ਤਲਵੰਡੀ ਸਾਬੋ(ਮੁਨੀਸ਼) ਨਗਰ ਪੰਚਾਇਤ ਤਲਵੰਡੀ ਸਾਬੋ ਦੀ 17 ਦਸੰਬਰ ਨੂੰ ਹੋਣ ਜਾ ਰਹੀ ਚੋਣ ਲਈ ਅੱਜ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਦਾਖਲ ਕਰਨ ਦੇ ਆਖਰੀ ਦਿਨ ਤਿੰਨ ਵਜੇ ਨਾਮਜ਼ਦਗੀਆਂ ਦਾ ਸਮਾਂ ਖਤਮ ਹੋਣ ਦੇ ਐਨ ਮੌਕੇ ਇਕ 'ਆਪ' ਉਮੀਦਵਾਰ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਨੂੰ ਲੈ ਕੇ ਕਾਂਗਰਸੀ ਅਤੇ 'ਆਪ' ਆਗੂਆਂ ਦੇ ਆਹਮੋ-ਸਾਹਮਣੇ ਹੋਣ ਨਾਲ ਮਾਹੌਲ ਤਣਾਅਪੂਰਨ ਬਣ ਗਿਆ ਤੇ ਕਾਂਗਰਸ ਹਲਕਾ ਇੰਚਾਰਜ ਅਤੇ ਹਲਕੇ ਦੀ 'ਆਪ' ਵਿਧਾਇਕਾ ਐੱਸ. ਡੀ. ਐੱਮ. ਕਮ ਰਿਟਰਨਿੰਗ ਅਫਸਰ ਨਾਲ ਬਹਿਸ ਕਰਦੇ ਦਿਖਾਈ ਦਿੱਤੇ।
ਇੱਥੇ ਦੱਸਣਾ ਬਣਦਾ ਹੈ ਕਿ ਵਾਰਡ ਨੰ. 15 ਤੋਂ 'ਆਪ' ਦੇ ਉਮੀਦਵਾਰ ਧਰਮਾ ਸਿੰਘ ਨਾਮਜ਼ਦਗੀਆਂ ਭਰਨ ਦੇ ਆਖਰੀ ਸਮੇਂ ਤਿੰਨ ਵਜੇ ਦੇ ਕਰੀਬ ਐੱਸ. ਡੀ. ਐੱਮ. ਕਮ ਚੋਣ ਅਫਸਰ ਦੇ ਦਫਤਰ ਦਾਖਲ ਹੋ ਗਏ ਪਰ ਉਸ ਦੇ ਕਾਗਜ਼ਾਂ 'ਚ ਕੁਝ ਘਾਟ ਸੀ। ਤਿੰਨ ਵਜੇ ਤੋਂ ਬਾਅਦ ਜਦੋਂ ਉਕਤ ਉਮੀਦਵਾਰ ਨੇ ਆਪਣੇ ਕਾਗਜ਼ ਪੂਰੇ ਕਰ ਕੇ ਦਾਖਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਐੱਸ. ਡੀ. ਐੱਮ. ਨੇ ਕਾਗਜ਼ ਦਾਖਲ ਕਰਨ ਲਈ ਨਿਰਧਾਰਿਤ ਸਮਾਂ ਲੰਘ ਜਾਣ ਦਾ ਹਵਾਲਾ ਦਿੰਦਿਆਂ ਕਾਗਜ਼ ਲੈਣ ਤੋਂ ਨਾਂਹ ਕਰ ਦਿੱਤੀ ਜਦੋਂਕਿ ਉਮੀਦਵਾਰ ਦਾ ਕਹਿਣਾ ਸੀ ਕਿ ਕਾਗਜ਼ ਪੂਰੇ ਕਰਨ ਲਈ ਖੁਦ ਐੱਸ. ਡੀ. ਐੱਮ. ਨੇ ਉਸ ਨੂੰ ਦਫਤਰ ਤੋਂ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਸੀ। ਘਟਨਾ ਦਾ ਪਤਾ ਲੱਗਦਿਆਂ ਹੀ ਹਲਕੇ ਦੀ 'ਆਪ' ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਐੱਸ. ਡੀ. ਐੱਮ. ਦਫਤਰ ਪੁੱਜ ਗਏ ਤੇ ਜਦੋਂ ਉਨ੍ਹਾਂ ਨੇ ਉਕਤ ਉਮੀਦਵਾਰ ਦੇ ਕਾਗਜ਼ ਦਾਖਲ ਕਰਨ ਲਈ ਜ਼ੋਰ ਪਾਇਆ ਤਾਂ ਐੱਸ. ਡੀ. ਐੱਮ. ਦੇ ਵਤੀਰੇ ਤੋਂ ਲੱਗਾ ਕਿ ਉਸ ਦੇ ਕਾਗਜ਼ ਦਾਖਲ ਕਰਵਾ ਲਏ ਜਾਣਗੇ ਤੇ ਜਿਉਂ ਹੀ 'ਆਪ' ਦੇ ਉਮੀਦਵਾਰ ਨੇ ਰਹਿੰਦੇ ਕਾਗਜ਼ ਸਾਈਨ ਕਰਨੇ ਸ਼ੁਰੂ ਕੀਤੇ ਤਾਂ ਪਤਾ ਲੱਗਣ 'ਤੇ ਕਾਂਗਰਸੀ ਆਗੂ ਆਪਣੇ ਸਮੱਰਥਕਾਂ ਨਾਲ ਉਥੇ ਪੁੱਜ ਗਏ ਤੇ ਉਨ੍ਹਾਂ ਨੇ ਨਿਰਧਾਰਿਤ ਸਮੇਂ ਤੋਂ ਬਾਅਦ ਨਾਮਜ਼ਦਗੀ ਕਾਗਜ਼ ਐੱਸ. ਡੀ. ਐੱਮ. ਵੱਲੋਂ ਲੈਣ 'ਤੇ ਇਤਰਾਜ਼ ਲਾਉਣਾ ਸ਼ੁਰੂ ਕਰ ਦਿੱਤਾ। ਇਸ ਮੌਕੇ ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ 'ਆਪ' ਦੇ ਉਮੀਦਵਾਰ ਦੇ ਕਾਗਜ਼ ਬਾਹਰ ਸਨ ਤੇ ਇਕ ਪਾਰਟੀ ਆਗੂ 3.02 ਵਜੇ ਉਸ ਦੇ ਕਾਗਜ਼ ਲੈ ਕੇ ਬਾਹਰੋਂ ਐੱਸ. ਡੀ. ਐੱਮ. ਦਫਤਰ 'ਚ ਦਾਖਲ ਹੋਣ 'ਚ ਸਫਲ ਹੋ ਗਿਆ ਜਦੋਂਕਿ ਕਾਗਜ਼ ਭਰਨ ਦਾ ਸਮਾਂ ਤਿੰਨ ਵਜੇ ਖਤਮ ਹੋ ਗਿਆ ਸੀ ਪਰ ਹਲਕਾ ਵਿਧਾਇਕਾ ਆਪਣਾ ਪ੍ਰਭਾਵ ਵਰਤ ਕੇ ਉਮੀਦਵਾਰ ਦੇ ਕਾਗਜ਼ ਨਿਰਧਾਰਿਤ ਸਮੇਂ ਤੋਂ ਬਾਅਦ ਵੀ ਦਾਖਲ ਕਰਵਾਉਣਾ ਚਾਹੁੰਦੀ ਸੀ। ਇਤਰਾਜ਼ ਤੋਂ ਬਾਅਦ ਐੱਸ. ਡੀ. ਐੱਮ. ਦੇ ਨਾਲ ਉਥੇ ਮੌਜੂਦ ਚੋਣ ਆਬਜ਼ਰਵਰ ਨੇ ਕਾਗਜ਼ ਦਾਖਲ ਕਰਨ ਤੋਂ ਨਾਂਹ ਕਰ ਦਿੱਤੀ ਤੇ ਦੁਬਾਰਾ ਫਿਰ ਹਲਕਾ ਵਿਧਾਇਕਾ ਨੇ ਐੱਸ. ਡੀ. ਐੱਮ. ਕੋਲ ਪੁੱਜ ਕੇ ਉਮੀਦਵਾਰ ਦੇ ਕਾਗਜ਼ ਦਾਖਲ ਕਰਨ ਲਈ ਦਬਾਅ ਬਣਾਇਆ ਪਰ ਐੱਸ. ਡੀ. ਐੱਮ. ਨੇ ਕਾਗਜ਼ ਦਾਖਲ ਕਰਨ ਤੋਂ ਜਵਾਬ ਦੇ ਦਿੱਤਾ, ਜਿਸ ਕਾਰਨ ਤਲਖੀ ਵਾਲਾ ਮਾਹੌਲ ਵੀ ਬਣਿਆ ਤੇ ਵਿਧਾਇਕਾ ਦੀ ਇਕ ਕਾਂਗਰਸੀ ਆਗੂ ਨਾਲ ਬਹਿਸ ਵੀ ਹੋਈ। ਤਣਾਅਪੂਰਨ ਮਾਹੌਲ ਨੂੰ ਦੇਖਦਿਆਂ ਸਮੁੱਚੇ ਕੰਪਲੈਕਸ ਵਿਚ ਵੱਡੀ ਗਿਣਤੀ 'ਚ ਪੁਲਸ ਤਾਇਨਾਤ ਕਰ ਦਿੱਤੀ ਗਈ।
ਅਖੀਰ ਵਿਚ ਭਾਵੇਂ 'ਆਪ' ਉਮੀਦਵਾਰ ਦੇ ਨਾਮਜ਼ਦਗੀ ਕਾਗਜ਼ ਦਾਖਲ ਨਹੀਂ ਹੋ ਸਕੇ ਪਰ 'ਆਪ' ਵਿਧਾਇਕਾ ਨੇ ਪ੍ਰਸ਼ਾਸਨ 'ਤੇ ਪੱਖਪਾਤ ਕਰਨ ਦੇ ਦੋਸ਼ ਲਾÀੁਂਦਿਆਂ ਕਿਹਾ ਕਿ ਚੋਣ ਕਮਿਸ਼ਨ ਕਿਤੇ ਨਜ਼ਰ ਨਹੀਂ ਆ ਰਿਹਾ ਤੇ ਕਾਂਗਰਸ ਸੱਤਾ ਦੇ ਜ਼ੋਰ 'ਤੇ ਧੱਕੇ ਨਾਲ ਉਕਤ ਚੋਣ ਜਿੱਤਣ 'ਤੇ ਲੱਗੀ ਹੋਈ ਹੈ।
ਕੀ ਕਹਿੰਦੇ ਹਨ ਚੋਣ ਅਧਿਕਾਰੀ
ਉਧਰ ਚੋਣ ਅਧਿਕਾਰੀ ਕਮ ਐੱਸ. ਡੀ. ਐੱਮ. ਬਰਿੰਦਰ ਕੁਮਾਰ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਕਿਤੇ ਵੀ ਕੋਈ ਗੜਬੜ ਨਹੀਂ ਹੋਈ। ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਲਏ ਗਏ ਹਨ ਤੇ ਸਮਾਂ ਖਤਮ ਹੋਣ ਤੋਂ ਬਾਅਦ ਕਿਸੇ ਦੇ ਵੀ ਕਾਗਜ਼ ਨਹੀਂ ਲਏ ਜਾ ਸਕਦੇ ਸਨ। ਇਸ ਲਈ ਉਕਤ ਉਮੀਦਵਾਰ ਦੇ ਕਾਗਜ਼ ਨਹੀਂ ਲਏ ਗਏ।
ਕਿਰਤੀ ਕਿਸਾਨ ਯੂਨੀਅਨ ਨੇ ਸਿਵਲ ਸਰਜਨ ਦਫ਼ਤਰ 'ਚ ਕੀਤਾ ਰੋਸ ਪ੍ਰਦਰਸ਼ਨ
NEXT STORY