ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਕਰੇਗੀ ਥਾਣਾ ਬਿਆਸ ਦਾ ਘਿਰਾਓ, ਮਾਮਲਾ ਥਾਣਾ ਬਿਆਸ 'ਚ ਪੱਤਰਕਾਰ ਨਾਲ ਹੋਈ ਬਦਸਲੂਕੀ ਦਾ

You Are HerePunjab
Friday, April 21, 2017-4:01 PM

ਰਮਦਾਸ, (ਸਾਰੰਗਲ)- ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸੂਬੇ 'ਚ ਬਣੀ ਕਾਂਗਰਸ ਪਾਰਟੀ ਦੀ ਸਰਕਾਰ ਦੇ ਸ਼ਾਸਨਕਾਲ 'ਚ ਪੱਤਰਕਾਰਾਂ 'ਤੇ ਦਿਨੋ-ਦਿਨ ਹਮਲੇ ਹੋਣ ਦੇ ਨਾਲ-ਨਾਲ ਥਾਣਿਆਂ 'ਚ ਪੱਤਰਕਾਰਾਂ ਨਾਲ ਹੁੰਦੀਆਂ ਬਦਸਲੂਕੀਆਂ ਨੂੰ ਲੈ ਕੇ ਪੱਤਰਕਾਰ ਭਾਈਚਾਰੇ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਅਜਿਹੀਆਂ ਘਟਨਾਵਾਂ ਹੁਣ ਆਮ ਹੀ ਥਾਣਿਆਂ ਅਤੇ ਬਾਹਰ ਹੋਣੀਆਂ ਸੁਭਾਵਿਕ ਹੋ ਗਈਆਂ ਹਨ, ਜਦਕਿ ਪ੍ਰੈੱਸ ਆਜ਼ਾਦ ਹੈ ਤੇ ਇਸ ਨੂੰ ਸਮਾਜ ਦੇ ਚੌਥੇ ਥੰਮ੍ਹ ਵਜੋਂ ਜਾਣਿਆ ਜਾਂਦਾ ਹੈ ਪਰ ਪ੍ਰੈੱਸ ਦੀ ਆਜ਼ਾਦੀ 'ਤੇ ਹਮਲਾ ਹੋਣਾ ਜਿਥੇ ਸਰਕਾਰਾਂ ਲਈ ਬਹੁਤ ਹੀ ਮੰਦਭਾਗੀ ਗੱਲ ਹੈ, ਉਥੇ ਨਾਲ ਹੀ ਪੱਤਰਕਾਰ ਭਾਈਚਾਰੇ ਦਾ ਰੋਹ 'ਚ ਆਉਣਾ ਜਾਇਜ਼ ਹੈ। ਇਸੇ ਹੀ ਤਰ੍ਹਾਂ ਦਾ ਇਕ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਕਸਬਾ ਵਡਾਲਾ ਬਾਂਗਰ ਤੋਂ ਪੱਤਰਕਾਰ ਬਲਬੀਰ ਸਿੰਘ ਘੁੰਮਣ ਨਾਲ ਥਾਣਾ ਬਿਆਸ 'ਚ ਇਕ ਸਾਬਕਾ ਚੇਅਰਮੈਨ ਦੇ ਨਾਲ-ਨਾਲ ਥਾਣਾ ਬਿਆਸ ਦੇ ਐੱਸ. ਐੱਚ. ਓ. ਵੱਲੋਂ ਬਦਸਲੂਕੀ ਕੀਤੀ ਗਈ।
ਉਕਤ ਮਾਮਲੇ ਸੰਬੰਧੀ ਗੰਭੀਰ ਨੋਟਿਸ ਲੈਂਦਿਆਂ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਵੱਲੋਂ ਇਕ ਹੰਗਾਮੀ ਮੀਟਿੰਗ ਤੁਰੰਤ ਕਸਬਾ ਰਮਦਾਸ ਵਿਖੇ ਸੱਦੀ ਗਈ, ਜਿਸ ਦੀ ਪ੍ਰਧਾਨਗੀ ਜ਼ਿਲਾ ਪ੍ਰਧਾਨ ਬਲਵਿੰਦਰ ਸਿੰਘ ਸੰਧੂ, ਪੰਜਾਬ ਦੇ ਕਨਵੀਨਰ ਪੰਕਜ ਸ਼ਰਮਾ ਤੇ ਜ਼ਿਲਾ ਇੰਚਾਰਜ ਪਲਵਿੰਦਰ ਸਾਰੰਗਲ ਨੇ ਸਾਂਝੇ ਤੌਰ 'ਤੇ ਕੀਤੀ।
ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਜ਼ਿਲਾ ਪ੍ਰਧਾਨ ਸੰਧੂ, ਪੰਜਾਬ ਕਨਵੀਨਰ ਤੇ ਜ਼ਿਲਾ ਇੰਚਾਰਜ ਸਾਰੰਗਲ ਨੇ ਕਿਹਾ ਕਿ ਪੱਤਰਕਾਰਾਂ 'ਤੇ ਹੋ ਰਹੇ ਹਮਲੇ ਅਤੇ ਉਨ੍ਹਾਂ ਨਾਲ ਕੀਤੀਆਂ ਜਾ ਰਹੀਆਂ ਜਗ੍ਹਾ-ਜਗ੍ਹਾ ਬਦਸਲੂਕੀਆਂ ਨਾਲ ਪੱਤਰਕਾਰਾਂ ਵਿਚ ਗੁੱਸੇ ਦੀ ਲਹਿਰ ਹੈ ਕਿਉਂਕਿ ਪੱਤਰਕਾਰ ਬਲਬੀਰ ਸਿੰਘ ਆਪਣੇ ਰਿਸ਼ਤੇਦਾਰ ਦੇ ਮਸਲੇ ਸੰਬੰਧੀ ਗੱਲਬਾਤ ਕਰਨ ਲਈ ਬੀਤੇ ਦਿਨੀਂ ਥਾਣਾ ਬਿਆਸ 'ਚ ਗਿਆ ਸੀ, ਜਿਥੇ ਉਸ ਵੱਲੋਂ ਨਾ ਤਾਂ ਸਾਬਕਾ ਚੇਅਰਮੈਨ ਨੂੰ ਕੋਈ ਅਜਿਹੀ ਗੱਲ ਕਹੀ ਗਈ ਸੀ ਤੇ ਨਾ ਹੀ ਐੱਸ. ਐੱਚ. ਓ. ਨੂੰ ਪਰ ਥਾਣੇ ਵਿਚ ਉਕਤ ਦੋਵਾਂ ਵੱਲੋਂ ਪੱਤਰਕਾਰ ਨਾਲ ਮਾੜਾ ਵਤੀਰਾ ਕੀਤਾ ਜਾਣਾ ਬਹੁਤ ਹੀ ਦੁਖਦਾਇਕ ਗੱਲ ਹੈ।
ਜ਼ਿਲਾ ਪ੍ਰਧਾਨ ਸੰਧੂ, ਪੰਜਾਬ ਕਨਵੀਨਰ ਸ਼ਰਮਾ ਤੇ ਜ਼ਿਲਾ ਇੰਚਾਰਜ ਸਾਰੰਗਲ ਨੇ ਥਾਣਾ ਬਿਆਸ ਦੀ ਪੁਲਸ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਜਲਦ ਹੀ ਉਕਤ ਮਸਲੇ ਦਾ ਹੱਲ ਨਾ ਨਿਕਲਿਆ ਅਤੇ ਪੱਤਰਕਾਰ ਨਾਲ ਕੀਤੀ ਬਦਸਲੂਕੀ ਲਈ ਮੁਆਫੀ ਨਾ ਮੰਗੀ ਗਈ ਤਾਂ ਉਹ ਥਾਣਾ ਬਿਆਸ ਦਾ ਘਿਰਾਓ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਰਮਦਾਸ ਇਕਾਈ ਦੇ ਪ੍ਰਧਾਨ ਡਾ. ਦਿਲਬਾਗ ਸਿੰਘ, ਡਾ. ਵਿੱਕੀ, ਸਾਬੀ ਖੋਖਰ, ਵਾਹਲਾ, ਡਾ. ਸਿੰਧੂ, ਨਰਿੰਦਰ ਸਿੰਘ ਭੰਗੂ, ਸਰਬਜੀਤ ਸਿੰਘ ਖਾਲਸਾ, ਜੋਤੀ ਆਦਿ ਪੱਤਰਕਾਰ ਹਾਜ਼ਰ ਸਨ।


ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ |

Recommended For You

Popular News

.