ਵਪਾਰ ਮੰਡਲ ਨੇ ਪੰਜਾਬ ਸਰਕਾਰ ਅੱਗੇ4.95 ਰੁਪਏ ਪ੍ਰਤੀ ਯੂਨਿਟ ਬਿਜਲੀ ਦੀ ਰੱਖੀ ਮੰਗ

You Are HerePunjab
Tuesday, March 21, 2017-4:58 AM

ਮੰਡੀ ਗੋਬਿੰਦਗੜ੍ਹ, (ਮੱਗੋ)- ਪੰਜਾਬ ਦੀ ਨਵ-ਨਿਯੁਕਤ ਕਾਂਗਰਸ ਸਰਕਾਰ ਦੇ ਕਾਰਜਕਾਲ ਨੂੰ ਸ਼ੁਰੂ ਹੋਇਆਂ ਹਾਲੇ ਸਿਰਫ਼ ਤਿੰਨ ਦਿਨ ਹੀ ਹੋਏ ਹਨ ਪਰ ਇਨ੍ਹਾਂ ਤੋਂ ਲੋਹਾ ਨਗਰੀ ਨੂੰ ਭਾਰੀ ਉਮੀਦਾਂ ਹੋਣ ਕਾਰਨ ਉਨ੍ਹਾਂ ਦੀਆਂ ਮੰਗਾਂ ਵੀ ਸ਼ੁਰੂ ਹੋ ਗਈਆਂ ਹਨ। ਇਸੇ ਕੜੀ 'ਚ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਓ. ਪੀ. ਗੁਪਤਾ ਤੇ ਜਨਰਲ ਸਕੱਤਰ ਸੁਰੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਬੀਤੀ ਰਾਤ ਜੀ. ਸੀ. ਐੱਲ. ਕਲੱਬ 'ਚ ਇਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ, ਜਿਸ 'ਚ ਪੱਤਰਕਾਰਾਂ ਰਾਹੀਂ ਵਪਾਰ ਮੰਡਲ ਨੇ ਸਰਕਾਰ ਤੋਂ ਲੋਹਾ ਵਪਾਰੀਆਂ ਦਾ ਸਰਕਾਰ ਵੱਲ ਫਸਿਆ ਹੋਇਆ ਬਕਾਇਆ ਤੁਰੰਤ ਬਿਨਾਂ ਕਿਸੇ ਦੇਰੀ ਦੇ ਜਾਰੀ ਕਰਨ ਤੇ ਵਾਅਦੇ ਅਨੁਸਾਰ ਉਦਯੋਗਿਕ ਇਕਾਈਆਂ ਲਈ ਬਿਜਲੀ 4.95 ਰੁਪਏ ਪ੍ਰਤੀ ਯੂਨਿਟ ਕਰਨ ਦੀ ਮੰਗ ਰੱਖੀ। ਉਨ੍ਹਾਂ ਕਿਹਾ ਕਿ ਵਪਾਰ ਮੰਡਲ ਕੈਪਟਨ ਸਰਕਾਰ ਨੂੰ ਵਧਾਈ ਦਿੰਦਾ ਹੈ ਤੇ ਸਰਕਾਰ ਨੂੰ ਇਹ ਬੇਨਤੀ ਕਰਦਾ ਹੈ ਕਿ ਲੋਹਾ ਇੰਡਸਟ੍ਰੀ ਦੀ ਹਾਲਤ ਸਾਰੇ ਭਾਵੇਂ ਚੰਗੀ ਤਰ੍ਹਾਂ ਜਾਣਦੇ ਹਨ। ਪਿਛਲੇ 10 ਸਾਲਾਂ 'ਚ ਕਿਵੇਂ ਅਕਾਲੀ-ਭਾਜਪਾ ਗਠਜੋੜ ਨੇ ਇੰਡਸਟ੍ਰੀ ਨੂੰ ਖਤਮ ਕੀਤਾ ਤੇ ਆਖਰੀ ਸਮੇਂ 'ਚ ਜਦੋਂ ਸਰਕਾਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਸਰਕਾਰ ਨੇ ਉਦਯੋਗਿਕ ਬਿਜਲੀ ਪੰਜ ਰੁਪਏ ਯੂਨਿਟ ਕਰ ਦਿੱਤੀ, ਜਦਕਿ 10 ਸਾਲਾਂ 'ਚ ਬਿਜਲੀ ਦੇ ਰੇਟ ਬਾਕੀ ਸੂਬਿਆਂ ਨਾਲੋਂ ਵਧ ਰਹੇ ਹਨ ਤੇ ਇੰਡਸਟ੍ਰੀ ਬਿਜਲੀ ਰੇਟ ਘਟਾਉਣ 'ਚ ਪ੍ਰਦਰਸ਼ਨ ਕਰਦੀ ਰਹੀ।
ਉਨ੍ਹਾਂ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਚੋਣ ਪ੍ਰਚਾਰ ਲਈ ਮੰਡੀ ਗੋਬਿੰਦਗੜ੍ਹ ਆਏ ਸੀ ਤਾਂ ਉਨ੍ਹਾਂ ਵਾਅਦਾ ਕੀਤਾ ਸੀ ਕਿ ਉਹ ਸਰਕਾਰ ਬਣਦੇ ਹੀ ਲੋਹਾ ਉਦਯੋਗ ਨੂੰ ਬਚਾਉਣ ਲਈ ਉਪਾਅ ਕਰਨਗੇ। ਹੁਣ ਸਰਕਾਰ ਨੂੰ ਆਪਣੇ ਵਾਅਦੇ ਪੂਰੇ ਕਰਨ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ। ਗੁਪਤਾ ਨੇ ਕਿਹਾ ਕਿ ਇੰਡਸਟ੍ਰੀ ਨੂੰ ਜੋ ਨੁਕਸਾਨ ਹੋਇਆ, ਉੁਸ ਵਾਸਤੇ ਸੁਖਬੀਰ ਬਾਦਲ ਅਤੇ ਬੀ. ਜੇ. ਪੀ. ਜ਼ਿੰਮੇਵਾਰ ਹੈ, ਜਿਸ ਨੇ ਕਦੇ ਸੋਚਿਆ ਨਹੀਂ ਕਿ ਕਿੰਨੇ ਲੋਕ ਬੇਰੁਜ਼ਗਾਰ ਹੋਏ ਤੇ ਕਿੰਨੇ ਯੂਨਿਟ ਬੰਦ ਹੋ ਗਏ। ਸੁਖਬੀਰ ਬਾਦਲ ਦੀ ਅਗਵਾਈ ਹੇਠ 10 ਸਾਲਾਂ 'ਚ ਜਿੰਨੇ ਵੀ ਇੰਡਸਟ੍ਰੀ ਟ੍ਰੇਡ ਬੋਰਡ ਦੇ ਚੇਅਰਮੈਨ ਤੇ ਡਾਇਰੈਕਟਰ ਨਿਯੁਕਤ ਕੀਤੇ ਗਏ ਸੀ, ਉਹ ਅਕਾਲੀ-ਭਾਜਪਾ ਦੇ ਪਾਰਟੀ ਕਾਰਕੁੰਨਾਂ/ਚਹੇਤਿਆਂ ਨੂੰ ਲਾਇਆ ਗਿਆ, ਜਿਨ੍ਹਾਂ ਨੂੰ ਲੋਹਾ ਕਾਰੋਬਾਰ ਬਾਰੇ ਭੋਰਾ ਵੀ ਜਾਣਕਾਰੀ ਨਹੀਂ ਸੀ। ਇਹ ਗਲਤੀ ਕਾਂਗਰਸ ਦੀ ਸਰਕਾਰ ਨਾ ਦੁਹਰਾਏ। ਲੋਹਾ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਹੀ ਜ਼ਿੰਮੇਦਾਰੀਆਂ ਦਿੱਤੀਆਂ ਜਾਣ। ਗੁਪਤਾ ਨੇ ਕਿਹਾ ਕਿ ਕਾਰੋਬਾਰੀ ਲੋਕਾਂ ਨੂੰ ਮੌਜੂਦਾ ਸਰਕਾਰ ਤੋਂ ਕਈ ਉਮੀਦਾਂ ਬੰਨ੍ਹੀਆਂ ਹੋਈਆਂ ਹਨ ਅਤੇ ਸੁਖਬੀਰ ਬਾਦਲ ਦੇ ਹੰਕਾਰ ਨੇ ਸਰਕਾਰ ਦਾ ਤਖਤਾ ਪਲਟ ਦਿੱਤਾ ਹੈ।
