ਨਡਾਲਾ, (ਸ਼ਰਮਾ)- ਵਿਜੀਲੈਂਸ ਟੀਮ ਕਪੂਰਥਲਾ ਵਲੋਂ ਪੁਲਸ ਚੌਕੀ ਮੁਖੀ ਨਡਾਲਾ ਕਾਬਲ ਸਿੰਘ ਏ. ਐੱਸ. ਆਈ. ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਰਿਸ਼ਵਤ 11 ਸਤੰਬਰ ਸ਼ਾਮ ਨੂੰ ਵਾਪਰੇ ਸੜਕ ਹਾਦਸੇ ਦੇ ਮਾਮਲੇ ਨੂੰ ਰਫਾ-ਦਫਾ ਕਰਨ ਲਈ ਮੰਗੀ ਗਈ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਅਚਾਨਕ ਬਾਅਦ ਦੁਪਹਿਰ 1.30 ਵਜੇ ਵਿਜੀਲੈਂਸ ਟੀਮ ਕਪੂਰਥਲਾ ਨੇ ਡੀ. ਐੱਸ. ਪੀ. ਕਰਮਵੀਰ ਸਿੰਘ ਦੀ ਅਗਵਾਈ ਹੇਠ ਨਡਾਲਾ ਪੁਲਸ ਚੌਕੀ 'ਤੇ ਧਾਵਾ ਬੋਲ ਦਿੱਤਾ ਤੇ ਪੁਲਸ ਚੌਕੀ ਮੁਖੀ ਕਾਬਲ ਸਿੰਘ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਗ੍ਰਿਫਤਾਰ ਕਰ ਲਿਆ।
ਉਸਨੇ ਬੀਤੀ 11 ਸਤੰਬਰ ਦੀ ਸ਼ਾਮ ਨੂੰ ਨਡਾਲਾ-ਬੇਗੋਵਾਲ ਸੜਕ 'ਤੇ ਵਾਪਰੇ ਸੜਕ ਹਾਦਸੇ ਨੂੰ ਰਫਾ-ਦਫਾ ਕਰਨ ਲਈ ਕਾਰ ਚਾਲਕ ਗੁਰਦੇਵ ਸਿੰਘ ਵਾਸੀ ਫੱਤੂਚੱਕ, ਥਾਣਾ ਢਿੱਲਵਾਂ ਪਾਸੋਂ ਮੰਗੀ ਸੀ। ਇਸ ਹਾਦਸੇ 'ਚ ਕਾਰ-ਮੋਟਰਸਾਈਕਲ ਦੀ ਹੋਈ ਟੱਕਰ 'ਚ ਟਾਂਡੀ ਦਾਖਲੀ ਵਾਸੀ ਬਲਵਿੰਦਰ ਸਿੰਘ ਪੁੱਤਰ ਜਵੰਦ ਸਿੰਘ ਅਤੇ ਉਸਦੀ ਪਤਨੀ ਚਰਨਜੀਤ ਕੌਰ ਜ਼ਖਮੀ ਹੋ ਗਏ ਸਨ ਤੇ ਚਰਨਜੀਤ ਕੌਰ ਦੀ ਲੱਤ ਟੁੱਟ ਗਈ ਸੀ ਤੇ ਦੋਵੇਂ ਹਸਪਤਾਲ ਦਾਖਲ ਸਨ।
ਦੂਜੇ ਪਾਸੇ ਚੌਕੀ ਇੰਚਾਰਜ ਸਾਰੀਆਂ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗਦਿਆਂ ਮਾਮਲੇ ਨੂੰ ਰਫਾ-ਦਫਾ ਕਰਨ ਲਈ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਇਸ ਸਬੰਧੀ ਐੱਸ. ਐੱਸ. ਪੀ. ਵਿਜੀਲੈਂਸ ਦਲਜਿੰਦਰ ਸਿੰਘ ਢਿੱਲੋਂ ਵਲੋਂ ਪ੍ਰੈਸਨੋਟ 'ਚ ਦੱਸਿਆ ਗਿਆ ਕਿ ਉਕਤ ਚੌਕੀ ਇੰਚਾਰਜ ਜ਼ਖਮੀ ਔਰਤ ਚਰਨਜੀਤ ਕੌਰ ਨੂੰ ਡਾਕਟਰ ਕੋਲੋਂ ਅਣਫਿਟ ਲਿਖਵਾ ਕੇ ਸੌਦੇਬਾਜ਼ੀ ਲਈ ਟਾਈਮ ਲੰਘਾ ਰਿਹਾ ਸੀ ਤੇ ਕਾਰ ਚਾਲਕ ਗੁਰਦੇਵ ਸਿੰਘ 'ਤੇ ਰਾਜ਼ੀਨਾਮਾ ਕਰਨ ਲਈ ਦਬਾ ਬਣਾ ਰਿਹਾ ਸੀ। ਇਸ ਮਕਸਦ ਲਈ ਉਸਨੇ ਗੁਰਦੇਵ ਸਿੰਘ ਕੋਲੋਂ 20 ਹਜ਼ਾਰ ਰੁਪਏ ਦੀ ਮੰਗ ਕੀਤੀ ਤੇ 10 ਹਜ਼ਾਰ ਰੁਪਏ 'ਚ ਸੌਦਾ ਹੋ ਗਿਆ। ਇਸ ਦਰਮਿਆਨ ਗੁਰਦੇਵ ਸਿੰਘ ਦੀ ਸ਼ਿਕਾਇਤ 'ਤੇ ਵਿਜੀਲੈਂਸ ਟੀਮ ਨੇ ਡੀ. ਐੱਸ. ਪੀ. ਕਰਮਜੀਤ ਸਿੰਘ ਦੀ ਅਗਵਾਈ ਹੇਠ ਦੋਸ਼ੀ ਕਾਬਲ ਸਿੰਘ ਨੂੰ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕਰ ਲਿਆ।
ਇਸ ਟੀਮ 'ਚ ਸ਼ਾਮਲ ਇੰਸਪੈਕਟਰ ਦਲਬੀਰ ਸਿੰਘ, ਏ. ਐੱਸ. ਆਈ. ਸੁਖਦੇਵ ਸਿੰਘ, ਏ. ਐੱਸ. ਆਈ. ਸੁਖਚੈਨ ਸਿੰਘ, ਏ. ਐੱਸ. ਆਈ. ਜਗੀਰੀ ਲਾਲ, ਵੈਟਰਨਰੀ ਡਾਕਟਰ ਰਮਨ ਕੁਮਾਰ, ਸੀਨੀਅਰ ਐਡੀਟਰ ਸੁਖਵਿੰਦਰ ਪਾਲ ਸਿੰਘ ਸਿਵਲ ਸਪਲਾਈ ਵਿਭਾਗ ਅਤੇ ਮੁੱਖ ਗਵਾਹ ਪਵਿੱਤਰ ਸਿੰਘ ਪੁੱਤਰ ਨਿਰਭੈ ਸਿੰਘ ਵਾਸੀ ਫੱਤੂਚੱਕ ਸ਼ਾਮਲ ਸਨ। ਦੋਸ਼ੀ ਖਿਲਾਫ ਵਿਜੀਲੈਂਸ ਐਕਟ ਭ੍ਰਿਸ਼ਟਾਚਾਰ ਰੋਕੂ ਧਰਾਵਾਂ ਅਧੀਨ ਵਿਜੀਲੈਂਸ ਥਾਣਾ ਜਲੰਧਰ ਵਿਚ ਪਰਚਾ ਦਰਜ ਕਰ ਲਿਆ ਹੈ ਤੇ ਹੋਰ ਪੁੱਛਗਿਛ ਜਾਰੀ ਹੈ।
ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫਤਾਰ
NEXT STORY