ਸੁਲਤਾਨਪੁਰ ਲੋਧੀ, (ਸੋਢੀ)- ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਲਾਟੀਆਂਵਾਲਾ ਨਿਵਾਸੀ ਪਛੜੇ ਵਰਗ ਨਾਲ ਸਬੰਧਤ ਬਿਜਲੀ ਖਪਤਕਾਰਾਂ ਨੂੰ ਹਜ਼ਾਰਾਂ ਰੁਪਏ ਦੇ ਬਿਜਲੀ ਬਿੱਲ ਆਉਣ ਕਾਰਨ ਗਰੀਬ ਜਨਤਾ 'ਚ ਹਾਹਾਕਾਰ ਮਚੀ ਹੋਈ ਹੈ। ਅੱਜ ਦੋ ਦਰਜਨ ਪਰਿਵਾਰਾਂ ਵਲੋਂ ਰੋਸ ਵਜੋਂ ਬਿਜਲੀ ਬਿੱਲ ਲੈ ਕੇ ਉਪਮੰਡਲ ਸੁਲਤਾਨਪੁਰ ਲੋਧੀ ਨੰਬਰ ਇਕ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਬਿਜਲੀ ਦੇ ਹਜ਼ਾਰਾਂ ਰੁਪਏ ਦੇ ਵੱਧ ਆਏ ਬਿੱਲਾਂ ਦੀ ਜਾਂਚ ਕਰਨ ਦੀ ਮੰਗ ਕੀਤੀ। ਬਿਜਲੀ ਖਪਤਕਾਰਾਂ ਵੱਲੋਂ ਇਸ ਸਮੇਂ ਸੁਲਤਾਨਪੁਰ ਲੋਧੀ ਨੰਬਰ ਇਕ ਦੇ ਕਾਰਜਕਾਰੀ ਐੱਸ. ਡੀ. ਓ. ਜਗਜੀਤ ਸਿੰਘ ਨਾਲ ਵੀ ਇਸ ਸਬੰਧੀ ਗੱਲਬਾਤ ਕੀਤੀ ਤੇ ਵੱਧ ਆਏ ਬਿੱਲ ਦਿਖਾਏ।
ਮੌਕੇ 'ਤੇ ਪੱਤਰਕਾਰਾਂ ਨੂੰ ਬਿਜਲੀ ਬਿੱਲ ਦਿਖਾਉਂਦੇ ਹੋਏ ਲੋਕਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੇ ਬਿੱਲ ਮੁਆਫ ਕੀਤੇ ਹੋਏ ਹਨ ਪਰ ਫਿਰ ਵੀ ਇੰਨੇ ਵੱਡੇ ਬਿੱਲ ਕਿਵੇਂ ਆ ਗਏ। ਪਿੰਡ ਲਾਟੀਆਂਵਾਲਾ ਦੇ ਸ਼ੇਰ ਸਿੰਘ ਪੁੱਤਰ ਜਗਤ ਸਿੰਘ ਨੂੰ 47 ਹਜ਼ਾਰ ਰੁਪਏ, ਬਲਬੀਰ ਸਿੰਘ ਪੁੱਤਰ ਕਿਰਪਾਲ ਸਿੰਘ ਨੂੰ 35 ਹਜ਼ਾਰ ਰੁਪਏ, ਕਰਨੈਲ ਸਿੰਘ ਪੁੱਤਰ ਬਲਕਾਰ ਸਿੰਘ ਨੂੰ 59405 ਰੁਪਏ, ਜਸਪਾਲ ਸਿੰਘ ਪੁੱਤਰ ਹਰਨਾਮ ਸਿੰਘ ਨੂੰ 21400 ਰੁਪਏ, ਹਰਨਾਮ ਸਿੰਘ ਪੁੱਤਰ ਬਲਕਾਰ ਸਿੰਘ ਨੂੰ 51 ਹਜ਼ਾਰ ਰੁਪਏ, ਗੁਰਬਚਨ ਸਿੰਘ ਪੁੱਤਰ ਹਰਬੰਸ ਸਿੰਘ ਨੂੰ 14 ਹਜ਼ਾਰ, ਜਰਨੈਲ ਸਿੰਘ ਪੁੱਤਰ ਮਹਿੰਦਰ ਸਿੰਘ ਨੂੰ 22 ਹਜ਼ਾਰ ਤੋਂ ਵੱਧ ਤੇ ਹੋਰਨਾਂ ਨੂੰ ਵੀ ਹਜ਼ਾਰਾਂ ਦੇ ਬਿੱਲ ਆਏ। ਕੁਝ ਗਰੀਬ ਖਪਤਕਾਰਾਂ ਇਹ ਵੀ ਦੱਸਿਆ ਕਿ ਜ਼ਿਆਦਾਤਰ ਉਨ੍ਹਾਂ ਨੂੰ 1 ਤੋਂ 2 ਹਜ਼ਾਰ ਬਿੱਲ ਆਉਂਦਾ ਸੀ। ਇਸ ਵਾਰ ਹਜ਼ਾਰਾਂ ਦੇ ਵੱਡੇ ਬਿੱਲ ਦੇਖ ਕੇ ਹੋਸ਼ ਉੱਡ ਗਏ ਹਨ।
ਬਿਜਲੀ ਕਰਮਚਾਰੀਆਂ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਦੀ ਕੀਤੀ ਨਿੰਦਾ
ਫਗਵਾੜਾ, (ਰੁਪਿੰਦਰ ਕੌਰ)- ਬਿਜਲੀ ਕਰਮਚਾਰੀਆਂ ਨੇ ਸਾਂਝੇ ਤੌਰ 'ਤੇ ਕੀਤੀ ਰੈਲੀ 'ਚ ਪਾਵਰਕਾਮ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੀ ਖੁੱਲ੍ਹ ਕੇ ਨਿੰਦਾ ਕੀਤੀ। ਰੈਲੀ ਦੀ ਪ੍ਰਧਾਨਗੀ ਜਸਬੀਰ ਸਿੰਘ ਨੇ ਕੀਤੀ ਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਾਡੇ ਵਿਰੁੱਧ ਤੇ ਆਮ ਲੋਕਾਂ ਦੇ ਵਿਰੁੱਧ ਕਾਲੇ ਕਾਨੂੰਨ ਲਿਆ ਰਹੀ ਹੈ, ਜਿਨ੍ਹਾਂ ਨੂੰ ਸਾਡੀ ਯੂਨੀਅਨ ਕਿਸੇ ਕੀਮਤ 'ਤੇ ਮਨਜ਼ੂਰ ਨਹੀਂ ਕਰੇਗੀ। ਉਨ੍ਹਾਂ ਮੰਗ ਕੀਤੀ ਕਿ ਨਵੀਆਂ ਭਰਤੀਆਂ ਖੋਲ੍ਹੀਆਂ ਜਾਣ ਤੇ ਕੱਚੇ ਕਰਮਚਾਰੀ ਪੱਕੇ ਕੀਤੇ ਜਾਣ। ਬੰਦ ਕੀਤੇ ਥਰਮਲ ਪਲਾਂਟ ਚਾਲੂ ਕੀਤੇ ਜਾਣ ਤੇ ਹੋਰ ਮੰਗਾਂ ਵੀ ਪੂਰੀਆਂ ਕੀਤੀਆਂ ਜਾਣ। ਇਸ ਮੌਕੇ ਰਾਜ ਕੁਮਾਰ, ਸੋਹਨ ਲਾਲ, ਸਗਲੀ ਰਾਮ, ਅਮਰਜੀਤ ਸਿੰਘ, ਹੰਸ ਰਾਜ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।
ਪਾਵਰਕਾਮ ਸੜਕ ਦੀਆਂ ਬਰਮਾਂ 'ਚ ਲਾ ਰਿਹੈ ਨਵੇਂ ਖੰਭੇ