ਕੈਪਟਨ ਸਰਕਾਰ ਤੋਂ ਪਹਿਲੀ ਮੰਗ ਕਰਦਿਆਂ ਗੁਪਤਾ ਨੇ ਕਿਹਾ ਕਿ ਸਰਕਾਰ ਬਿਜਲੀ ਦੇ ਰੇਟ ਪੰਜ ਸਾਲ ਤੱਕ ਪੰਜ ਰੁਪਏ ਪ੍ਰਤੀ ਯੂਨਿਟ ਹੀ ਰੱਖੇ, ਦੂਜੀ ਮੰਗ ਜਿੰਨੀਆਂ ਵੀ ਸਬਸਿਡੀਆਂ ਹਨ, ਉਹ ਖਤਮ ਹੋਣ, ਤੀਸਰਾ ਸੇਲ ਟੈਕਸ ਬੈਰੀਅਰ ਬੰਦ ਹੋਣ, ਲੋਹਾ ਕਾਰੋਬਾਰੀ ਜਦੋਂ ਵੀ ਸੇਲ ਟੈਕਸ ਦਫ਼ਤਰ ਜਾਵੇ ਤਾਂ ਉਸ ਦਾ ਕੰਮ ਬਿਨਾਂ ਕਿਸੇ ਦੇਰੀ ਦੇ ਕੀਤਾ ਜਾਵੇ, ਚੌਥਾ ਸਰਕਾਰ ਨੂੰ ਇੰਡਸਟ੍ਰੀ ਲਈ ਕੋਈ ਰਾਹਤ ਪੈਕੇਜ ਦੇਣਾ ਹੋਵੇਗਾ, ਪੁਰਾਣਾ ਵੈਟ ਬਕਾਇਆ ਸਰਕਾਰ ਛੇਤੀ ਜਾਰੀ ਕਰੇ ਤਾਂ ਕਿ ਮੁਸ਼ਕਲ ਪੇਸ਼ ਨਾ ਆਵੇ। ਮੌਜੂਦਾ ਸਰਕਾਰ ਨੇ ਵੀ. ਆਈ. ਪੀ. ਕਲਚਰ ਖਤਮ ਕੀਤਾ ਹੈ, ਦਾ ਉਹ ਸਵਾਗਤ ਕਰਦੇ ਹਨ। ਸਰਕਾਰ ਨੇ ਹਲਕਾ ਇੰਚਾਰਜ ਖਤਮ ਕੀਤੇ, ਉਹ ਸਭ ਤੋਂ ਵਧੀਆ ਕੰਮ ਹੈ। ਸਰਕਾਰ ਜਿਸ ਰਾਹ 'ਤੇ ਚੱਲ ਰਹੀ ਹੈ, ਸਾਨੂੰ ਉਮੀਦਾਂ ਹਨ ਕਿ ਕਾਂਗਰਸ ਚੰਗਾ ਕੰਮ ਕਰੇਗੀ।
ਇਸ ਮੌਕੇ ਮੀਤ ਪ੍ਰਧਾਨ ਸੁਨੀਲ ਸ਼ੁਕਲਾ, ਖਜ਼ਾਨਚੀ ਅਸ਼ੋਕ ਸ਼ਰਮਾ, ਬਾਲਾ ਬਕਸ਼ ਗੁਪਤਾ, ਮਨੋਜ ਗਰਗ, ਗੁਰਚਰਨ ਸਿੰਘ ਟਿੰਕਾ, ਦਰਸ਼ਨ ਚਾਵਲਾ, ਵੇਦ ਪ੍ਰਕਾਸ਼, ਅਰਵਿੰਦ ਕੁਮਾਰ, ਮੁਕੇਸ਼ ਬੱਲੀ, ਦਿਨੇਸ਼ ਗੁਪਤਾ, ਹਰੀ ਪ੍ਰਸਾਦ, ਮਹੇਸ਼ ਗੁਪਤਾ, ਰਵੀਕਾਂਤ ਸ਼ਰਮਾ, ਸਤੀਸ਼ ਬੰਟੀ, ਕੇ. ਡੀ. ਜੈਨ, ਸੁਰੇਂਦਰ ਗਰਗ, ਭਗਵਾਨ ਸ਼ਰਮਾ, ਬਲਦੇਵ ਕ੍ਰਿਸ਼ਨ, ਮੋਹਿੰਦਰ ਜੈਪੁਰ, ਜਿੰਦਲ ਸਮੇਤ ਸਮੁੱਚੇ ਮੈਂਬਰ ਮੌਜੂਦ ਸਨ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.