ਅੰਮ੍ਰਿਤਸਰ, (ਰਮਨ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਚੀਫ ਇੰਜੀਨੀਅਰ ਸਟੋਰ ਐਂਡ ਵਰਕਸ਼ਾਪ ਲੁਧਿਆਣਾ ਇੰਜ. ਜਗਜੀਤ ਸਿੰਘ ਸੁੱਚੂ ਨੇ ਇਕ ਘੋਟਾਲੇ ਦਾ ਪਰਦਾਫਾਸ਼ ਕੀਤਾ ਹੈ। ਸੁੱਚੂ ਨੇ ਦੱਸਿਆ ਕਿ ਫਤਿਹਗੜ੍ਹ ਚੂੜੀਆ ਟਰਾਂਸਫਾਰਮਰ ਰਿਪੇਅਰ ਯਾਰਡ ਵਿਚ ਤਾਇਨਾਤ ਜੇ. ਈ. ਕਰਮ ਸਿੰਘ ਨੇ ਸਰਕਾਰੀ ਸਾਮਾਨ ਚੋਰੀ ਕਰ ਕੇ 28 ਲੱਖ ਰੁਪਏ ਦੀ ਗੜਬੜੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਐੱਚ. ਟੀ./ਐੱਲ. ਟੀ. ਕੁਆਇਲ ਦੀ 75 ਟਨ ਸਕਰੈਪ ਅਗਰਵਾਲ ਮੈਟਲ ਪਟਿਆਲਾ ਨੂੰ ਦਿੱਤੀ ਗਈ ਸੀ, ਜਿਸ ਵਿਚੋਂ ਕੁਆਇਲ ਸਿਰਫ 54.100 ਟਨ ਹੀ ਨਿਕਲੀ ਅਤੇ 27.230 ਟਨ ਐੱਚ. ਟੀ./ਐੱਲ. ਟੀ. ਕੁਆਇਲ ਗਾਇਬ ਪਾਈ ਗਈ, ਜਿਸ ਦੀ ਕੀਮਤ 28 ਲੱਖ ਰੁਪਏ ਬਣਦੀ ਹੈ ਅਤੇ ਉਸ ਦੀ ਜ਼ਿੰਮੇਵਾਰੀ ਉਕਤ ਜੇ. ਈ. ਕਰਮ ਸਿੰਘ ਦੀ ਬਣਦੀ ਹੈ, ਜਿਸ ਨੂੰ ਲੈ ਕੇ ਉਕਤ ਜੇ. ਈ. ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਪੁਲਸ ਨੂੰ ਕੇਸ ਦਰਜ ਕਰਨ ਲਈ ਲਿਖ ਦਿੱਤਾ ਗਿਆ ਹੈ।
ਚੀਫ ਇੰਜੀਨੀਅਰ ਸੁੱਚੂ ਨੇ ਸਾਰੇ ਪੰਜਾਬ ਦੇ ਸਟੋਰ ਤੇ ਡਿਪਟੀ ਚੀਫ ਇੰਜੀਨੀਅਰਾਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਆਪਣੇ ਟਰਾਂਸਫਾਰਮਰ ਰਿਪੇਅਰ ਯਾਰਡ ਵਿਚ ਚੰਗੀ ਤਰ੍ਹਾਂ ਜਾਂਚ-ਪੜਤਾਲ ਕੀਤੀ ਜਾਵੇ ਤਾਂ ਕਿ ਅਗਲੇ ਸਮੇਂ ਵਿਚ ਅਜਿਹਾ ਕੋਈ ਮਾਮਲਾ ਸਾਹਮਣੇ ਨਾ ਆਏ। ਉਨ੍ਹਾਂ ਕਿਹਾ ਕਿ ਫਤਿਹਗੜ੍ਹ ਚੂੜੀਆ ਟਰਾਂਸਫਾਰਮਰ ਰਿਪੇਅਰ ਯਾਰਡ ਵਿਚ ਉਕਤ ਜੇ. ਈ. ਵੱਲੋਂ ਇਹ ਐੱਚ. ਟੀ./ਐੱਲ. ਟੀ. ਕੁਆਇਲ ਨੂੰ ਗਾਇਬ ਕੀਤਾ ਗਿਆ ਹੈ, ਇਹ ਸਾਰੀ ਜਾਂਚ-ਪੜਤਾਲ ਕਰਨ ਤੋਂ ਬਾਅਦ ਹੀ ਸਾਹਮਣੇ ਆਇਆ ਹੈ, ਜੇਕਰ ਉਕਤ ਜੇ. ਈ. ਨਾਲ ਕੋਈ ਅਧਿਕਾਰੀ, ਕਰਮਚਾਰੀ ਇਸ ਘੋਟਾਲੇ ਵਿਚ ਸਾਥ ਦਿੰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਵੀ ਸਖਤ ਕਾਰਵਾਈ ਹੋਵੇਗੀ।
ਪੁਲਸ ਫੋਰਸ ਦੀ ਮੌਜੂਦਗੀ 'ਚ ਕਿਸਾਨਾਂ ਦਾ ਧਰਨਾ ਸ਼ੁਰੂ
NEXT STORY