂ ਕਾਫੀ ਮੋਟਾਈ ਵਾਲੇ ਸਫੈਦੇ ਤੇ ਸਰੀਂ ਦੇ ਰੁੱਖ ਹਟਾਏ ਗਏ। ਜੰਗਲਾਤ ਵਿਭਾਗ ਦੀ ਕਾਫੀ ਜੱਦੋ-ਜਹਿਦ ਤੋਂ ਬਾਅਦ ਕਰੀਬ 4 ਵਜੇ ਇਥੋਂ ਦਾ ਰਸਤਾ ਆਵਾਜਾਈ ਲਈ ਖੁੱਲ੍ਹ ਗਿਆ। ਜਿਸ ਦੌਰਾਨ ਇਥੋਂ ਲੰਘਣ ਵਾਲੇ ਲੋਕਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਕਿਉਂਕਿ ਸੜਕ 'ਤੇ ਕਾਫੀ ਜ਼ਿਆਦਾ ਮੋਟਾਈ ਵਾਲੇ ਰੁੱਖ ਡਿੱਗਣ ਕਾਰਨ ਲੋਕ ਤਾਂ ਇਹ ਕਿਆਸਰਾਈਆਂ ਲਗਾ ਰਹੇ ਸਨ ਕਿ ਇਹ ਸੜਕ ਘੱਟੋ-ਘੱਟ 4 ਤੋਂ 5 ਦਿਨ ਬੰਦ ਰਹੇਗੀ ਤੇ ਇਥੇ ਡਿੱਗੇ ਰੁੱਖ ਆਪਸ ਵਿੱਚ ਫਸੇ ਹੋਏ ਸਨ ਪਰ ਜੰਗਲਾਤ ਵਿਭਾਗ ਵਲੋਂ ਇਥੇ ਅੱਜ ਆਵਾਜਾਈ ਚਲਾ ਦਿੱਤੀ ਹੈ ਪਰ ਸੜਕ ਦਾ ਪੂਰਾ ਰਸਤਾ ਸਾਫ ਹੋਣ ਨੂੰ ਹਾਲੇ ਇਕ ਹਫਤੇ ਦਾ ਸਮਾਂ ਲੱਗਣ ਦੀ ਸੰਭਾਵਨਾ ਹੈ।
ਹਾਲੇ ਵੀ ਡਿੱਗਣ ਦੀ ਉਡੀਕ 'ਚ ਹਨ ਕੁਝ ਦਰੱਖਤ
ਭੁਲੱਥ-ਕਰਤਾਰਪੁਰ ਰੋਡ 'ਤੇ ਡਿੱਗੇ ਦਰੱਖਤਾਂ ਨੂੰ ਜੰਗਲਾਤ ਵਿਭਾਗ ਨੇ ਹਟਾ ਕੇ ਭਾਵੇਂ ਆਵਾਜਾਈ ਬਹਾਲ ਕਰਵਾ ਦਿੱਤੀ ਹੈ ਪਰ ਤੇਜ਼ ਤੂਫਾਨ ਕਾਰਨ ਕੁਝ ਰੁੱਖ ਪੂਰੀ ਤਰ੍ਹਾਂ ਝੁਕ ਚੁੱਕੇ ਹਨ, ਜੋ ਕਿਸੇ ਵੇਲੇ ਵੀ ਹਨੇਰੀ ਆਉਣ 'ਤੇ ਡਿੱਗ ਸਕਦੇ ਹਨ। ਇਸ ਤੋਂ ਇਲਾਵਾ ਕੁਝ ਕੁ ਰੁੱਖ ਤਾਂ ਦੂਸਰੇ ਰੁੱਖਾਂ ਦਾ ਸਹਾਰਾ ਬਣ ਕੇ ਡਿੱਗਣ ਤੋਂ ਬਚੇ ਹਨ। ਜਿਨ੍ਹਾਂ ਦੀ ਕਟਾਈ ਹਾਲੇ ਤੱਕ ਜੰਗਲਾਤ ਵਿਭਾਗ ਵਲੋਂ ਨਹੀਂ ਕੀਤੀ ਗਈ।
ਇਕ ਹਫਤੇ ਦਾ ਕੰਮ ਹਾਲੇ ਬਾਕੀ : ਜੰਗਲਾਤ ਰੇਂਜ ਅਫਸਰ
ਇਸ ਸੰਬੰਧ 'ਚ ਜਦੋਂ ਜੰਗਲਾਤ ਰੇਂਜ ਅਫਸਰ ਕਪੂਰਥਲਾ ਰਜਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਭੁਲੱਥ-ਕਰਤਾਰਪੁਰ ਰੋਡ 'ਤੇ ਡਿੱਗੇ ਰੁੱਖਾਂ ਨੂੰ ਹਟਾ ਕੇ ਆਵਾਜਾਈ ਚਾਲੂ ਕਰਵਾ ਦਿੱਤੀ ਗਈ ਹੈ ਅਤੇ ਇਸ ਸੜਕ ਦੇ ਆਸੇ-ਪਾਸੇ ਝੁਕੇ ਹੋਏ ਰੁੱਖ ਨੂੰ ਕਟਾਉਣ ਤੇ ਕੁਝ ਥਾਵਾਂ 'ਤੇ ਸੜਕ ਦੇ ਇਲਾਕੇ 'ਚ ਪਏ ਰੁੱਖਾਂ ਨੂੰ ਹਟਾਉਣ ਲਈ ਹਾਲੇ ਹਫਤੇ ਦਾ ਸਮਾਂ ਲੱਗੇਗਾ।
ਚੰਡੀਗੜ੍ਹ : ਅੰਤਰਰਾਸ਼ਟਰੀ ਹਵਾਈ ਅੱਡਾ ਬਣਾਏਗਾ ਆਪਣਾ ਰਨਵੇ
NEXT STORY