ਬੇਗੋਵਾਲ, (ਰਜਿੰਦਰ)- ਕਸਬਾ ਬੇਗੋਵਾਲ ਤੋਂ ਭੁਲੱਥ ਨੂੰ ਜਾਣ ਵਾਲੀ ਪ੍ਰਮੁੱਖ ਸੜਕ ਨੂੰ ਭਾਵੇਂ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਵੇਲੇ 18 ਤੋਂ 23 ਫੁੱਟ ਚੌੜਾ ਕਰ ਦਿੱਤਾ ਗਿਆ ਸੀ ਪਰ ਇਸ ਸੜਕ ਨੂੰ ਚੌੜਾ ਕਰਨ ਵੇਲੇ ਸੜਕ ਦੇ ਆਸੇ-ਪਾਸੇ ਲੱਗੇ ਬਿਜਲੀ ਸਪਲਾਈ ਦੇ ਖੰਭੇ ਕੁਝ ਥਾਵਾਂ 'ਤੇ ਤਾਂ ਸੜਕ ਦੇ ਨੇੜੇ ਅਤੇ ਕੁਝ ਥਾਵਾਂ 'ਤੇ ਸੜਕ ਦੀਆਂ ਬਰਮਾਂ ਵਿਚ ਆ ਗਏ ਸਨ। ਜਿਸ ਬਾਰੇ ਉਸ ਵੇਲੇ ਇਹ ਚਰਚਾ ਛਿੜੀ ਸੀ ਕਿ ਇਹ ਖੰਭੇ ਆਉਣ ਵਾਲੇ ਸਮੇਂ ਵਿਚ ਸੜਕ ਦੀਆਂ ਬਰਮਾਂ ਵਿਚੋਂ ਬਾਹਰ ਕੱਢ ਦਿੱਤੇ ਜਾਣਗੇ ਪਰ ਜੋ ਹਾਲੇ ਤਕ ਨਹੀਂ ਕੱਢੇ ਜਾ ਸਕੇ।
ਹਲਕਾ ਭੁਲੱਥ ਖਾਸਕਰ ਬੇਗੋਵਾਲ ਇਲਾਕੇ ਦੇ ਲੋਕ ਤਾਂ ਹਾਲੇ ਵੀ ਇਹੀ ਉਡੀਕ ਰੱਖੀ ਬੈਠੇ ਸਨ ਕਿ ਬੇਗੋਵਾਲ ਤੋਂ ਭੁਲੱਥ ਜਾਣ ਵਾਲੀ ਪ੍ਰਮੁੱਖ ਸੜਕ 'ਤੇ ਸੜਕੀ ਆਵਾਜਾਈ ਵਿਚ ਵਿਘਨ ਪਾਉਣ ਵਾਲੇ ਬਰਮਾਂ ਵਿਚ ਆਏ ਅਨੇਕਾਂ ਖੰਭਿਆਂ ਨੂੰ ਬਰਮਾਂ ਵਿਚੋਂ ਬਾਹਰ ਕੱਢਿਆ ਜਾਵੇਗਾ ਪਰ ਹੁਣ ਤਾਂ ਗੱਲ ਹੀ ਕੁਝ ਹੋਰ ਬਣ ਗਈ ਹੈ, ਕਿਉਂਕਿ ਪਾਵਰਕਾਮ ਵਲੋਂ ਬੇਗੋਵਾਲ ਤੋਂ ਭੁਲੱਥ ਰੋਡ 'ਤੇ ਸੜਕ ਦੀਆਂ ਬਰਮਾਂ ਵਿਚ ਕੁਝ ਨਵੇਂ ਬਿਜਲੀ ਦੇ ਖੰਭੇ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਇਸ ਸੜਕ ਦੇ ਕਿਨਾਰਿਆਂ ਵਿਚ ਅਤੇ ਬਰਮਾਂ ਵਿਚ ਲੱਗੇ ਬਿਜਲੀ ਸਪਲਾਈ ਦੇ ਖੰਭਿਆਂ ਕਾਰਨ ਧੁੰਦ ਦੇ ਦਿਨਾਂ ਵਿਚ ਹੁਣ ਤਕ ਇੱਕਾ-ਦੁੱਕਾ ਸੜਕ ਹਾਦਸੇ ਵੀ ਵਾਪਰ ਚੁੱਕੇ ਹਨ ਪਰ ਸੜਕ ਹਾਦਿਸਆਂ ਨੂੰ ਸੱਦਾ ਰਹੇ ਇਨ੍ਹਾਂ ਖੰਭਿਆਂ ਦੀ ਜਗ੍ਹਾ ਹਾਲੇ ਤਕ ਪਾਵਰਕਾਮ ਵਲੋਂ ਬਦਲੀ ਨਹੀਂ ਗਈ ਹੈ, ਸਗੋਂ ਹੋਰ ਖੰਭੇ ਲਗਾਏ ਜਾ ਰਹੇ ਹਨ।
