ਜਲੰਧਰ (ਧਵਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੂੰ ਗੁੰਡਾ ਟੈਕਸ ਇਕੱਠਾ ਕਰਨ ਵਾਲਿਆਂ 'ਤੇ ਛਾਪੇ ਮਾਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨੋਟਿਸ ਵਿਚ ਕੈਬਨਿਟ ਦੇ ਕੁਝ ਸਾਥੀਆਂ ਨੇ ਇਹ ਮਾਮਲਾ ਲਿਆਂਦਾ ਹੈ ਕਿ ਕੁਝ ਲੋਕ ਕਥਿਤ ਤੌਰ 'ਤੇ ਗੁੰਡਾ ਟੈਕਸ ਵਸੂਲ ਰਹੇ ਹਨ। ਮੁੱਖ ਮੰਤਰੀ ਨੇ ਡੀ. ਜੀ. ਪੀ. ਨੂੰ ਕਿਹਾ ਕਿ ਉਹ ਆਪਣੇ ਮੁਹੱਈਆ ਸਾਧਨਾਂ ਨਾਲ ਅਜਿਹੇ ਦੋਸ਼ੀਆਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ। ਸਰਕਾਰੀ ਹਲਕਿਆਂ ਨੇ ਦੱਸਿਆ ਕਿ ਕੈਬਨਿਟ ਦੀ ਬੈਠਕ ਵਿਚ ਅੱਜ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਇਹ ਮਾਮਲਾ ਮੁੱਖ ਮੰਤਰੀ ਦੇ ਸਾਹਮਣੇ ਉਠਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਨਾਂ ਨੂੰ ਇਸ ਸਾਰੀ ਪ੍ਰਕਿਰਿਆ ਵਿਚ ਉਛਾਲਿਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਕੁਝ ਹਿੱਸਿਆਂ ਵਿਚ ਗੁੰਡਾ ਟੈਕਸ ਵਸੂਲਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁਝ ਉਦਯੋਗਾਂ ਤੇ ਵਪਾਰਕ ਭਾਈਚਾਰੇ ਦੇ ਲੋਕਾਂ ਨੂੰ ਡਰਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਜਿਸ ਨੂੰ ਉਹ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸਾਬਕਾ ਅਕਾਲੀ ਸਰਕਾਰ ਦੇ ਸਮੇਂ ਤਾਂ ਅਜਿਹੇ ਕੰਮ ਹੁੰਦੇ ਸਨ ਪਰ ਉਨ੍ਹਾਂ ਦੀ ਸਰਕਾਰ ਅਜਿਹਾ ਨਹੀਂ ਚੱਲਣ ਦੇਵੇਗੀ ਕਿਉਂਕਿ ਸੂਬੇ ਵਿਚ ਉਦਯੋਗਾਂ ਤੇ ਵਪਾਰ ਦਾ ਪੱਧਰ ਉੱਚਾ ਚੁੱਕਣ ਲਈ ਜ਼ਰੂਰੀ ਹੈ ਕਿ ਗੁੰਡਾ ਟੈਕਸ ਜਿਹੀਆਂ ਕੁਰੀਤੀਆਂ 'ਤੇ ਪੂਰੀ ਤਰ੍ਹਾਂ ਰੋਕ ਲਾਈ ਜਾਵੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨਵੇਂ ਉਦਯੋਗਾਂ ਨੂੰ ਸੂਬੇ ਵਿਚ ਸੱਦਾ ਦੇਣ ਵਿਚ ਲੱਗੀ ਹੋਈ ਹੈ ਪਰ ਅਪਰਾਧੀ ਅਨਸਰਾਂ ਨੇ ਆਪਣੀਆਂ ਹਰਕਤਾਂ ਬੰਦ ਨਾ ਕੀਤੀਆਂ ਤਾਂ ਉਨ੍ਹਾਂ ਖਿਲਾਫ ਸੂਬਾ ਪੁਲਸ ਸਖ਼ਤੀ ਨਾਲ ਪੇਸ਼ ਆਵੇਗੀ। ਉਨ੍ਹਾਂ ਕਿਹਾ ਕਿ ਗੁੰਡਾ ਟੈਕਸ ਵਸੂਲਣ ਵਾਲੇ ਭਾਵੇਂ ਕਿਸੇ ਵੀ ਸਿਆਸੀ ਦਲ ਨਾਲ ਸਬੰਧ ਕਿਉਂ ਨਾ ਰੱਖਦੇ ਹੋਣ, ਨੂੰ ਬਖਸ਼ਿਆ ਨਹੀਂ ਜਾਵੇਗਾ। ਮੁੱਖ ਮੰਤਰੀ ਨੇ ਡੀ. ਜੀ. ਪੀ. ਨੂੰ ਕਿਹਾ ਕਿ ਉਹ ਹੇਠਲੇ ਪੱਧਰ 'ਤੇ ਪੁਲਸ ਫੋਰਸ ਤੱਕ ਇਸ ਮਾਮਲੇ ਵਿਚ ਕੋਈ ਢਿੱਲ ਨਾ ਵਰਤਣ ਦਾ ਸੁਨੇਹਾ ਪਹੁੰਚਾਉਣ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਡੀ. ਜੀ. ਪੀ. ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਸੂਬੇ ਵਿਚ ਵਪਾਰ ਤੇ ਉਦਯੋਗ ਭਾਈਚਾਰੇ ਨਾਲ ਸਬੰਧਤ ਲੋਕਾਂ ਕੋਲੋਂ ਕਿਸੇ ਕੀਮਤ 'ਤੇ ਗੁੰਡਾ ਟੈਕਸ ਨਾ ਵਸੂਲਿਆ ਜਾਵੇ। ਇਸ ਸਬੰਧ ਵਿਚ ਕਿਸੇ ਵੀ ਢਿੱਲ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਨੂੰ ਆਰਥਿਕ ਵਿਕਾਸ ਦੀਆਂ ਬੁਲੰਦੀਆਂ 'ਤੇ ਲਿਜਾਣ ਲਈ ਦ੍ਰਿੜ੍ਹ ਸੰਕਲਪ ਹੈ। ਇਸ ਲਈ ਅਪਰਾਧੀ ਅਨਸਰਾਂ 'ਤੇ ਪੂਰੀ ਤਰ੍ਹਾਂ ਰੋਕ ਲਾਈ ਜਾਵੇਗੀ। ਭ੍ਰਿਸ਼ਟਾਚਾਰ ਪ੍ਰਤੀ ਉਨ੍ਹਾਂ ਪਹਿਲਾਂ ਹੀ ਜ਼ੀਰੋ ਟਾਲਰੈਂਸ ਦੀ ਨੀਤੀ ਨੂੰ ਅਪਣਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਉਨ੍ਹਾਂ ਮੁੱਖ ਸਕੱਤਰ ਨੂੰ ਕਿਹਾ ਕਿ ਉਹ ਸੂਬੇ ਵਿਚ ਯਕੀਨੀ ਬਣਾਉਣ ਕਿ ਸਰਕਾਰੀ ਦਫਤਰਾਂ ਵਿਚ ਕਿਸੇ ਵੀ ਕੀਮਤ 'ਤੇ ਭ੍ਰਿਸ਼ਟਾਚਾਰ ਵੱਧ-ਫੁੱਲ ਨਾ ਸਕੇ ਤੇ ਜੋ ਵੀ ਭ੍ਰਿਸ਼ਟਾਚਾਰ ਵਿਚ ਸ਼ਾਮਲ ਹੋਣ, ਉਨ੍ਹਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਡੀ. ਐੱਸ. ਪੀ. ਦੇ ਰੀਡਰ ਦੀ ਵਰਦੀ ਪਾੜਨ ਵਾਲਾ ਗ੍ਰਿਫਤਾਰ
NEXT STORY