ਜਲੰਧਰ (ਪਾਹਵਾ)— ਭਾਰਤੀ ਜਨਤਾ ਪਾਰਟੀ ਖ਼ੁਦ ਨੂੰ ਜ਼ਿਆਦਾ ਬਿਹਤਰ ਅਤੇ ਅਨੁਸ਼ਾਸਿਤ ਹੋਣ ਦਾ ਦਾਅਵਾ ਕਰਦੀ ਹੈ ਪਰ ਪਾਰਟੀ ਦੀ ਪੰਜਾਬ ਇਕਾਈ ਵਿਚ ਸਭ ਕੁਝ ਠੀਕ ਨਹੀਂ ਹੈ। ਪਾਰਟੀ 'ਚ ਇਕ ਗਰੁੱਪ ਆਪਣਾ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਕਾਰਨ ਪਾਰਟੀ ਦੀ ਹਾਲਤ ਖਸਤਾ ਤੋਂ ਹੋਰ ਖਸਤਾ ਹੁੰਦੀ ਜਾ ਰਹੀ ਹੈ।
ਅਜੇ ਵੀਰਵਾਰ ਨੂੰ ਪਾਰਟੀ ਦੇ ਸੂਬਾ ਪ੍ਰਧਾਨ ਨੇ ਸਾਰੇ 19 ਵਿਭਾਗਾਂ ਅਤੇ 10 ਪ੍ਰਾਜੈਕਟਾਂ ਦੇ ਮੁਖੀਆਂ ਅਤੇ ਉਨ੍ਹਾਂ ਦੀਆਂ ਟੀਮਾਂ ਦਾ ਐਲਾਨ ਕੀਤਾ ਹੈ ਪਰ ਇਸ ਨਾਲ ਨਵਾਂ ਵਿਵਾਦ ਪੈਦਾ ਹੋ ਗਿਆ ਹੈ। ਜਾਣਕਾਰੀ ਮਿਲੀ ਹੈ ਕਿ ਸੂਬਾ ਪ੍ਰਧਾਨ ਵੱਲੋਂ ਐਲਾਨੇ ਗਏ ਨੇਤਾਵਾਂ ਨੂੰ ਲੈ ਕੇ ਸੰਗਠਨ ਵਿਚ ਕੁਝ ਵੱਡੇ ਅਹੁਦੇਦਾਰ ਨਾਰਾਜ਼ ਹਨ ਅਤੇ ਉਨ੍ਹਾਂ ਨੇ ਆਪਣਾ ਇਤਰਾਜ਼ ਵੀ ਜ਼ਾਹਿਰ ਕੀਤਾ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਰੇ 19 ਵਿਭਾਗਾਂ ਅਤੇ 10 ਪ੍ਰਾਜੈਕਟਾਂ ਦੇ ਮੁਖੀ ਤੈਅ ਕਰਨ ਲਈ ਕੁਝ ਦਿਨ ਪਹਿਲਾਂ ਇਕ ਬੈਠਕ ਬੁਲਾਈ ਗਈ ਸੀ। ਬੈਠਕ ਵਿਚ ਸੂਬਾ ਪ੍ਰਧਾਨ ਦੇ ਇਲਾਵਾ ਸੂਬਾ ਸੰਗਠਨ ਮੰਤਰੀ ਦਿਨੇਸ਼ ਕੁਮਾਰ ਅਤੇ ਹੋਰ ਨੇਤਾ ਵੀ ਮੌਜੂਦ ਸਨ। ਸੰਗਠਨ ਮੰਤਰੀ ਨੇ ਖਾਸ ਤੌਰ 'ਤੇ ਕਿਹਾ ਕਿ ਹਰੇਕ ਵਿਭਾਗ ਅਤੇ ਪ੍ਰਾਜੈਕਟ ਵਿਚ ਇਕ ਵਿਅਕਤੀ ਨੂੰ ਇਕ ਹੀ ਜ਼ਿੰਮੇਵਾਰੀ ਦਿੱਤੀ ਜਾਵੇ, ਭਾਵ ਕਿਸੇ ਨੂੰ ਵੀ ਇਕ ਵਿਭਾਗ ਦੇ ਨਾਲ ਦੂਜਾ ਵਿਭਾਗ ਨਾ ਦਿੱਤਾ ਜਾਵੇ। ਨਾਲ ਹੀ ਕੁਝ ਨਾਵਾਂ ਨੂੰ ਲੈ ਕੇ ਵੀ ਇਤਰਾਜ਼ ਪ੍ਰਗਟਾਇਆ ਗਿਆ ਸੀ। ਇਸ ਤੋਂ ਬਾਅਦ ਇਹ ਬੈਠਕ ਖਤਮ ਹੋ ਗਈ।
ਵੀਰਵਾਰ ਨੂੰ ਜਦੋਂ ਇਹ ਸੂਚੀ ਜਾਰੀ ਕੀਤੀ ਗਈ ਤਾਂ ਉਸ ਵਿਚ ਸੰਗਠਨ ਮੰਤਰੀ ਦਿਨੇਸ਼ ਕੁਮਾਰ ਦੇ ਹੁਕਮਾਂ ਨੂੰ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਦਰਕਿਨਾਰ ਕਰ ਦਿੱਤਾ। ਜੋ ਸੂਚੀ ਜਾਰੀ ਕੀਤੀ ਗਈ ਹੈ ਉਸ 'ਚ ਕੁਝ ਨੇਤਾਵਾਂ ਨੂੰ ਵਿਭਾਗਾਂ ਅਤੇ ਪ੍ਰਾਜੈਕਟਾਂ ਵਿਚ ਜ਼ਿੰਮੇਵਾਰੀ ਦਿੰਦੇ ਹੋਏ ਰਿਪੀਟ ਕੀਤਾ ਗਿਆ ਹੈ।
ਇਹੋ ਨਹੀਂ, ਇਸ ਸੂਚੀ ਵਿਚ ਉਨ੍ਹਾਂ ਲੋਕਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ, ਜਿਨ੍ਹਾਂ ਨਾਵਾਂ 'ਤੇ ਸੰਗਠਨ ਮੰਤਰੀ ਨੇ ਇਤਰਾਜ਼ ਜ਼ਾਹਿਰ ਕੀਤਾ ਸੀ। ਉਨ੍ਹਾਂ ਨੇਤਾਵਾਂ ਨੂੰ ਨਾ ਸਿਰਫ ਸ਼ਾਮਿਲ ਕੀਤਾ ਗਿਆ, ਸਗੋਂ ਉਨ੍ਹਾਂ ਨੂੰ ਅਹਿਮ ਜ਼ਿੰਮੇਵਾਰੀਆਂ ਵੀ ਸੌਂਪੀਆਂ ਗਈਆਂ। ਜਿਸ ਨਾਲ ਇਸ ਗੱਲ ਬਾਰੇ ਪਤਾ ਲੱਗਦਾ ਹੈ ਕਿ ਸੂਬਾ ਸੰਗਠਨ ਵਿਚ ਸਭ ਕੁਝ ਠੀਕ ਨਹੀਂ ਹੈ।
ਜ਼ਬਰਦਸਤ ਵਿਰੋਧੀ ਧਿਰ ਦੀ ਭੂਮਿਕਾ ਨਹੀਂ ਨਿਭਾ ਸਕਿਆ ਅਕਾਲੀ ਦਲ
NEXT STORY