ਕੀ ਕਹਿਣੈ ਪਾਵਰਕਾਮ ਦੇ ਐਕਸੀਅਨ ਦਾ
ਇਸ ਸਬੰਧੀ ਜਦੋਂ ਪਾਵਰਕਾਮ ਦੇ ਕਰਤਾਰਪੁਰ ਮੰਡਲ ਦੇ ਐਕਸੀਅਨ ਜੋਗਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਭੇਜੇ ਫੰਡਾਂ ਨਾਲ ਬਿਜਲੀ ਸੁਧਾਰ ਦੇ ਕੀਤੇ ਜਾ ਰਹੇ ਕੰਮਾਂ ਤਹਿਤ ਇਹ ਖੰਭੇ ਲਾਏ ਜਾ ਰਹੇ ਹਨ। ਸੜਕ ਨੇੜੇ ਬਰਮਾਂ ਵਿਚ ਖੰਭੇ ਲਾਏ ਜਾਣ ਬਾਰੇ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਸੜਕ ਤੋਂ ਅੱਗੇ ਸਰਕਾਰ ਦੀ ਜ਼ਮੀਨ ਵਿਚ ਹੀ ਖੰਭੇ ਲਗਾਏ ਜਾਣੇ ਹਨ।
ਕੀ ਕਹਿੰਦੇ ਨੇ ਪੀ. ਡਬਲਯੂ. ਡੀ. ਵਿਭਾਗ ਦੇ ਐੱਸ. ਡੀ. ਓ.
ਇਸ ਸਬੰਧ ਵਿਚ ਜਦੋਂ ਪੀ. ਡਬਲਯੂ. ਡੀ. ਵਿਭਾਗ ਦੇ ਐੱਸ. ਡੀ. ਓ. ਸਤਨਾਮ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸੜਕ ਆਵਾਜਾਈ ਸੁਰੱਖਿਆ ਦੇ ਮੱਦੇਨਜ਼ਰ ਇਹ ਜ਼ਰੂਰੀ ਹੁੰਦਾ ਹੈ ਕਿ ਸੜਕ ਦੇ ਆਸੇ-ਪਾਸੇ ਘੱਟੋ-ਘੱਟ ਤਿੰਨ-ਤਿੰਨ ਫੁੱਟ ਚੌੜਾ ਬਰਮ ਜ਼ਰੂਰ ਹੋਣਾ ਚਾਹੀਦਾ ਹੈ। ਪੁੱਛਣ 'ਤੇ ਉਨ੍ਹਾਂ ਕਿਹਾ ਕਿ ਬੇਗੋਵਾਲ ਤੋਂ ਭੁਲੱਥ ਰੋਡ 'ਤੇ ਬਰਮ ਦੀ ਜਗ੍ਹਾ ਘੱਟ ਹੈ ਪਰ ਮੈਂ ਫਿਰ ਵੀ ਪਾਵਰਕਾਮ ਅਧਿਕਾਰੀਆਂ ਨਾਲ ਗੱਲ ਕਰਾਂਗਾ ਕਿ ਬਿਜਲੀ ਦੇ ਖੰਭਿਆਂ ਨੂੰ ਜੇਕਰ ਬਰਮ ਵਿਚ ਹੀ ਲਗਾਇਆ ਜਾਣਾ ਹੈ ਤਾਂ ਇਨ੍ਹਾਂ ਨੂੰ ਸੜਕ ਤੋਂ ਬਰਮ ਦੀ ਥੋੜ੍ਹੀ ਜਗ੍ਹਾ ਛੱਡ ਕੇ ਹੀ ਲਗਾਇਆ ਜਾਵੇ।
ਰੇਲਵੇ ਲਾਈਨ ਕਾਰਨ ਕਿਸਾਨ ਦੇ ਖੇਤ ਦਾ ਰਸਤਾ ਬੰਦ, ਪਰਿਵਾਰ ਸਣੇ ਖੁਦਕੁਸ਼ੀ ਦੀ ਚਿਤਾਵਨੀ
NEXT STORY