ਲੁਧਿਆਣਾ(ਮੁੱਲਾਂਪਰੀ)-ਪੰਜਾਬ ਦੇ ਸਰਹੱਦੀ ਜ਼ਿਲਾ ਗੁਰਦਾਸਪੁਰ ਦੀ ਉਪ ਪਾਰਲੀਮੈਂਟ ਚੋਣ 11 ਅਕਤੂਬਰ ਨੂੰ ਹੋਣ ਜਾ ਰਹੀ ਹੈ। ਇਹ ਚੋਣ ਦੀਵਾਲੀ ਤੋਂ ਪਹਿਲਾਂ ਸਪੱਸ਼ਟ ਕਰ ਦੇਵੇਗੀ ਕਿ ਇਸ ਵਾਰ ਗੁਰਦਾਸਪੁਰ ਵਿਚ ਦੀਵਾਲੀ ਅਕਾਲੀ-ਭਾਜਪਾ ਗੱਠਜੋੜ ਦੀ ਜਾਂ ਕਾਂਗਰਸ ਦੇ ਵਿਹੜੇ ਚੱਲਣਗੇ ਪਟਾਕੇ। ਇਸ ਚੋਣ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਕੰਨ ਚੁੱਕ ਲਏ ਹਨ ਅਤੇ ਆਪੋ-ਆਪਣੇ ਉਮੀਦਵਾਰ ਦੇ ਪਰ ਤੋਲ ਕੇ ਚੋਣ ਮੈਦਾਨ 'ਚ ਖੜ੍ਹਾਉਣ ਦੀ ਵਿਉੂਂਤਬੰਦੀ ਸ਼ੁਰੂ ਕਰ ਦਿੱਤੀ ਹੈ। ਗੁਰਦਾਸਪੁਰ ਚੋਣ ਨੂੰ ਲੈ ਕੇ ਇਹ ਚਰਚਾ ਹੈ ਕਿ ਪੰਜਾਬ ਵਿਚਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਇਹ ਚੋਣ ਪਹਿਲਾ ਵੱਡਾ ਇਮਤਿਹਾਨ ਮੰਨੀ ਜਾ ਰਹੀ ਹੈ, ਕਿਉਂਕਿ ਛੇ ਮਹੀਨੇ ਸਰਕਾਰ ਨੂੰ ਬਣਿਆ ਹੋਣ 'ਤੇ ਭਾਵੇਂ ਕੈਪਟਨ ਸਰਕਾਰ ਨੇ ਪਿਛਲੇ 10 ਸਾਲਾਂ ਦੇ ਵਿਗੜੇ ਤਾਣੇ ਬਾਣੇ ਨੂੰ ਲਾਈਨ 'ਤੇ ਲਿਆਉਣ ਲਈ ਕਈ ਕਾਰਜ ਆਰੰਭੇ ਹਨ ਪਰ ਮੁੱਖ ਵਿਰੋਧੀ ਧਿਰ ਅਕਾਲੀ-ਭਾਜਪਾ ਗੱਠਜੋੜ ਕੈਪਟਨ ਸਰਕਾਰ ਨੂੰ ਆਏ ਦਿਨ ਕਿਸਾਨਾਂ ਦੀਆਂ ਖੁਦਕੁਸ਼ੀਆਂ, ਨੌਜਵਾਨਾਂ ਨੂੰ ਨੌਕਰੀ ਤੇ ਹੋਰ ਮਾਮਲੇ ਲੈ ਕੇ ਸਰਕਾਰ ਦਾ ਪਿੱਟ ਸਿਆਪਾ ਕਰ ਰਿਹਾ ਹੈ ਪਰ ਲੋਕ ਜਾਣਦੇ ਹਨ ਕਿ ਅਜੇ ਸਰਕਾਰ ਦੀ ਕੀ ਸਥਿਤੀ ਹੈ। ਗੁਰਦਾਸਪੁਰ ਲੋਕ ਸਭਾ ਚੋਣ ਭਾਵੇਂ ਸਿੱਧੇ ਤੌਰ 'ਤੇ ਭਾਜਪਾ ਨੇ ਆਪਣਾ ਉਮੀਦਵਾਰ ਖੜ੍ਹਾ ਕਰ ਕੇ ਲੜਨੀ ਹੈ ਅਤੇ ਅਕਾਲੀ ਦਲ ਨੇ ਉਸ ਦਾ ਸਾਥ ਦੇਣਾ ਹੈ। ਇਸ ਹਲਕੇ ਦੀ ਜਿੱਤ ਹਾਰ ਭਾਜਪਾ ਤੇ ਕਾਂਗਰਸ ਦੇ ਭਵਿੱਖ ਦਾ ਨਿਤਾਰਾ ਕਰੇਗੀ। ਜੇਕਰ ਭਾਜਪਾ ਜਿੱਤੀ ਤਾਂ ਮੋਦੀ ਮੁੜ ਦਾਅਵਾ ਠੋਕਣਗੇ ਤੇ ਜੇਕਰ ਕਾਂਗਰਸ ਜਿੱਤੀ ਤਾਂ ਕੈਪਟਨ ਮੁੜ ਦੇਸ਼ ਵਿਚ ਕਾਂਗਰਸ ਦੀ ਵਾਪਸੀ ਦੀ ਦੁਹਾਈ ਪਾਉਣਗੇ । ਜਿਸ ਕਾਰਨ ਇਹ ਚੋਣ ਮੈਦਾਨ ਮੋਦੀ ਤੇ ਕੈਪਟਨ ਦੀ ਮੁੱਛ ਦਾ ਸਵਾਲ ਬਣੇਗੀ ਹੁਣ ਦੇਖਦੇ ਹਾਂ ਕਿ ਲੋਕ ਕਿਸ ਦੀ ਮੁੱਛ ਖੜ੍ਹੀ ਕਰਦੇ ਹਨ।
ਟਰੱਕ ਨੇ ਨੌਜਵਾਨ ਨੂੰ ਕੁਚਲਿਆ, ਮੌਤ
NEXT STORY