ਮਾਮਲਾ ਆਮਦਨ ਕਰ ਵਿਭਾਗ ਤੋਂ ਜਾਣਕਾਰੀ ਲੁਕੋਣ ਦਾ
ਲੁਧਿਆਣਾ(ਮਹਿਰਾ)-ਜਾਣਬੁੱਝ ਕੇ ਆਮਦਨ ਕਰ ਵਿਭਾਗ ਤੋਂ ਜਾਣਕਾਰੀ ਲੁਕੋਣ ਦੇ ਦੋਸ਼ ਵਿਚ ਆਮਦਨ ਕਰ ਵਿਭਾਗ ਵੱਲੋਂ ਦਾਇਰ ਇਕ ਫੌਜਦਾਰੀ ਸ਼ਿਕਾਇਤ ਕਾਰਨ ਸਥਾਨਕ ਮੁੱਖ ਜੁਡੀਸ਼ੀਅਲ ਮੈਜਿਸਟ੍ਰੇਟ ਜਾਪਿੰਦਰ ਸਿੰਘ ਦੀ ਅਦਾਲਤ ਵੱਲੋਂ ਤਲਬ ਕੀਤੇ ਗਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਅਦਾਲਤ ਵਿਚ ਆਪਣੇ ਵਕੀਲ ਰਾਹੀਂ ਪੇਸ਼ ਹੋਏ। ਵਕੀਲ ਗੁਰਮੁੱਖ ਸਿੰਘ ਨੇ ਅਦਾਲਤ ਵਿਚ ਕੈਪਟਨ ਵੱਲੋਂ ਵਕਾਲਤਨਾਮਾ ਦਿੰਦੇ ਹੋਏ ਬਾਕਾਇਦਾ ਇਕ ਅਰਜ਼ੀ ਵੀ ਦਿੱਤੀ। ਅਰਜ਼ੀ ਵਿਚ ਉਨ੍ਹਾਂ ਨੇ ਕੈਪਟਨ ਦੀ ਅੱਜ ਦੇ ਲਈ ਹਾਜ਼ਰੀ ਮੁਆਫ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਉਨ੍ਹਾਂ ਦੇ ਚੰਡੀਗੜ੍ਹ ਸਥਿਤ ਭੇਜੇ ਗਏ ਸੰਮਨ ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਮਿਲੇ ਹਨ। ਇਸ ਸਮੇਂ ਦੌਰਾਨ ਉਹ ਵਿਦੇਸ਼ ਗਏ ਹੋਏ ਸਨ ਅਤੇ ਬਾਕਾਇਦਾ ਮੁੱਖ ਮੰਤਰੀ ਹੋਣ ਕਾਰਨ ਉਹ ਦਿੱਲੀ ਵਿਚ ਕਈ ਮਹੱਤਵਪੂਰਨ ਕੇਸਾਂ, ਜਿਨ੍ਹਾਂ ਵਿਚ ਐੱਸ. ਵਾਈ. ਐੱਲ. ਨਹਿਰੀ ਝਗੜੇ ਦਾ ਮੁੱਦਾ ਵੀ ਸ਼ਾਮਲ ਹੈ, ਨੂੰ ਲੈ ਕੇ ਰੁੱਝੇ ਹੋਏ ਸਨ। ਇਸ ਲਈ ਉਨ੍ਹਾਂ ਦੀ ਅੱਜ ਦੀ ਹਾਜ਼ਰੀ ਨੂੰ ਮੁਆਫ ਕੀਤਾ ਜਾਵੇ, ਜਿਸ 'ਤੇ ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 3 ਨਵੰਬਰ 'ਤੇ ਰੱਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੂੰ ਨਿੱਜੀ ਤੌਰ 'ਤੇ ਅਦਾਲਤ ਵਿਚ ਪੇਸ਼ ਹੋਣ ਨੂੰ ਕਿਹਾ। ਜ਼ਿਕਰਯੋਗ ਹੈ ਕਿ ਆਮਦਨ ਕਰ ਵਿਭਾਗ ਨੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਸਥਾਨਕ ਅਦਾਲਤ ਵਿਚ ਬੀਤੇ ਸਾਲ ਆਮਦਨ ਕਰ ਵਿਭਾਗ ਦੀ ਧਾਰਾ 277 ਅਤੇ ਫੌਜਦਾਰੀ ਦੀਆਂ ਧਰਾਵਾਂ 176, 177, 181, 186, 187, 193 ਅਤੇ 199 ਤਹਿਤ ਸ਼ਿਕਾਇਤ ਦਾਇਰ ਕੀਤੀ ਹੋਈ ਹੈ। ਸ਼ਿਕਾਇਤ ਵਿਚ ਵਿਭਾਗ ਨੇ ਕੈਪਟਨ ਸਿੰਘ 'ਤੇ ਦੋਸ਼ ਲਾਇਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਵਿਦੇਸ਼ਾਂ ਵਿਚ ਕਈ ਚੱਲ-ਅਚੱਲ ਜਾਇਦਾਦਾਂ ਹਨ ਅਤੇ ਉਸ ਨੇ ਵਿਭਾਗ ਨੂੰ ਹਨੇਰੇ ਵਿਚ ਰੱਖ ਕੇ ਜਰਕੰਦਾ ਟਰੱਸਟ ਰਾਹੀਂ ਕਈ ਲਾਭ ਹਾਸਲ ਕੀਤੇ। ਆਮਦਨ ਕਰ ਵਿਭਾਗ ਦੇ ਮੁਤਾਬਕ ਕੈਪਟਨ ਸਿੰਘ ਨੇ ਜਾਣਬੁੱਝ ਕੇ ਇਸ ਸਬੰਧੀ ਆਪਣੇ ਦਸਤਾਵੇਜ਼ ਵੀ ਵਿਭਾਗ ਤੋਂ ਲੁਕੋਏ। ਆਮਦਨ ਕਰ ਵਿਭਾਗ ਵੱਲੋਂ ਉਪਰੋਕਤ ਸ਼ਿਕਾਇਤ ਵਿਭਾਗ ਦੀ ਅਮਨਪ੍ਰੀਤ ਵੱਲੋਂ ਦਾਇਰ ਕੀਤੀ ਗਈ ਹੈ।
ਪੰਜਾਬ ਦੇ 13 ਜ਼ਿਲਿਆਂ 'ਚ ਛਾਪੇਮਾਰੀ, 100 ਤੋਂ ਵੱਧ ਕਿਸਾਨ ਆਗੂ ਗ੍ਰਿਫਤਾਰ
NEXT STORY