ਬਾਘਾਪੁਰਾਣਾ (ਚਟਾਨੀ) - ਸਰਕਾਰ ਦੀਆਂ ਕਥਿਤ ਗਲਤ ਅਤੇ ਬੇਤਕਰ ਨੀਤੀਆਂ ਨੂੰ ਕਿਸਾਨਾਂ ਦੀਆਂ ਨਿੱਤ ਦਿਨ ਹੋ ਰਹੀਆਂ ਖੁਦਕੁਸ਼ੀਆਂ ਲਈ ਜ਼ਿੰਮੇਵਾਰ ਦੱਸਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਤੀਰਥ ਸਿੰਘ ਮਾਹਲਾ ਨੇ ਕਿਹਾ ਕਿ ਕੈਪਟਨ ਸਰਕਾਰ ਹਰੇਕ ਮੁਕਾਮ 'ਤੇ ਹੀ ਫੇਲ ਰਹੀ ਹੈ, ਜਦਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੋਕਣ 'ਚ ਮਿਲੀ ਅਸਫਲਤਾ ਨੇ ਕੈਪਟਨ ਸਰਕਾਰ ਨੂੰ ਕਟਹਿਰੇ 'ਚ ਲਿਆ ਖੜ੍ਹਾ ਕੀਤਾ ਹੈ। ਮਾਹਲਾ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਖੁਦਕੁਸ਼ੀਆਂ ਅਤੇ ਨਸ਼ਿਆਂ ਨੂੰ ਭਖਵਾਂ ਮੁੱਦਾ ਬਣਾਉਣ ਵਾਲੀ ਕਾਂਗਰਸ ਪਾਰਟੀ ਉਕਤ ਦੋਵਾਂ ਮੁੱਦਿਆਂ ਨੂੰ ਵਿਸਾਰ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਤੋਂ ਮੁਕਰਨ ਵਾਲੀ ਇਸ ਫਰੇਬੀ ਸਰਕਾਰ ਤੋਂ ਪੰਜਾਬ ਦੇ ਲੋਕ ਇਕ-ਇਕ ਗੱਲ ਦਾ ਹਿਸਾਬ ਮੰਗ ਰਹੇ ਹਨ। ਬਿਜਲੀ ਦਰਾਂ ਨੂੰ ਅੱਧਾ ਕਰਨ ਦੀ ਗੱਲ ਆਖਣ ਵਾਲੀ ਕੈਪਟਨ ਸਰਕਾਰ ਨੇ ਅੱਧੇ ਦੀ ਬਜਾਏ ਹੁਣ ਦੁੱਗਣੇ ਰੇਟ ਕਰ ਕੇ ਲੋਕਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਿਆ ਹੈ। ਅਕਾਲੀ ਆਗੂ ਨੇ ਖੁਦਕੁਸ਼ੀਆਂ ਦੇ ਅੰਕੜਿਆਂ 'ਤੇ ਝਾਤ ਪਾਉਂਦਿਆਂ ਦੱਸਿਆ ਕਿ 690 ਕਿਸਾਨਾਂ ਨੇ ਸਰਕਾਰ ਦੇ ਸਿਰਫ 7 ਮਹੀਨਿਆਂ ਦੇ ਕਾਰਜਕਾਲ 'ਚ ਘਿਨਾਉਣੇ ਰਾਹ ਤੁਰਦਿਆਂ ਆਪਣੀ ਜ਼ਿੰਦਗੀ ਨੂੰ ਸਮਾਪਤ ਕੀਤਾ ਹੈ, ਜਦਕਿ 2600 ਤੋਂ ਵਧੇਰੇ ਕਿਸਾਨ ਕਰਜ਼ੇ ਦੇ ਬੋਝ ਕਾਰਨ ਮਾਨਸਿਕ ਰੋਗੀ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ ਦੇ ਦਰਦ ਨੂੰ ਲੈ ਕੇ ਸਰਕਾਰ ਖਿਲਾਫ ਵੱਡੇ ਸੰਘਰਸ਼ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਜੋ ਪੰਜਾਬ ਦੇ ਮਿਹਨਤੀ ਕਿਸਾਨਾਂ ਨੂੰ ਮੁੜ ਪੈਰਾਂ ਸਿਰ ਖੜ੍ਹਾ ਕਰਨ ਲਈ ਸਰਕਾਰ ਨੂੰ ਠੋਸ ਨੀਤੀਆਂ ਬਣਾਉਣ ਲਈ ਮਜਬੂਰ ਕੀਤਾ ਜਾ ਸਕੇ। ਇਸ ਸਮੇਂ ਉਨ੍ਹਾਂ ਨਾਲ ਰਾਜਵੰਤ ਸਿੰਘ ਮਾਹਲਾ, ਭਾਈ ਜਗਤਾਰ ਸਿੰਘ ਰੋਡੇ ਮੈਂਬਰ ਐੱਸ. ਜੀ. ਪੀ. ਸੀ., ਜਥੇਦਾਰ ਗੁਰਮੇਲ ਸਿੰਘ ਸੰਗਤਪੁਰਾ ਮੈਂਬਰ ਐੱਸ. ਜੀ. ਪੀ. ਸੀ., ਨੰਦ ਸਿੰਘ ਬਰਾੜ, ਬਲਤੇਜ ਸਿੰਘ ਲੰਗੇਆਣਾ, ਬਚਿੱਤਰ ਸਿੰਘ ਕਾਲੇਕੇ ਆਦਿ ਮੌਜੂਦ ਸਨ।
ਦੇਸ਼ ਦੀ ਸੁਰੱਖਿਆ ਲਈ ਏਅਰਫੋਰਸ ਪ੍ਰਤੀਬੰਧ - ਚੀਫ ਏਅਰ ਮਾਰਸ਼ਲ
NEXT STORY