ਜਲੰਧਰ (ਪਾਹਵਾ) — ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਮਾਮਲਿਆਂ ਦੇ ਇੰਚਾਰਜ, ਰਾਸ਼ਟਰੀ ਉਪ ਪ੍ਰਧਾਨ ਤੇ ਰਾਜ ਸਭਾ ਮੈਂਬਰ ਪ੍ਰਭਾਤ ਝਾ ਨੇ ਕਿਹਾ ਕਿ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਨਿਗਮ ਚੋਣਾਂ 'ਚ ਆਪਣੀ ਸਿਆਸੀ ਤਾਕਤ ਦਾ ਗਲਤ ਇਸਤੇਮਾਲ ਕਰ ਕੇ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰ ਕਾਂਗਰਸ ਦੇ ਪੱਖ 'ਚ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਆਜ਼ਾਦ ਹੋਣ ਦੇ 70 ਸਾਲ ਬਾਅਦ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਤਰ੍ਹਾਂ ਦੀ ਗੰਦੀ ਸਿਆਸਤ ਕਰਨਾ ਬੜੀ ਸ਼ਰਮ ਦੀ ਗੱਲ ਹੈ।
ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਵਿਰੋਧੀ ਦਲ ਦੇ ਉਮੀਦਵਾਰਾਂ ਨੂੰ ਗ੍ਰਿਫਤਾਰ ਕਰਨ ਜਾਂ ਉਨ੍ਹਾਂ ਨੂੰ ਬਿਨ੍ਹਾਂ ਵਜ੍ਹਾ ਤੰਗ ਕਰਨ ਦਾ ਕੰਮ ਕਰ ਰਹੀ ਹੈ। ਝਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਕੁਝ ਦਿਨਾਂ 'ਚ ਨਿਗਮ ਚੋਣਾਂ ਦਾ ਆਗਾਜ਼ ਹੋਣ ਦੇ ਬਾਅਦ ਤੋਂ ਇਕ ਵਾਰ ਫਿਰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਲਗਾਈ ਗਈ ਐਮਰਜੈਂਸੀ ਨੂੰ ਯਾਦ ਕਰਵਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਗਾਂਧੀ ਨੇ ਐਮਰਜੈਂਸੀ ਦੇ ਦੌਰ 'ਚ ਮਨਮਰਜੀ ਕਰਕੇ ਵਿਰੋਧੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ, ਉਹ ਹੀ ਕੰਮ ਕੈਪਟਨ ਅਮਰਿੰਦਰ ਸਿੰਘ ਪੰਜਾਬ 'ਚ ਨਿਗਮ ਚੋਣਾਂ 'ਚ ਕਰ ਰਹੇ ਹਨ। ਝਾ ਨੇ ਕਿਹਾ ਕਿ ਪਿਛਲੇ ਸਮੇਂ 'ਚ ਹੋਏ ਵਿਧਾਨ ਸਭਾ ਚੋਣਾਂ 'ਚ ਅਕਾਲੀ-ਭਾਜਪਾ ਸਰਕਾਰ ਸੱਤਾ 'ਚ ਸੀ ਪਰ ਸਰਕਾਰ ਵਲੋਂ ਚੋਣਾਂ ਨੂੰ ਲੋਕਤੰਤਰੀ ਤਰੀਕੇ ਨਾਲ ਕਰਵਾਇਆ ਗਿਆ। ਉਸ ਸਮੇਂ 'ਚ ਕਿਸੇ ਵੀ ਵਿਰੋਧੀ ਦਲ ਨੂੰ ਇਸ ਤਰ੍ਹਾਂ ਨਾਲ ਪਰੇਸ਼ਾਨ ਨਹੀਂ ਕੀਤਾ ਗਿਆ ਤੇ ਹਾਰ ਨੂੰ ਗਠਬੰਧਨ ਨੇ ਸਵੀਕਾਰ ਕੀਤਾ ਪਰ ਹਾਰ ਤੋਂ ਡਰੇ ਕੈਪਟਨ ਅਮਰਿੰਦਰ ਸਿੰਘ ਵਿਰੋਧੀ ਦਲ ਦੇ ਨੇਤਾਵਾਂ ਖਾਸ ਕਰ ਉਮੀਦਵਾਰਾਂ ਨੂੰ ਨਿਸ਼ਾਨਾ ਬਨਾਉਣ ਦੀ ਗੰਦੀ ਸਿਆਸਤ ਕਰ ਰਹੇ ਹਨ। ਝਾ ਨੇ ਕਿਹਾ ਕਿ ਇਸ ਸੰਬੰਧ 'ਚ ਚੋਣ ਕਮਿਸ਼ਨ ਅੱਗੇ ਵੀ ਉਨ੍ਹਾਂ ਦੀ ਅਪੀਲ ਹੈ ਕਿ ਉਹ ਚੋਣਾਂ ਨੂੰ ਨਿਰਪੱਖ ਤੇ ਲੋਕਤੰਤਰੀ ਤਰੀਕੇ ਨਾਲ ਅੰਜਾਮ ਦੇਣ। ਉਨ੍ਹਾਂ ਨੇ ਕਿਹਾ ਕਿ ਇਸ ਸਥਿਤੀ 'ਚ ਜੋ ਕੈਪਟਨ ਅਮਰਿੰਦਰ ਸਿੰਘ ਵਲੋਂ ਯੋਜਨਾਵਾਂ ਬਣਾ ਕੇ ਵਿਰੋਧੀ ਦਲਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ, ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਦੇ ਲਈ ਅੰਜਾਮ ਭੁਗਤਣਾ ਪਵੇਗਾ। ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸੌਦਾ ਮਹਿੰਗਾ ਪਵੇਗਾ। ਝਾ ਨੇ ਕੇਂਦਰ ਸਰਕਾਰ ਤੋਂ ਵੀ ਮੰਗ ਕੀਤੀ ਕਿ ਪੰਜਾਬ 'ਚ ਨਿਰਪੱਖ, ਬਿਨਾਂ ਕਿਸੇ ਡਰ ਦੇ ਚੋਣਾਂ ਕਰਵਾਉਣ ਲਈ ਸੁਰੱਖਿਆ ਪ੍ਰਬੰਧ ਪੁਖਤਾ ਕੀਤੇ ਜਾਣ। ਉਨ੍ਹਾਂ ਨੇ ਕੇਂਦਰ ਤੋਂ ਮੰਗ ਕੀਤੀ ਕਿ ਚੋਣਾਂ ਦੌਰਾਨ ਪੈਰਾਮਿਲਟਰੀ ਫੋਰਸ ਤਾਇਨਾਤ ਕੀਤੀ ਜਾਵੇ, ਜਿਸ ਨਾਲ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਸੰਭਾਵਿਤ ਧੱਕੇਸ਼ਾਹੀ ਨਾ ਹੋ ਸਕੇ। ਉੱਤਰ ਪ੍ਰਦੇਸ਼ ਦਾ ਉਦਾਹਰਣ ਦਿੰਦੇ ਹੋਏ ਝਾ ਨੇ ਕਿਹਾ ਕਿ ਉਥੋਂ ਦੇ ਮੁੱਖ ਮੰਤਰੀ ਯੋਗੀ ਆਦਿਤਆਨਾਥ ਨੇ ਨਿਗਮ ਚੋਣਾਂ 'ਚ ਜਿਸ ਤਰ੍ਹਾਂ ਨਾਲ ਨਿਰਪੱਖ ਵਿਵਹਾਰ ਅਪਨਾਉਂਦੇ ਹੋਏ ਤੇ ਚੋਣਾਂ ਜਿੱਤ ਕੇ ਇਕ ਨਵੀਂ ਪੰਰਪਰਾ ਦਾ ਗਠਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੈਪਟਨ ਨੂੰ ਲਗਦਾ ਹੈ ਕਿ ਪੰਜਾਬ ਦੀ ਜਨਤਾ ਕਾਂਗਰਸ ਦੇ ਸ਼ਾਸਨ ਤੋਂ ਸੰਤੁਸ਼ਟ ਹੈ ਤਾਂ ਫਿਰ ਉਹ ਇਸ ਤਰ੍ਹਾਂ ਦੀ ਘਟੀਆ ਸਿਆਸਤ ਕਿਉਂ ਕਰ ਰਹੇ ਹਨ। ਝਾ ਨੇ ਇਹ ਵੀ ਕਿਹਾ ਕਿ ਜਲੰਧਰ ਤੇ ਪਟਿਆਲਾ 'ਚ 6 ਵੱਖ-ਵੱਖ ਮਾਮਲਿਆਂ 'ਚ ਭਾਰਤੀ ਜਨਤਾ ਪਾਰਟੀ ਨੇ ਸ਼ਿਕਾਇਤ ਦਰਜ ਕਰਵਾਈ ਹੈ, ਜਿਨ੍ਹਾਂ 'ਚ ਪਾਰਟੀ ਦੇ ਉਮੀਦਵਾਰਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਨੇ ਇਨ੍ਹਾਂ ਸ਼ਿਕਾਇਤਾਂ ਦੇ ਆਧਾਰ 'ਤੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਲੋਕਾਂ 'ਤੇ ਤੁਰੰਤ ਕਾਰਵਾਈ ਕੀਤੀ ਜਾਵੇ।
9 ਸਾਲ ਬਾਅਦ ਵੀ ਜਿੰਮੀ ਨੂੰ ਨਹੀਂ ਮਿਲ ਸਕੀ ਮਾਂ, ਝੂਠੇ ਕੇਸ 'ਚ ਫਸਾਉਣ ਦੇ ਲਗਾਏ ਦੋਸ਼
NEXT STORY