ਮਲੋਟ, (ਜੁਨੇਜਾ) : ਮਲੋਟ ਦੀ ਸਭ ਤੋਂ ਸੰਘਣੀ ਆਬਾਦੀ ਵਾਲੇ ਆਦਰਸ਼ ਨਗਰ ਇਲਾਕੇ ਦੇ ਸੇਤੀਆ ਮੁਹੱਲੇ ਦੇ ਇਕ ਘਰ ਵਿਚੋਂ ਬਜ਼ੁਰਗ ਜੋੜੇ ਦੀਆਂ ਲਾਸ਼ਾਂ ਮਿਲੀਆਂ ਹਨ। ਇਹ ਬਜ਼ੁਰਗ ਜੋੜਾ ਘਰ ਵਿਚ ਇਕੱਲਾ ਸੀ, ਜਿਸਦਾ ਕਰੀਬ 2-3 ਦਿਨ ਪਹਿਲਾਂ ਕਿਸੇ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਲਾਸ਼ਾਂ ਦਾ ਪਤਾ ਅੱਜ ਸਵੇਰੇ ਕਰੀਬ ਸਾਢੇ ਪੰਜ ਵਜੇ ਉਦੋਂ ਲੱਗਾ ਜਦੋਂ ਘਰੋਂ ਬਾਹਰ ਗਏ ਹੋਏ ਉਨ੍ਹਾਂ ਦੇ ਨੂੰਹ-ਪੁੱਤਰ ਘਰ ਵਾਪਸ ਪਰਤੇ।
ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪੁੱਤਰ ਧਰਮਵੀਰ ਉਰਫ ਬਿੱਟੂ ਬੱਤਰਾ ਨੇ ਦੱਸਿਆ ਕਿ ਉਹ ਆੜ੍ਹਤ ਦਾ ਕੰਮ ਕਰਦਾ ਹੈ ਅਤੇ ਕਿਸੇ ਕੰਮ ਕਾਰਣ ਉਹ ਸੋਮਵਾਰ ਨੂੰ ਕਰਨਾਲ ਗਿਆ ਸੀ ਜਦੋਂ ਕਿ ਉਸਦੀ ਲੈਕਚਰਾਰ ਪਤਨੀ ਪੂਜਾ ਬੱਤਰਾ ਕਰੀਬ 7-8 ਦਿਨਾਂ ਤੋਂ ਕਿਸੇ ਸੈਮੀਨਰ ਵਿਚ ਭਾਗ ਲੈਣ ਉਦੈਪੁਰ (ਰਾਜਸਥਾਨ) ਗਈ ਹੋਈ ਸੀ। ਪਿਛੋਂ ਉਸ ਦੇ ਪਿਤਾ ਸਤਪਾਲ ਬੱਤਰਾ ਅਤੇ ਮਾਤਾ ਕ੍ਰਿਸ਼ਨਾ ਕੁਮਾਰੀ ਘਰ ਵਿਚ ਇਕੱਲੇ ਸਨ।
ਬੀਤੀ ਰਾਤ ਉਹ ਦਿੱਲੀ ਏਅਰਪੋਰਟ ਤੋਂ ਆਪਣੀ ਪਤਨੀ ਨੂੰ ਲੈ ਕੇ ਅੱਜ ਸਵੇਰੇ ਘਰ ਪੁੱਜਿਆ ਤਾਂ ਵੇਖਿਆ ਕਿ ਅੰਦਰ ਕਮਰੇ ਵਿਚ ਉਸਦੇ ਪਿਤਾ ਸਤਪਾਲ ਬੱਤਰਾ ਅਤੇ ਮਾਤਾ ਕ੍ਰਿਸ਼ਨਾ ਕੁਮਾਰੀ ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਪਈਆਂ ਹੋਈਆਂ ਸਨ। ਲਾਸ਼ਾਂ ਦੀ ਹਾਲਤ ਅਤੇ ਉਨ੍ਹਾਂ ਤੋਂ ਆਉਂਦੀ ਬਦਬੂ ਤੋਂ ਜਾਪਦਾ ਹੈ ਕਿ ਕਤਲ ਕਰੀਬ 2-3 ਦਿਨ ਪਹਿਲਾਂ ਹੋਇਆ ਹੋਵੇਗਾ। ਬਿੱਟੂ ਬੱਤਰਾ ਅਨੁਸਾਰ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਅਤੇ ਨਾ ਹੀ ਘਰ ਵਿਚੋਂ ਕੋਈ ਸਾਮਾਨ ਗਾਇਬ ਹੋਇਆ ਹੈ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਗਿੱਲ, ਐੱਸ. ਪੀ. ਮਲੋਟ ਬਲਰਾਜ ਸਿੰਘ ਸਿੱਧੂ, ਡੀ. ਐੱਸ. ਪੀ. ਮਲੋਟ ਮਨਵਿੰਦਰਬੀਰ ਸਿੰਘ, ਸਿਟੀ ਮਲੋਟ ਦੇ ਐੱਸ. ਐੱਚ. ਓ. ਧਰਮਪਾਲ ਅਤੇ ਏ. ਐੱਸ. ਆਈ. ਬਲਜਿੰਦਰ ਸਿੰਘ ਸਮੇਤ ਪੁਲਸ ਪਾਰਟੀ ਪੁੱਜ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ। ਫਿਲਹਾਲ ਪੁਲਸ ਵੱਖ-ਵੱਖ ਪਹਿਲੂਆਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਤਸਵੀਰਾਂ 'ਚ ਦੇਖੋ ਨਵਜੋਤ ਸਿੰਘ ਸਿੱਧੂ ਦਾ Stylish ਪਰਿਵਾਰ, ਬੇਟੀ ਨੂੰ ਹੈ ਮਾਡਲਿੰਗ ਦਾ ਸ਼ੌਂਕ
NEXT STORY