ਲੁਧਿਆਣਾ(ਪਾਲੀ)-ਪੰਜਾਬ ਵਿਚ 10 ਸਾਲ ਲਗਾਤਾਰ ਅਕਾਲੀ-ਭਾਜਪਾ ਸਰਕਾਰ ਨੂੰ ਕਈ ਕਾਰਨਾਂ ਕਰ ਕੇ ਪੰਜਾਬ ਦੇ ਲੋਕਾਂ ਵੱਲੋਂ ਚਲਦਾ ਕਰਨ ਤੋਂ ਬਾਅਦ ਬੜੇ ਚਾਅ ਨਾਲ ਲਿਆਂਦੀ ਕੈਪਟਨ ਸਰਕਾਰ ਜਿਹੜੀ ਅਕਾਲੀ-ਭਾਜਪਾ ਸਰਕਾਰ ਨੂੰ ਪਾਣੀ ਪੀ-ਪੀ ਕੇ ਕੋਸਦੀ ਰਹੀ ਹੈ, 100 ਦਿਨ ਬੀਤ ਜਾਣ ਬਾਅਦ ਵੀ ਕੋਈ ਚਮਤਕਾਰ ਨਹੀਂ ਦਿਖਾ ਸਕੀ, ਜਿਸ ਨਾਲ 'ਉਹੀ ਬੁੱਢੀ ਖੋਤੀ ਉਹੀ ਰਾਮ ਦਿਆਲ ਵਾਲੀ ਕਹਾਵਤ' ਵਾਲੇ ਹਾਲਾਤ ਚੱਲ ਰਹੇ ਹਨ। ਕੈਪਟਨ ਸਰਕਾਰ ਨੇ ਚੋਣਾਂ ਦੌਰਾਨ ਪੰਜਾਬ ਦੇ ਨੌਜਵਾਨਾਂ ਨੂੰ ਹਰ ਘਰ 'ਚ ਇਕ ਨੌਜਵਾਨ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਅਤੇ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਵੀ ਵਾਅਦਾ ਕੀਤਾ ਸੀ, ਉਹ ਇਕ ਛਲਾਵਾ ਅਤੇ ਚੋਣ ਪ੍ਰਚਾਰ ਹੀ ਸਾਬਤ ਹੋ ਰਿਹਾ ਹੈ। ਪਿੱਛੇ ਜਿਹੇ ਮੁੱਖ ਮੰਤਰੀ ਨੇ ਬਿਆਨ ਦਿੱਤਾ ਸੀ ਕਿ ਉਹ 50 ਹਜ਼ਾਰ ਨੌਕਰੀ ਕੱਢ ਰਹੇ ਹਨ। ਉਨ੍ਹਾਂ ਨੇ ਨੌਕਰੀ ਦਾ ਐਲਾਨ ਤਾਂ ਅਜੇ ਕੀਤਾ ਨਹੀਂ ਪਰ ਪਹਿਲਾਂ ਸਰਕਾਰੀ ਨੌਕਰੀਆਂ ਕਰ ਰਹੇ ਮੁਲਾਜ਼ਮਾਂ ਨੂੰ ਅਜੇ ਤਨਖਾਹ ਨਹੀਂ ਮਿਲ ਰਹੀ ਸਰਕਾਰ ਹੋਰ ਨੌਕਰੀਆਂ ਕਿੱਥੋਂ ਦੇਵੇਗੀ। ਹੁਣ ਤੱਕ ਸਰਕਾਰ ਦੀ ਕਾਰਗੁਜ਼ਾਰੀ ਨੂੰ ਵੇਖੀਏ ਤਾਂ ਸਰਕਾਰ ਤਨਖਾਹਾਂ ਦੇਣਾ ਤਾਂ ਅਸਮਰੱਥ ਹੈ ਹੀ ਪਰ ਸਰਕਾਰੀ ਮੁਲਾਜ਼ਮਾਂ 'ਤੇ ਡੰਡਾ ਚਲਾਉਣ ਵੱਲ ਜ਼ਿਆਦਾ ਧਿਆਨ ਦੇ ਰਹੀ ਹੈ ਅਤੇ ਟੀਮਾਂ ਬਣਾ ਕੇ ਮੁਲਾਜ਼ਮਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਵੱਲ ਜ਼ਿਆਦਾ ਧਿਆਨ ਦੇ ਰਹੀ ਹੈ। ਇਸ ਸਰਕਾਰ ਨੇ ਆਉਂਦੇ ਸਾਰ ਕਈ ਮਹਿਕਮਿਆਂ 'ਚੋਂ ਮੁਲਾਜ਼ਮਾਂ ਨੂੰ ਸਸਪੈਂਡ ਜਾਂ ਡਿਪੋਰਟ ਕੀਤੇ ਹਨ।
ਸੂਤਰਾਂ ਦਾ ਕਹਿਣਾ ਹੈ ਕਿ ਮੁਲਾਜ਼ਮਾਂ ਨੂੰ ਤਾਂ ਤਨਖਾਹ ਦੇਣ ਤੋਂ ਅਸਮਰੱਥ ਸਰਕਾਰ ਵਿਧਾਨ ਸਭਾ ਚ ਚੁਣੇ ਗਏ ਵਿਧਾਇਕਾਂ ਅਤੇ ਮੰਤਰੀਆਂ ਨੂੰ ਖੁੱਲ੍ਹੇ ਗੱਫੇ ਵੰਡ ਰਹੀ ਹੈ। ਪੰਜਾਬ ਵਿਧਾਨ ਸਭਾ 'ਚ ਇਸ ਵੇਲੇ ਵਿਧਾਇਕ ਦੀ ਤਨਖਾਹ 84 ਹਜ਼ਾਰ, ਪੈਟਰੋਲ ਡੀਜ਼ਲ ਦੇ ਖਰਚੇ ਤੋਂ ਇਲਾਵਾ ਹੋਰ ਭੱਤੇ ਵੀ ਸ਼ਾਮਲ ਹਨ। ਰੂਲਿੰਗ ਪਾਰਟੀ ਦੇ ਵਿਧਾਇਕਾਂ ਦੀ ਤਨਖਾਹ 2 ਲੱਖ ਤੱਕ ਵੀ ਪਹੁੰਚ ਜਾਂਦੀ ਹੈ, ਇਸ ਲਈ ਇਸ ਸਰਕਾਰ ਦੀ ਕਾਰਗੁਜ਼ਾਰੀ ਮੁਲਾਜ਼ਮਾਂ ਵਿਰੋਧੀ ਅਤੇ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਪੱਖੀ ਚੱਲ ਰਹੀ ਹੈ। ਲੋਕਾਂ 'ਚ ਇਸ ਗੱਲ ਨੂੰ ਲੈ ਕੇ ਵੀ ਬਹੁਤ ਚਰਚਾ ਹੈ ਕਿ ਜਿਨ੍ਹਾਂ ਦੋਸ਼ਾਂ ਨੂੰ ਭੰਡ ਕੇ ਸਰਕਾਰ ਆਈ ਸੀ, ਉਨ੍ਹਾਂ ਕੰਮਾਂ 'ਤੇ ਅਜੇ ਤੱਕ ਕੋਈ ਬਰੇਕ ਨਹੀਂ ਲੱਗ ਸਕੀ?
ਜਾਅਲੀ ਵੀਜ਼ੇ ਸਮੇਤ ਹਵਾਈ ਅੱਡੇ ਪੁੱਜੇ 3 ਗ੍ਰਿਫਤਾਰ
NEXT STORY