ਜਲੰਧਰ (ਧਵਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਹਿੱਤਾਂ ਖਾਤਰ ਸਿਆਸਤ 'ਚ ਲੰਬੀ ਪਾਰੀ ਖੇਡਣ ਦੇ ਦਿੱਤੇ ਗਏ ਸੰਕੇਤਾਂ ਮਗਰੋਂ ਹੁਣ ਉਨ੍ਹਾਂ ਨੇ ਆਪਣੀ ਫਿਟਨੈੱਸ ਵੱਲ ਪੂਰਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਪਿਛਲੇ ਕੁਝ ਮਹੀਨਿਆਂ 'ਚ ਆਪਣਾ ਭਾਰ ਵੀ ਘਟਾਇਆ ਹੈ। ਲੰਬੇ ਸਮੇਂ ਮਗਰੋਂ ਹੁਣ ਉਨ੍ਹਾਂ ਨੇ ਅੱਜ ਐਤਵਾਰ ਦੀ ਛੁੱਟੀ ਨੂੰ ਦੇਖਦਿਆਂ ਇਨਡੋਰ ਸਟੇਡੀਅਮ 'ਚ ਜਾ ਕੇ ਬੈਡਮਿੰਟਨ ਖੇਡੀ ਅਤੇ ਸਰੀਰਕ ਕਸਰਤ ਵੱਲ ਵੀ ਧਿਆਨ ਦਿੱਤਾ। ਮੁੱਖ ਮੰਤਰੀ ਵਲੋਂ ਸਿਆਸਤ 'ਚ ਲੰਬੀ ਪਾਰੀ ਖੇਡਣ ਤੇ ਕਾਂਗਰਸ ਸਿਆਸਤ 'ਚ ਬਣੇ ਰਹਿਣ ਦੇ ਦਿੱਤੇ ਗਏ ਸੰਕੇਤਾਂ ਮਗਰੋਂ ਪਹਿਲਾਂ ਹੀ ਪੰਜਾਬ ਦਾ ਸਿਆਸੀ ਪਾਰਾ ਗਰਮਾਇਆ ਹੋਇਆ ਹੈ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੇਤਾ ਕੈਪਟਨ ਦੇ ਅਗਲੇ ਕਦਮ ਵੱਲ ਦੇਖ ਰਹੇ ਹਨ। ਕੈਪਟਨ ਨੇ ਟਵੀਟ ਕਰਦਿਆਂ ਕਿਹਾ ਕਿ ਲੰਬੇ ਸਮੇਂ ਮਗਰੋਂ ਬੈਡਮਿੰਟਨ ਖੇਡ ਕੇ ਮਜ਼ਾ ਆਇਆ ਹੈ ਅਤੇ ਇਹ ਤਜਰਬਾ ਉਨ੍ਹਾਂ ਲਈ ਉਤਸ਼ਾਹ ਵਧਾਉਣ ਵਾਲਾ ਰਿਹਾ। ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ਕਿ ਅੱਜ ਬੈਡਮਿੰਟਨ ਖੇਡ ਕੇ ਉਨ੍ਹਾਂ ਨੂੰ ਪਟਿਆਲਾ ਦੇ ਐੱਨ. ਆਈ. ਐੱਸ. ਦੀ ਯਾਦ ਆ ਗਈ। ਜਦੋਂ ਉਹ ਲਗਾਤਾਰ ਉਥੇ ਬੈਡਮਿੰਟਨ ਖੇਡਦੇ ਹੁੰਦੇ ਸਨ। ਨੇੜਲੇ ਸੂਤਰਾਂ ਨੇ ਦੱਸਿਆ ਕਿ ਸਰਕਾਰੀ ਰੁਝੇਵਿਆਂ ਦੇ ਬਾਵਜੂਦ ਛੁੱਟੀ ਵਾਲੇ ਦਿਨ ਕੈਪਟਨ ਹੁਣ ਫਿਜ਼ੀਕਲ ਫਿਟਨੈੱਸ ਨੂੰ ਬਣਾਈ ਰੱਖਣ ਲਈ ਬੈਡਮਿੰਟਨ ਖੇਡਿਆ ਕਰਨਗੇ ਜਾਂ ਸਰੀਰਕ ਕਸਰਤ ਜਾਂ ਯੋਗਾ ਵੱਲ ਧਿਆਨ ਦੇਣਗੇ।
ਪੰਜਾਬ ਦੀਆਂ ਖਾਸ ਖਬਰਾਂ ਲਈ ਦੇਖੋ ਜਗ ਬਾਣੀ ਖਬਰਨਾਮਾ
NEXT STORY