ਕੈਪਟਨ ਨੇ ਕਿਸਾਨਾਂ ਦਾ 90 ਹਜ਼ਾਰ ਕਰੋੜ ਦਾ ਕਰਜ਼ਾ ਮੁਆਫ਼ ਕਰਨ ਦੀ ਮੰਗ ਰੱਦ ਕੀਤੀ

You Are HerePunjab
Sunday, January 14, 2018-7:05 AM

ਚੰਡੀਗੜ੍ਹ  (ਭੁੱਲਰ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ 'ਤੇ ਅੱਜ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਆਪਣੇ ਸੌੜੇ ਸਿਆਸੀ ਹਿੱਤਾਂ ਨੂੰ ਬੜ੍ਹਾਵਾ ਦੇਣ ਖਾਤਰ ਅਤੇ ਆਪਣੇ ਆਪ ਨੂੰ ਕਿਸਾਨਾਂ ਦੇ 'ਮਸੀਹਾ' ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਵਿਚ ਕਰਜ਼ਾ ਮੁਆਫ਼ੀ ਦੇ ਮੁੱਦੇ ਨੂੰ ਲੈ ਕੇ ਬੇਲੋੜਾ ਹੱਲਾ ਕਰ ਰਹੇ ਹਨ। ਉਨ੍ਹਾਂ ਅੱਜ ਇਥੇ ਜਾਰੀ ਬਿਆਨ 'ਚ ਅਕਾਲੀ ਆਗੂਆਂ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਗਲਤ ਨੀਤੀਆਂ ਲਾਗੂ ਕਰਕੇ ਕਿਸਾਨਾਂ ਨੂੰ ਕਰਜ਼ੇ ਦੇ ਜੰਜਾਲ ਵਿਚ ਧੱਕਿਆ ਸੀ। ਬਿਆਨ ਦੀ ਜ਼ਿਕਰਯੋਗ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਵਲੋਂ ਭਾਜਪਾ ਨਾਲ ਮਿਲ ਕੇ ਬੀਤੇ ਦਿਨੀਂ ਰਾਜਪਾਲ ਨੂੰ ਦਿੱਤੇ ਗਏ ਮੰਗ ਪੱਤਰ 'ਚ 90 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਮੁਆਫ਼ੀ ਦੇ ਪੈਕੇਜ ਦੀ ਮੰਗ ਨੂੰ ਰੱਦ ਕਰਦਿਆਂ ਰਾਜ ਦੀਆਂ ਵਿੱਤੀ ਹਾਲਤਾਂ ਦੇ ਮੱਦੇਨਜ਼ਰ ਮੁਕੰਮਲ ਕਰਜ਼ਾ ਮੁਆਫ਼ੀ ਤੋਂ ਆਪਣੀ ਅਸਮਰਥਤਾ ਜਤਾਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਮੁਕੰਮਲ ਕਰਜ਼ੇ ਮੁਆਫੀ ਦੀ ਮੰਗ ਨਾ ਕੇਵਲ ਸੂਬੇ ਦੀਆਂ ਜ਼ਮੀਨੀ ਹਾਲਤਾਂ ਬਾਰੇ ਉਨ੍ਹਾਂ ਦੀ ਸਮਝ ਦੇ ਦੀਵਾਲੀਏਪਨ ਨੂੰ ਨੰਗਾ ਕਰਦੀ ਹੈ, ਸਗੋਂ ਲੋਕਾਂ ਵਿਚ ਮੁੜ ਉਭਰਨ ਦੀ ਨਿਰਾਸ਼ਾਜਨਕ ਕੋਸ਼ਿਸ਼ ਦਾ ਵੀ ਪ੍ਰਗਟਾਵਾ ਕਰਦੀ ਹੈ ਕਿਉਂਕਿ ਇਹ ਪਿਛਲੇ ਸਾਲ ਫਰਵਰੀ ਵਿਚ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ 11 ਮਹੀਨਿਆਂ ਤੋਂ ਪੂਰੀ ਤਰ੍ਹਾਂ ਸਿਆਸੀ ਖੇਤਰ ਵਿਚ ਨੁਕਰੇ ਲੱਗੇ ਹੋਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਚੋਖੇ ਫੰਡ ਪੈਦਾ ਕਰਨ ਲਈ ਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਥਿਤੀਆਂ ਵਿਚ ਇਸ ਵਾਸਤੇ ਪ੍ਰਭਾਵੀ ਕਾਰਜ ਕੀਤਾ ਗਿਆ ਹੈ ਪਰ ਅਕਾਲੀ ਆਪਣੇ ਸੌੜੇ ਸਿਆਸੀ ਹਿੱਤਾਂ ਨੂੰ ਬੜ੍ਹਾਵਾ ਦੇਣ ਲਈ ਕਿਸਾਨੀ ਕਰਜ਼ੇ ਮੁਆਫੀ ਦੇ ਮੁੱਦੇ ਨਾਲ ਖੇਡਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਆਪਣੇ ਇਕ ਦਹਾਕੇ ਦੇ ਲੰਮੇ ਸ਼ਾਸਨ ਦੌਰਾਨ ਕਿਸਾਨਾਂ ਦੇ ਲਈ ਡੱਕਾ-ਦੋਹਰਾ ਨਾ ਕਰਨ ਵਾਲੇ ਅਕਾਲੀਆਂ ਵਲੋਂ 90,000 ਕਰੋੜ ਰੁਪਏ ਦੇ ਕਰਜ਼ਾ ਮੁਆਫੀ ਪੈਕੇਜ ਦੀ ਕੀਤੀ ਜਾ ਰਹੀ ਮੰਗ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਿਰਾਸ਼ਾ ਵਿਚ ਘਿਰੇ ਹੋਏ ਅਕਾਲੀ ਆਪਣੀ ਸਿਆਸੀ ਹੋਂਦ ਨੂੰ ਸੁਰਜੀਤ ਕਰਨ ਵਾਸਤੇ ਲੋਕਾਂ ਵਿਚ ਹਾਜ਼ਰੀ ਲਵਾਉਣ ਲਈ ਮੁੱਦੇ ਲੱਭਣ ਦੀ ਅਸਫਲ ਕੋਸ਼ਿਸ਼ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜੇ ਤੁਸੀਂ ਕਿਸਾਨਾਂ ਦੀ ਹਾਲਤ ਬਾਰੇ ਇੰਨੇ ਹੀ ਚਿੰਤਿਤ ਹੋ ਤਾਂ ਤੁਸੀਂ ਪਿਛਲੇ 10 ਵਰ੍ਹਿਆਂ ਦੌਰਾਨ ਕਿਸਾਨੀ ਭਾਈਚਾਰੇ ਨੂੰ ਉੱਚਾ ਚੁੱਕਣ ਲਈ ਕੁਝ ਵੀ ਕਿਉਂ ਨਹੀਂ ਕੀਤਾ? ਉਨ੍ਹਾਂ ਕਿਹਾ ਕਿ ਬਾਦਲਾਂ ਦੀ ਅਗਵਾਈ ਵਾਲੇ ਅਕਾਲੀਆਂ ਨੂੰ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਨਾ ਕਿ ਤੋਹਮਤਬਾਜ਼ੀ ਵਿਚ ਗਲਤਾਨ ਹੋਣਾ ਚਾਹੀਦਾ ਹੈ ਕਿਉਂਕਿ ਕਾਂਗਰਸ ਸਰਕਾਰ ਸੂਬੇ ਦੀ ਆਰਥਿਕਤਾ ਨੂੰ ਮੁੜ ਪੈਰਾਂ 'ਤੇ ਲਿਆ ਰਹੀ ਹੈ, ਜਿਸ ਨੂੰ ਅਕਾਲੀਆਂ ਨੇ ਤਹਿਸ-ਨਹਿਸ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਆਰਥਿਕਤਾ ਨੂੰ ਕੁਝ ਹੱਦ ਤੱਕ ਪੈਰਾਂ 'ਤੇ ਲਿਆਂਦਾ ਹੈ ਅਤੇ ਕਰਜ਼ਾ ਮੁਆਫੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ।
ਬੇਅਦਬੀ ਮਾਮਲਿਆਂ ਦੇ ਮੁੱਦੇ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਅਜਿਹੇ ਕੇਸਾਂ ਵਿਚ ਨੰਗਾ ਹੋਣ ਦੇ ਡਰੋਂ ਆਪਣੀ ਚਮੜੀ ਬਚਾਉਣ ਦੇ ਲਈ ਢੰਗ-ਤਰੀਕੇ ਲੱਭਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਉਨ੍ਹਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਦਾਅ-ਪੇਚ ਉਨ੍ਹਾਂ ਦੀ ਕੋਈ ਮਦਦ ਨਹੀਂ ਕਰ ਸਕਦੇ ਅਤੇ ਉਨ੍ਹਾਂ ਨੂੰ ਆਪਣੇ ਇਕ ਦਹਾਕੇ ਦੇ ਕੁਸ਼ਾਸਨ ਅਤੇ ਮਾੜੇ ਕਾਰਜਾਂ ਤੋਂ ਬਚ ਨਹੀਂ ਸਕਦੇ। ਮੁੱਖ ਮੰਤਰੀ ਨੇ ਅਕਾਲੀਆਂ ਨੂੰ ਉਸਾਰੂ ਵਿਰੋਧੀ ਧਿਰ ਵਜੋਂ ਕਾਰਜ ਕਰਨ ਦੀ ਅਪੀਲ ਕੀਤੀ ਅਤੇ ਸੂਬੇ ਦੇ ਵਿਕਾਸ ਅਤੇ ਸਾਰੇ ਵਰਗਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਸਰਕਾਰ ਦਾ ਸਾਥ ਦੇਣ ਲਈ ਆਖਿਆ।

Edited By

Roshan Kumar

Roshan Kumar is News Editor at Jagbani.

Popular News

!-- -->